ਲੱਖਾਂ ਰੁਪਏ ਨਾਲ ਬਣੀ Mini Leisure Valley ਬਦਹਾਲੀ ਦਾ ਸ਼ਿਕਾਰ, ਲੋਕਾਂ ਨੇ ਉਠਾਏ ਜਵਾਬਦੇਹੀ ਦੇ ਸਵਾਲ
---ਪੱਖੋਵਾਲ ਰੋਡ ਤੋਂ ਦੁਗਰੀ ਪੁਲ ਤੱਕ ਬਣੀ ਸੁੰਦਰ ਸੈਰਗਾਹ ਅੱਜ ਖੰਡਰ ਬਣਨ ਦੇ ਕਿਨਾਰੇ, ਨੰਗੀਆਂ ਤਾਰਾਂ ਅਤੇ ਟੁੱਟੀਆਂ ਲਾਈਟਾਂ ਬਣੀਆਂ ਖਤਰਾ
ਸੁਖਮਿੰਦਰ ਭੰਗੂ
ਲੁਧਿਆਣਾ, 21 ਜੂਨ 2026
ਸ਼ਹਿਰ ਦੇ ਨਿਵਾਸੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿਊਨਿਸਿਪਲ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਪੱਖੋਵਾਲ ਰੋਡ ਸਥਿਤ ਆਰ.ਓ.ਬੀ. ਤੋਂ ਸ਼ੁਰੂ ਹੋ ਕੇ ਸਿੱਧਵਾਂ ਨਹਿਰ ਦੇ ਨਾਲ-ਨਾਲ ਮਾਡਲ ਟਾਊਨ ਐਕਸਟੈਂਸ਼ਨ ਰਾਹੀਂ ਦੁਗਰੀ ਪੁਲ ਤੱਕ ਵਿਕਸਤ ਕੀਤੀ ਗਈ Mini Leisure Valley ਅੱਜ ਆਪਣੀ ਹੀ ਬਦਹਾਲੀ 'ਤੇ ਹੰਝੂ ਵਹਾ ਰਹੀ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਸੈਰਗਾਹ ਹੁਣ ਪ੍ਰਸ਼ਾਸਨਿਕ ਅਣਗਹਿਲੀ ਅਤੇ ਵਿਕਾਸ ਕਾਰਜਾਂ ਦੀ ਭੇਟ ਚੜ੍ਹਦੀ ਨਜ਼ਰ ਆ ਰਹੀ ਹੈ।
ਇਸ ਪ੍ਰੋਜੈਕਟ ਤਹਿਤ ਬਾਊਂਡਰੀ ਵਾਲ, ਸੁੰਦਰ ਰੰਗ-ਰੋਗਨ, ਆਧੁਨਿਕ ਲਾਈਟਿੰਗ ਅਤੇ ਹਰਿਆਲੀ ਨਾਲ ਇੱਕ ਆਕਰਸ਼ਕ ਵਾਤਾਵਰਣ ਤਿਆਰ ਕੀਤਾ ਗਿਆ ਸੀ, ਜਿੱਥੇ ਹਰ ਰੋਜ਼ ਸੈਂਕੜੇ ਲੋਕ ਸੈਰ, ਕਸਰਤ ਅਤੇ ਮਨੋਰੰਜਨ ਲਈ ਆਉਂਦੇ ਸਨ। ਪਰ ਹੁਣ ਹਾਲਾਤ ਇਹ ਹਨ ਕਿ ਇਸ ਸਥਾਨ ਦੀ ਪਛਾਣ ਹੀ ਬਦਲ ਚੁੱਕੀ ਹੈ।
ਸੋਸ਼ਲ ਐਕਟਿਵਿਸਟ ਅਰਵਿੰਦ ਸ਼ਰਮਾ ਨੇ ਦੱਸਿਆ ਕਿ 24×7 ਵਾਟਰ ਸਪਲਾਈ ਪ੍ਰੋਜੈਕਟ ਦੌਰਾਨ ਕੀਤੇ ਗਏ ਖੁਦਾਈ ਅਤੇ ਨਿਰਮਾਣ ਕਾਰਜਾਂ ਕਾਰਨ Mini Leisure Valley ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਸੜਕ ਕਿਨਾਰੇ ਰੇਹੜੀਆਂ ਅਤੇ ਫੜੀਆਂ ਲਗਾਉਣ ਵਾਲਿਆਂ ਵੱਲੋਂ ਵੀ ਬਾਊਂਡਰੀ ਵਾਲ ਨੂੰ ਨੁਕਸਾਨ ਪਹੁੰਚਾ ਕੇ ਇਸ ਜਗ੍ਹਾ ਦੀ ਬੇਤਰਤੀਬ ਵਰਤੋਂ ਕੀਤੀ ਜਾ ਰਹੀ ਹੈ।
ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਕਈ ਥਾਵਾਂ 'ਤੇ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਟੁੱਟੇ ਹੋਏ ਰਸਤੇ, ਖਰਾਬ ਹੋਈ ਹਰਿਆਲੀ, ਟੁੱਟੀਆਂ ਅਤੇ ਗਾਇਬ ਲਾਈਟਾਂ ਦੇ ਨਾਲ-ਨਾਲ ਖੁੱਲ੍ਹੀਆਂ ਅਤੇ ਨੰਗੀਆਂ ਬਿਜਲੀ ਦੀਆਂ ਤਾਰਾਂ ਲੋਕਾਂ ਦੀ ਸੁਰੱਖਿਆ ਲਈ ਵੀ ਵੱਡਾ ਖਤਰਾ ਬਣ ਰਹੀਆਂ ਹਨ। ਸ਼ਾਮ ਦੇ ਸਮੇਂ ਇੱਥੇ ਹਨੇਰਾ ਛਾ ਜਾਂਦਾ ਹੈ, ਜਿਸ ਕਾਰਨ ਲੋਕਾਂ ਨੇ ਇਸ ਸਥਾਨ 'ਤੇ ਆਉਣਾ ਲਗਭਗ ਬੰਦ ਕਰ ਦਿੱਤਾ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਟੈਕਸ ਦੇ ਲੱਖਾਂ ਰੁਪਏ ਨਾਲ ਤਿਆਰ ਕੀਤੀ ਗਈ ਇਸ ਮਹੱਤਵਪੂਰਨ ਜਨਤਕ ਸੰਪਤੀ ਦੀ ਅਜਿਹੀ ਦੁਰਦਸ਼ਾ ਚਿੰਤਾਜਨਕ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਿਊਨਿਸਿਪਲ ਕਾਰਪੋਰੇਸ਼ਨ ਲੁਧਿਆਣਾ ਅਤੇ ਸੰਬੰਧਿਤ ਵਿਭਾਗ ਤੁਰੰਤ ਮਾਮਲੇ ਦਾ ਨੋਟਿਸ ਲੈਣ, 24×7 ਵਾਟਰ ਸਪਲਾਈ ਪ੍ਰੋਜੈਕਟ ਨਾਲ ਜੁੜੀ ਏਜੰਸੀ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ Mini Leisure Valley ਦੀ ਮੁੜ ਮੁਰੰਮਤ ਅਤੇ ਸੁੰਦਰਤਾ ਬਹਾਲ ਕਰਨ ਲਈ ਢੁੱਕਵੇਂ ਕਦਮ ਚੁੱਕਣ।
ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਹ ਪ੍ਰੋਜੈਕਟ, ਜੋ ਕਦੇ ਸ਼ਹਿਰ ਦੀ ਸ਼ਾਨ ਮੰਨਿਆ ਜਾਂਦਾ ਸੀ, ਪੂਰੀ ਤਰ੍ਹਾਂ ਖੰਡਰ ਵਿੱਚ ਤਬਦੀਲ ਹੋ ਸਕਦਾ ਹੈ। Mini Leisure Valley ਨੂੰ ਮੁੜ ਪਹਿਲਾਂ ਵਾਂਗ ਸੁੰਦਰ, ਸੁਰੱਖਿਅਤ ਅਤੇ ਲੋਕ-ਹਿਤੈਸ਼ੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।ਇਸ ਸਬੰਧੀ ਜਦੋਂ ਬਾਗਬਾਨੀ ਵਿਭਾਗ ਦੇ ਅਧਿਕਾਰੀ ਕਿਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਵਰਡ ਬੈਂਕ ਦਾ ਪ੍ਰੋਜੈਕਟ ਹੈ ਤੇ ਅਸੀਂ ਇਸ ਦੀ ਕੰਪਲੇਂਟ ਨਗਰ ਨਿਗਮ ਦੇ ਕਮਿਸ਼ਨਰ ਨੂੰ ਕਰ ਦਿੱਤੀ ਹੈ ਤੇ ਉਹੀ ਇਸਦਾ ਸੁੰਦਰੀਕਰਨ ਕਰਵਾਉਣਗੇ। ਹੁਣ ਦੇਖਦੇ ਹਾਂ ਇਸ ਕੰਪਲੇਂਟ ਦਾ ਨਵ ਨਿਯੁਕਤ ਕਮਿਸ਼ਨਰ ਕਿੰਨੀ ਦੇਰ ਵਿੱਚ ਧਿਆਨ ਦੇਣਗੇ ਅਤੇ ਇਸ ਨੂੰ ਠੀਕ ਕਰਵਾਉਣਗੇ।
- Download Babushahi App
-
-