ਮਨਮੋਹਨ ਸਿੰਘ ਢਿਲੋਂ ਨੇ ਪੁਸਤਕ ਵਿੱਚ ਅਖਬਾਰਾਂ ਵਿੱਚ ਛਪੇ 22 ਲੇਖਾਂ ਨੂੰ ਸ਼ਾਮਲ ਕੀਤਾ ਹੈ। ਅਜਿਹੇ ਲੇਖ ਰਾਹ ਦਸੇਰਾ ਕਿਵੇ ਬਣਦੇ ਹਨ ਅਤੇ ਕਈ ਵਾਰ ਸਹਿਜ ਸੁਭਾ ਲਿਖੀ ਰਚਨਾ ਪਾਠਕ ਲਈ ਖ਼ਜ਼ਾਨਾ ਬਣ ਜਾਂਦੀ ਹੈ। ਛੋਟੀਆਂ ਰਚਨਾਵਾਂ ਵਾਲੀਆਂ ਕਿਤਾਬਾਂ ਵੱਡ ਅਕਾਰੀ ਦਸਤਾਵੇਜਾਂ ਨੂੰ ਜਨਮ ਦਿੰਦਿਆਂ ਹਨ। ਸ. ਨਵਤੇਜ ਸਿੰਘ ਦੀ ਇੱਕ ਛੋਟੀ ਜਿਹੀ ਕਹਾਣੀ ਬਾਰੇ ਡਾ. ਹਰਚੰਦ ਸਿੰਘ ਬੇਦੀ ਨੇ ਅਲੋਚਨਾ ਪੱਖ ਤੋਂ ਵੀਹ ਸਫ਼ੇ ਲਿਖ ਮਾਰੇ ਸਨ। ਢਿਲੋਂ ਕਹਿੰਦਾ ਹੈ ਕਿ ਮੇਰੇ ਅੰਦਰ ਮਿਡਲ ਲਿਖਣ ਦੀ ਚਿਣਗ ਪ੍ਰੋ. ਦਰਸ਼ਨ ਸਿੰਘ ਵਰਗੀ ਸ਼ਖ਼ਸ਼ੀਅਤ ਨੇ ਪੈਦਾ ਕੀਤੀ। ਉਸ ਵੱਲੋਂ ਲਿਖੇ ਗਏ ਨਿਬੰਧਾਂ ਦੇ ਸਿਰਲੇਖ ਰਚਨਾ ਨਾਲ ਢੁਕਵੇਂ ਮੇਲ ਖਾਂਦੇ ਅਤੇ ਦਿਲਚਸਪੀ ਪੈਦਾ ਕਰਦੇ ਹਨ, ਜਿਵੇਂ ਜ਼ਿੰਦਗੀ ਲੋਕਾਂ `ਚੋਂ ਹੀ ਲੱਭਦੀ ਹੈ, ਕੁਝ ਵਰਤਾਰਿਆਂ `ਚੋਂ ਉਭਰਦੇ ਸੁਆਲ, ਕਿਤਾਬਾਂ `ਚ ਗਿਆਨ ਹੁੰਦੈ, ਕਿਤਾਬ ਰੱਦੀ `ਚ ਵਿਕਣ ਦੀ ਸ਼ੈਅ ਨਹੀਂ, ਇਕ ਯਾਦ ਪੁਰਾਣੀ, ਜ਼ਿੰਦਗੀ ਦੀ ਇਕ ਖ਼ੁਸ਼ਗਵਾਰ ਯਾਦ, ਆਪਣਿਆਂ ਤੋਂ ਬਚੋ, ਇੰਜ ਮੋੜੇ ਤਾਂਤ੍ਰਿਕ ਨੇ ਪੈਸੇ, ਪੰਜਾਬੀ ਮੇਰੀ ਮਾਂ ਬੋਲੀ ਏ, ਰਮਾ ਭੈਣ ਜੀ ਕਿਹਾ ਕਰਦੇ ਸਨ, ਬੀਤੇ ਦੀਆਂ ਪੈੜਾਂ ਨਾਪਦਿਆਂ, ਗੁਰਬਖ਼ਸ਼ ਸਿੰਘ ਡਕੌਂਦਾ ਕਿਹਾ ਕਰਦੇ ਸਨ, ਪੰਚਾਇਤੀ ਰੇਡੀਓ, ਇੰਜ ਹੁੰਦੀ ਹੈ ਬੇਕਦਰੀ ਕਿਤਾਬਾਂ ਦੀ, ਨੋ ਮੈਨਜ਼ ਲੈਂਡ `ਤੇ ਅਨੋਖਾ ਮੁਸ਼ਾਇਰਾ, ਜਦੋਂ ਥਾਣੇਦਾਰ ਨੇ ਕੀਤੀ ਤੌਬਾ, ਜੇ ਉਹ ਆਪਣੀ ਰੋਟੀ ਖਾਂਦੈ, ਅਗਲਾ ਸਫ਼ਰ ਮੈਂ ਆਪ ਤੈਅ ਕਰਾਂਗਾ, ਪੰਜਾਬੀ ਬੋਲਣੀ ਮਨ੍ਹਾਂ ਹੈ, ਜਿੱਥੇ ਸ਼ੁੱਧ ਹਵਾ ਵਿਕਦੀ ਹੈ, ਡਿਠੇ ਸਭੈ ਥਾਵ ਨਹੀ ਤੁਧੁ ਜੇਹਿਆ, ਜਬ ਕੋਈ ਬੜਾ ਦਰੱਖ਼ਤ ਗਿਰਤਾ ਹੈ, ਦਰਜ ਕੀਤੇ ਹਨ। ਸ. ਮਨਮੋਹਨ ਸਿੰਘ ਢਿਲੋਂ ਨੇ ਸਾਰੀ ਉਮਰ ਪੱਤਰਕਾਰੀ ਕੀਤੀ ਹੈ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਪ੍ਰੈਸ ਤੇ ਪੱਤਰਕਾਰੀ ਵਿਭਾਗ ਨਾਲ ਸਬੰਧਤ ਰਿਹਾ ਹੈ।
ਅਖ਼ਬਾਰ ਦੇ ਸੰਪਾਦਕੀ ਪੰਨੇ ਵਿਚਾਲੇ ਛਪਦੇ ਛੋਟੇ ਲੇਖਾਂ ਨੂੰ ਮਿਡਲ ਦਾ ਨਾਂ ਦਿੱਤਾ ਗਿਆ ਹੈ, ਉਹ ਅਖ਼ਬਾਰਾਂ ‘ਚ ਛਪਦੇ ਅਜਿਹੇ ਲੇਖਾਂ ਨੂੰ ਲੰਮੇ ਸਮੇਂ ਤੋਂ ਨਿਰੰਤਰ ਪੜ੍ਹਦਾ ਆ ਰਿਹਾ ਹੈ। ਛੋਟੀ ਜਿਹੀ ਘਟਨਾ ਜਾਂ ਮੁੱਦੇ ਨੂੰ ਲੈ ਕੇ ਲਿਖਿਆ ਜਾਂਦਾ ਇਹ ਮਿਡਲ ਪ੍ਰਭਾਵ ਵੀ ਪਾਉਂਦਾ ਹੈ ਤੇ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਤੇ ਸੇਧ ਵੀ ਦਿੰਦਾ ਹੈ। ਇਸ ਬਾਰੇ ਇਕ ਦਿਨ ਲੇਖਕ ਨੂੰ ਖ਼ਿਆਲ ਆਇਆ ਕਿ ਉਸ ਕੋਲ ਵੀ ਅਜਿਹੇ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ `ਤੇ ਮਿਡਲ ਲਿਖੇ ਜਾ ਸਕਦੇ ਹਨ।
ਕਿਸੇ ਮਸਲੇ `ਤੇ ਗੱਲ ਸਮਝਾਉਂਦਿਆਂ ਉਸ ਦੇ ਉੱਚ ਅਧਿਕਾਰੀ ਨੇ ਉਸ ਨੂੰ ਇਹ ਗੱਲ ਆਖੀ ਸੀ ਕਿ "ਜੋ ਕੁਝ ਤੁਸੀਂ ਕਰ ਰਹੇ ਹੋ ਸ਼ੌਕ ਵਜੋਂ ਕਰ ਰਹੇ ਹੋ, ਉਹ ਤੁਹਾਡੇ ਕਿਸੇ ਨੇੜਲੇ ਸਾਥੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਉਸ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ।" "ਮੈਂ ਤੁਹਾਨੂੰ ਮਸ਼ਵਰਾਂ ਦਿੰਦਾ ਸੁਚੇਤ ਕਰਨਾ ਚਾਹੁੰਦਾ ਹਾਂ ਕਿ "ਆਪਣਿਆਂ ਤੋਂ ਬਚੋ"। "ਆਪਣਿਆਂ ਤੋਂ ਬਚੋ" ਮੁੱਦੇ ਨੂੰ ਲੈ ਕੇ ਮਿਡਲ ਲਿਖਿਆ ਗਿਆ ਸੀ। ਅਖ਼ਬਾਰ ਵਿਚ ਛਪੇ ਇਸ ਮਿਡਲ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਦੂਜਾ ਮਿਡਲ ਉਸ ਦਾ "ਇੰਜ ਮੋੜੇ ਤਾਂਤ੍ਰਿਕ ਨੇ ਪੈਸੇ" ਛਪਿਆ ਤਾਂ ਤਰਕਸ਼ੀਲ ਸੁਸਾਇਟੀ ਨਾਲ ਜੁੜੇ ਤਰਕਸ਼ੀਲਾਂ ਨੇ ਬਹੁਤ ਸਲਾਹਿਆ ਅਤੇ ਅੱਗੋਂ ਵੀ ਅਜਿਹੇ ਮਿਡਲ ਲਿਖਣ ਲਈ ਸਲਾਹ ਦਿਤੀ।
ਇਕ ਹੋਰ ਮਿਡਲ "ਰਮਾ ਭੈਣ ਜੀ ਕਿਹਾ ਕਰਦੇ ਸਨ" ਛਪਿਆ ਸੀ । ਇਸ ਲੇਖ ਦੇ ਛਪਣ `ਤੇ ਵੀ ਪਾਠਕਾਂ ਨੇ ਲੇਖਕ ਦੀ ਹੌਸਲਾ ਹਫਜ਼ਾਈ ਕੀਤੀ। ਜੇ ਕਿਸੇ ਦੇ ਔਲਾਦ ਨਹੀਂ ਹੁੰਦੀ ਤਾਂ ਕਿਸੇ ਦਾ ਮੁੰਡਾ ਗੋਦ ਲੈਣ ਦੀ ਬਜਾਇ, ਕਿਸੇ ਕੁੜੀ ਨੂੰ ਹੀ ਗੋਦ ਲੈ ਲੈਣਾ ਚਾਹੀਦਾ ਹੈ। ਇਸ ਰਚਨਾ ਵਿੱਚ ਗੋਦ ਲਿਆ ਮੰੁਡਾ ਗਲਤ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦਾ ਆਦੀ ਬਣਦਾ ਹੈ, ਉਸ ਸਭ ਕੁਝ ਵਿਕ ਜਾਂਦਾ ਹੈ ਅੰਤ ਉਹ ਮਰ ਜਾਂਦਾ ਹੈ। ਪਰ ਗੋਦ ਲੈਣ ਵਾਲੇ ਸਹਾਰਾ ਕੇਂਦਰਾਂ ‘ਚ ਰੁਲਦੇ ਫਿਰਦੇ ਹਨ। ਉਨ੍ਹਾਂ ਦੀ ਦੇਖਭਾਲ ਵਾਲਾ ਕੋਈ ਨਹੀਂ। ਸਮਾਜਿਕ ਉਦੇੜ ਖਦੇੜ ਨੂੰ ਬਾਖੂਬੀ ਬਿਆਨ ਕਰਦੀ ਇਹ ਰਚਨਾ ਹੈ।
"ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਦੀ ਥਾਂ ਹਿੰਦੀ ਬੋਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ, ਇਹ ਸਥਿਤੀ ਅੱਜ ਵੀ ਉਸੇ ਤਰ੍ਹਾਂ ਹੈ। ਅਧਿਆਪਕਾ ਨੇ ਮੈਨੂੰ ਸੱਦਿਆ ਸੀ ਕਿ ਤੁਹਾਡਾ ਬੇਟਾ ਸਕੂਲ ਵਿਚ ਪੰਜਾਬੀ ਬੋਲਦਾ ਹੈ, ਜਦੋਂਕਿ ਪੰਜਾਬੀ ਬੋਲਣ `ਤੇ ਪਾਬੰਦੀ ਹੈ, ਇਸ ਲਈ ਬੱਚੇ ਨੂੰ ਸਮਝਾਉ ਕਿ ਸਕੂਲ ਵਿਚ ਹਿੰਦੀ ਹੀ ਬੋਲੇ। ਲੇਖਕ ਨੇ ਇਸ ਦਾ ਵਿਰੋਧ ਕੀਤਾ ਅਤੇ ਸ਼ਿਕਾਇਤ ਕਰਨ ਬਾਰੇ ਆਖਿਆ ਤਾਂ ਉਨ੍ਹਾਂ ਬੇਟੇ ਨੂੰ ਦੁਬਾਰਾ ਹਿੰਦੀ ਬੋਲਣ ਲਈ ਮਜਬੂਰ ਨਹੀਂ ਸੀ ਕੀਤਾ ਅਤੇ ਸਕੂਲ ਵਿੱਚ ਮੇਰੇ ਬੱਚੇ ਦੇ ਦੋਸਤ ਵੀ ਪੰਜਾਬੀ ਬੋਲਦੇ ਰਹੇ ਸਨ।
ਇਥੇ ਕੇਵਲ ਚਾਰ ਕੁ ਮਿਡਲਾਂ ਬਾਰੇ ਜ਼ਿਕਰ ਕੀਤਾ ਹੈ, ਕਿਉਂਕਿ ਇਥੇ ਸਾਰਿਆਂ ਬਾਰੇ ਲਿਖਣਾ ਸੰਭਵ ਨਹੀਂ ਹੈ।"ਜ਼ਿੰਦਗੀ ਲੋਕਾਂ `ਚੋਂ ਹੀ ਲੱਭਦੀ ਹੈ..." ਇਹ ਸੱਚ ਹੈ ਕਿ ਲੋਕਾਂ ਵਿਚ ਵਿਚਰ ਕੇ ਹੀ ਜ਼ਿੰਦਗੀ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ।
ਸ. ਮਨਮੋਹਨ ਸਿੰਘ ਢਿਲੋਂ ਦੇ ਇਨ੍ਹਾਂ ਲੇਖਾਂ ਵਿੱਚ ਤਾਜ਼ਗੀ ਅਤੇ ਸਮਾਜ ਦੀਆਂ ਵੱਖ-ਵੱਖ ਪਰਤਾਂ ਦਾ ਰਹੱਸ ਦਰਜ਼ ਹੈ। ਬਹੁਤ ਹੀ ਦਿਲਚਸਪ ਅਤੇ ਸੇਧ ਦੇਣ ਵਾਲੇ ਇਨ੍ਹਾਂ ਲੇਖਾਂ ਵਿੱਚ ਘਟਨਾਵਾਂ ਸੱਚ ਦੇ ਵਰਤਾਰੇ ਨੂੰ ਇੱਕ ਹਕੀਕਤ ਬਿਰਤਾਂਤ ਵਿੱਚ ਤਬਦੀਲ ਕਰ ਦਿੰਦੀਆਂ ਹਨ। ਇਸ ਕਿਤਾਬ ਨੂੰ ਡੀ.ਪੀ ਪਬਲਿਸ਼ਰਜ਼ ਐਂਡ ਮੀਡੀਆ ਹਾਊਸ ਨੇ ਪ੍ਰਕਾਸ਼ਤ ਕੀਤਾ ਇਸ ਦੀ ਕੀਮਤ 200 ਰੁ/- ਅਤੇ 80 ਪੰਨੇ ਹਨ। ਇਹ ਉਸ ਦੀ ਕਿਤਾਬ ਹੈ, ਉਸ ਦੇ ਪਾਠਕ ਜਨ ਦਾ ਘੇਰਾ ਦਿਨੋ ਦਿਨ ਵਿਸ਼ਾਲ ਹੋ ਰਿਹਾ ਹੈ। ਮੈਂ ਲੇਖਕ ਨੂੰ ਬਹੁਤ ਮੁਬਾਰਕਬਾਦ ਦੇਂਦਾ ਹਾਂ ਅਤੇ ਪੁਸਤਕ ਨੂੰ ਜੀ ਆਇਆਂ ਕਹਿੰਦਾ ਹਾਂ।
-(2).jpg)
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
*****
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.