ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਉੱਤਰਾਖੰਡ ਵਿਚ ਸਿੱਖ ਸ਼ਰਧਾਲੂਆਂ ’ਤੇ ਹਮਲੇ ਦੇ ਮਾਮਲੇ ਵਿਚ ਉਚ ਪੱਧਰੀ ਵਫਦ ਭੇਜਣ ਦਾ ਫੈਸਲਾ
ਸਿੱਖ ਸ਼ਰਧਾਲੂਆਂ ’ਤੇ ਹਮਲੇ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ: ਕਾਲਕਾ, ਕਾਹਲੋਂ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 19 ਜੂਨ, 2026: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰਾਖੰਡ ਵਿਚ ਸਿੱਖ ਸ਼ਰਧਾਲੂਆਂ ’ਤੇ ਹੋਏ ਹਮਲੇ ਨੂੰ ਵੇਖਦਿਆਂ ਉੱਚ ਪੱਧਰੀ ਵਫਦ ਉਥੇ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਅਸੀਂ ਸਥਾਨਕ ਸਰਕਾਰ ਤੇ ਪ੍ਰਸ਼ਾਸਨ ਕੋਲ ਇਹ ਮਾਮਲਾ ਚੁੱਕ ਕੇ ਇਸਦਾ ਤਰਕਸੰਗਤ ਨਿਪਟਾਰਾ ਕਰਵਾ ਸਕੀਏ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਅੱਜ ਤੋਂ ਦੋ ਦਿਨ ਪਹਿਲਾਂ ਜਿਸ ਤਰੀਕੇ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਪ੍ਰਯਾਗਰਾਜ ਵਿਖੇ ਟਕਰਾਅ ਹੋਇਆ, ਉਸ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾ ਕੇ ਰੱਖੇ ਕਿਉਂਕਿ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਸ੍ਰੀ ਹੇਮੁਕੰਟ ਸਾਹਿਬ ਦੀ ਯਾਤਰਾ ਵਿਚ ਜਾਂਦੇ ਹਨ।
ਉਹਨਾਂ ਕਿਹਾ ਕਿ ਸਿੱਖ ਨੌਜਵਾਨ ਜਿਹਨਾਂ ਵਿਚ ਮਨਪ੍ਰੀਤ ਸਿੰਘ, ਜਸਨਪ੍ਰੀਤ ਸਿੰਘ, ਅਜੈ ਸਿੰਘ ਤੇ ਸਤਵਿੰਦਰ ਸਿੰਘ ਜੋ 21 ਤੋਂ 23 ਸਾਲ ਦੇ ਉਮਰ ਦੇ ਹਨ ਜਿਹਨਾਂ ਨੇ ਸਵੈ ਰੱਖਿਆ ਵਾਸਤੇ ਕ੍ਰਿਪਾਨਾਂ ਚਲਾਈਆਂ ਪਰ ਉਥੇ ਦੀ ਪੁਲਿਸ ਨੇ ਜੋ ਰਵੱਈਆ ਵਿਖਾਇਆ, ਦੁਨੀਆਂ ਵਿਚ ਉਸਦਾ ਗਲਤ ਸੁਨੇਹਾ ਗਿਆ ਜਿਸਦੀ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਖ਼ਤ ਨਿਖੇਧੀ ਕਰਦੇ ਹਾਂ।
ਉਹਨਾਂ ਕਿਹਾ ਕਿ ਅਸੀਂ ਜਲਦੀ ਹੀ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਵਫਦ ਵੀ ਭੇਜ ਰਹੇ ਹਾਂ। ਉਹਨਾਂ ਕਿਹਾ ਕਿ ਸਥਾਨਕ ਸਰਕਾਰ ਜਾਂ ਪ੍ਰਸ਼ਾਸਨ ਇਕ ਅਜਿਹਾ ਮਾਹੌਲ ਪੈਦਾ ਕਰ ਰਹੇ ਹਨ ਜਿਸ ਕਾਰਨ ਸਿੱਖਾਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਸਾਡਾ ਉੱਚ ਪੱਧਰੀ ਵਫਦ ਅਸੀਂ ਭੇਜ ਰਹੇ ਹਾਂ ਜੋ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਰਾਜਪਾਲ ਨੂੰ ਮਿਲੇਗਾ ਅਤੇ ਇਸ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰੇਗਾ।
ਉਹਨਾਂ ਕਿਹਾ ਕਿ ਹਰ ਯਾਤਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਜਿਸਦੀ ਜ਼ਿੰਮੇਵਾਰੀ ਸਥਾਨਕ ਸਰਕਾਰ ਤੇ ਸਥਾਨਕ ਪ੍ਰ਼ਸ਼ਾਸਨ ਦੀ ਬਣਦੀ ਹੈ ਕਿਉਂਕਿ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਹਰ ਸਾਲ ਉਥੇ ਜਾਂਦੇ ਹਨ।
ਉਹਨਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।
ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪੁਲਿਸ ਦੀ ਭੂਮਿਕਾ ਨਜ਼ਰ ਆ ਰਹੀ ਹੈ ਤੇ ਨੌਜਵਾਨਾਂ ’ਤੇ ਤਸ਼ੱਦਦ ਢਾਹਿਆ ਗਿਆ ਹੈ, ਉਸਦੀ ਜਾਂਚ ਹੋਣੀ ਚਾਹੀਦੀ ਹੈ ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਗੁਰੂ ਘਰ ਦੀਆਂ ਯਾਤਰਾਵਾਂ ਹਨ ਜੋ ਕਿਸੇ ਦੇ ਕਹਿਣ ’ਤੇ ਨਹੀਂ ਰੁਕ ਸਕਦੀਆਂ।
ਉਹਨਾਂ ਕਿਹਾ ਕਿ ਘੋੜੇ ਤੇ ਖੱਚਰਾਂ ਵਾਲਿਆਂ ਸਮੇਤ ਬਹੁਤ ਵੱਡੀ ਗਿਣਤੀ ਵਿਚ ਵਪਾਰੀ ਇਹਨਾਂ ਯਾਤਰਾਵਾਂ ਤੋਂ ਹਰ ਸਾਲ ਕਮਾਈ ਹਾਸਲ ਕਰਦੇ ਹਨ। ਉਹਨਾਂ ਕਿਹਾ ਕਿ ਕ੍ਰਿਪਾਨ ਬਾਰੇ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ, ਉਹ ਵੀ ਬਹੁਤ ਗਲਤ ਹੈ। ਉਹਨਾਂ ਕਿਹਾ ਕਿ ਗਲਤ ਬਿਆਨਬਾਜ਼ੀ ਤੋਂ ਵੀ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਤਹਿਤ ਸਿੱਖ ਭਾਈਚਾਰੇ ਨੂੰ ਆਪਣੇ ਧਰਮ ਦੇ ਮੁਤਾਬਕ ਪੰਜ ਕੱਕਾਰ ਧਾਰਨ ਕਰਨ ਦੀ ਖੁੱਲ੍ਹ ਹੈ ਤੇ ਅਸੀਂ ਇਹ ਕੱਕਾਰ ਧਾਰਨ ਕਰਦੇ ਹਾਂ ਜਿਸ ’ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਕੁੜਤਣ ਭਰਿਆ ਮਾਹੌਲ ਨਾ ਪੈਦਾ ਹੋਣਾ ਚਾਹੀਦਾ ਹੈ ਤੇ ਨਾ ਹੀ ਚਲਣਾ ਚਾਹੀਦਾ ਹੈ।
- Download Babushahi App
-
-