ਉਤਰਾਖੰਡ ਵਿਚ ਸਥਾਨਕ ਲੋਕਾਂ ਵਲੋਂ ਨਿਹੰਗ ਸਿੰਘਾਂ ਨਾਲ ਝਗੜੇ ਤੋਂ ਬਾਅਦ ਪੁਲਿਸ ਦੀ ਇਕਪਾਸੜ ਕਾਰਵਾਈ ਅਸਹਿਣਯੋਗ- ਬਾਬਾ ਬਲਬੀਰ ਸਿੰਘ
ਉੱਤਰਾਖੰਡ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰਾਲਾ ਨਿਰਪੱਖ ਜਾਂਚ ਕਰਕੇ ਨਿਹੰਗ ਸਿੰਘਾਂ ਨੂੰ ਰਿਹਾਅ ਕਰੇ ਅਤੇ ਨਿਹੰਗ ਸਿੰਘਾਂ ‘ਤੇ ਹਮਲੇ ਦੀ ਪਹਿਲ ਕਰਨ ਵਾਲੇ ਅਤੇ ਬਾਣੇ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਹੋਵੇ*
ਅੰਮ੍ਰਿਤਸਰ, 20 ਜੂਨ 2026 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਉੱਤਰਾਖੰਡ ਦੇ ਕਰਨਪ੍ਰਯਾਗ ਵਿਖੇ ਨਿਹੰਗ ਸਿੰਘਾਂ ਨਾਲ ਸਥਾਨਕ ਲੋਕਾਂ ਵਲੋਂ ਝਗੜਾ ਕਰਨ ਤੋਂ ਬਾਅਦ ਪੁਲਿਸ ਵੱਲੋਂ ਨਿਹੰਗ ਸਿੰਘਾਂ ਵਿਰੁੱਧ ਕੀਤੀ ਗਈ ਇਕਪਾਸੜ ਕਾਰਵਾਈ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਇਕ ਬਿਆਨ ਜਾਰੀ ਕਰਦਿਆਂ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਨਿਹੰਗ ਸਿੰਘਾਂ ਵੱਲੋਂ ਦੁਮਾਲਾ ਸਜਾਉਣਾ ਅਤੇ ਸ਼ਸਤਰ ਧਾਰਨ ਕਰਨਾ ਸਿੱਖ ਪਰੰਪਰਾ ਅਤੇ ਮਰਿਆਦਾ ਦਾ ਅਟੁੱਟ ਅੰਗ ਹੈ, ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੀ ਸ਼ਸਤਰਾਂ ਦੀ ਬਦੌਲਤ ਨਿਹੰਗ ਸਿੰਘਾਂ ਨੇ ਮੁਗਲ ਅਤੇ ਅੰਗਰੇਜ਼ ਹਕੂਮਤਾਂ ਦੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸਮੇਂ-ਸਮੇਂ ਹਿੰਦੋਸਤਾਨੀ ਬਹੂ-ਬੇਟੀਆਂ ਦੀਆਂ ਇੱਜ਼ਤਾਂ ਨੂੰ ਬਚਾਇਆ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਕਰਨਪ੍ਰਯਾਗ ਦੀ ਘਟਨਾ ਦੌਰਾਨ ਪਹਿਲਾਂ ਕੁਝ ਸਥਾਨਕ ਅਨਸਰਾਂ ਵੱਲੋਂ ਨਿਹੰਗ ਸਿੰਘਾਂ ‘ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਸਵੈ-ਰੱਖਿਆ ਲਈ ਬੜੇ ਸੰਯਮ ਨਾਲ ਸ਼ਸਤਰਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਸਨ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ, ਜਿਸ ਨੂੰ ਨਿਭਾਉਣ ਵਿਚ ਉਹ ਅਸਫਲ ਰਹੇ ਹਨ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਝਗੜੇ ਦੀ ਨਿਰਪੱਖ ਜਾਂਚ ਕਰਨ ਦੀ ਬਜਾਇ ਪੁਲਿਸ ਵੱਲੋਂ ਨਿਹੰਗ ਸਿੰਘਾਂ ਖ਼ਿਲਾਫ਼ ਕੇਸ ਦਰਜ ਕਰਨਾ ਮੰਦਭਾਗਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਬਾਣੇ ਦੀ ਬੇਹੁਰਮਤੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ, ਜਿਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ।
ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਨਿਹੰਗ ਸਿੰਘਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ, ਧੱਕੇਸ਼ਾਹੀ ਜਾਂ ਅਨਿਆਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਉੱਤਰਾਖੰਡ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪਹਿਲਾਂ ਨਿਹੰਗ ਸਿੰਘਾਂ ਉੱਤੇ ਹਮਲਾ ਕਰਨ ਵਾਲੇ ਅਤੇ ਉਨ੍ਹਾਂ ਦੇ ਪਵਿੱਤਰ ਬਾਣੇ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਅਨਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਦਕਿ ਨਿਹੰਗ ਸਿੰਘਾਂ ‘ਤੇ ਦਰਜ ਕੇਸ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਇਸ ਮਾਮਲੇ ਵਿੱਚ ਪੀੜਤ ਨਿਹੰਗ ਸਿੰਘਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
- Download Babushahi App
-
-