ਸਿਹਤ, ਅਨੁਸ਼ਾਸਨ ਅਤੇ ਸਕਾਰਾਤਮਕ ਜੀਵਨ ਸ਼ੈਲੀ ਨੂੰ ਸਮਰਪਿਤ ਰਿਹਾ ਨਿਰੰਕਾਰੀ ਮਿਸ਼ਨ ਦਾ ਯੋਗ ਦਿਵਸ
ਅਸ਼ੋਕ ਵਰਮਾ
ਬਠਿੰਡਾ, 21 ਜੂਨ, 2026 : ਸੰਤ ਨਿਰੰਕਾਰੀ ਮਿਸ਼ਨ ਦੇ ਪੈਰੋਕਾਰਾਂ ਵੱਲੋਂ ਕੌਮਾਂਤਰੀ ਯੋਗ ਦਿਵਸ ਮੌਕੇ ਵੱਖ-ਵੱਖ ਬਰਾਂਚਾਂ ਵਿੱਚ ਯੋਗ ਅਤੇ ਅਧਿਆਤਮਕਤਾ ਸਬੰਧੀ ਪ੍ਰੋਗਰਾਮ ਕਰਵਾਏ ਗਏ।
ਇਸ ਸਬੰਧੀ ਬਠਿੰਡਾ ਜੋਨ ਦੇ ਜੋਨਲ ਇੰਚਾਰਜ ਸ੍ਰੀ ਐਸ ਪੀ ਦੱਗਲ ਅਤੇ ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਬਠਿੰਡਾ ਦੇ ਸੰਯੋਜਕ ਸ਼੍ਰੀ ਆਦਰਸ਼ ਮੋਹਨ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਖਾ ਬਠਿੰਡਾ ਦੇ ਵਲੰਟੀਅਰਾਂ ਨੇ ਐਮ ਐਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ। ਇਸ ਪਰੋਗਰਾਮ ਵਿੱਚ ਸ਼ਰਧਾਲੂ ਭਗਤਾਂ, ਸੇਵਾਦਲ, ਵਲੰਟੀਅਰਾਂ ਅਤੇ ਸਥਾਨਕ ਨਾਗਰਿਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਤਜਰਬੇਕਾਰ ਟਰੇਨਰ ਬਲਤੇਜ ਕੋਮਲ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਯੋਗਾ ਸੈਸ਼ਨ ਦੌਰਾਨ ਭਾਗੀਦਾਰਾਂ ਨੇ ਯੋਗਾ ਦਾ ਅਭਿਆਸ ਕੀਤਾ ਅਤੇ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਦਾ ਪ੍ਰਣ ਲਿਆ
ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ''ਸਿਹਤਮੰਦ ਉਮਰ ਲਈ ਯੋਗ'' ਸੀ, ਜੋ ਇਹ ਸੰਦੇਸ਼ ਦਿੰਦਾ ਹੈ ਕਿ ਚੰਗੀ ਸਿਹਤ, ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸੰਤੁਲਨ ਦਾ ਇੱਕ ਸੁਮੇਲ ਹੈ। ਇਸ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਤ ਨਿਰੰਕਾਰੀ ਮਿਸ਼ਨ ਨੇ ਯੋਗ ਨੂੰ ਸਵੈ-ਜਾਗਰਣ, ਅਨੁਸ਼ਾਸਨ ਅਤੇ ਜੀਵਨ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉਜਾਗਰ ਕਰਕੇ ਜਨਤਕ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ।
ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਤਿਕਾਰਯੋਗ ਸਕੱਤਰ, ਸ਼੍ਰੀ ਜੋਗਿੰਦਰ ਸੁਖੀਜਾ ਅਨੁਸਾਰ ਮਿਸ਼ਨ ਦੁਆਰਾ ਦੇਸ਼ ਭਰ ਦੇ 1,500 ਤੋਂ ਵੱਧ ਕੇਂਦਰਾਂ 'ਤੇ ਸਮੂਹਿਕ ਯੋਗ ਪ੍ਰੋਗਰਾਮ ਕਰਵਾਏ ਜਿਨ੍ਹਾਂ ਦਾ ਉਦੇਸ਼ ਸਿਹਤ, ਮਾਨਸਿਕ ਸੰਤੁਲਨ ਅਤੇ ਅਧਿਆਤਮਿਕ ਚੇਤਨਾ ਨੂੰ ਉਤਸ਼ਾਹਿਤ ਕਰਨਾ ਸੀ।
- Download Babushahi App
-
-