ਜਗਰਾਉਂ ਕਣਕ ਵਿੱਚ ਪਾਣੀ ਪਾਉਣ ਦਾ ਆਇਆ ਨਵਾਂ ਮੋੜ: ਵਿਧਾਇਕਾ ਅਤੇ DFSC ਦੇ ਬਿਆਨਾਂ 'ਚ ਵੱਡਾ ਟਕਰਾਅ, ਜਾਂਚ ਲਈ ਟੀਮਾਂ ਗਠਿਤ
ਜਗਰਾਉਂ: (ਦੀਪਕ ਜੈਨ) ਗਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਦਿਆਂ ਸਰਕਾਰੀ ਕਣਕ ਨੂੰ ਪਾਣੀ ਲਗਾ ਕੇ ਵਜ਼ਨ ਵਧਾਉਣ ਦੇ ਬੀਤੇ ਦਿਨੀਂ ਬੇਨਕਾਬ ਹੋਏ ਵੱਡੇ ਘੁਟਾਲੇ ਵਿੱਚ ਹੁਣ ਨਵੇਂ ਅਤੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਜਿੱਥੇ ਇੱਕ ਪਾਸੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਇਸ ਮਾਮਲੇ ਨੂੰ ਤੁਰੰਤ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਦਾਅਵਾ ਕੀਤਾ ਸੀ, ਉੱਥੇ ਹੀ ਵਿਭਾਗ ਦੇ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰਕੇ ਮਾਮਲੇ ਨੂੰ ਇੱਕ ਨਵੀਂ ਚਰਚਾ ਵਿੱਚ ਲਿਆ ਦਿੱਤਾ ਹੈ।
ਅਧਿਕਾਰੀਆਂ ਅਤੇ ਵਿਧਾਇਕਾ ਦੇ ਬਿਆਨਾਂ 'ਚ ਵੱਡਾ ਉਲਟਫੇਰ:
ਬੀਤੇ ਕੱਲ੍ਹ ਵਿਧਾਇਕਾ ਮਾਣੂਕੇ ਨੇ ਮੀਡੀਆ ਨਾਲ ਰੂਬਰੂ ਹੁੰਦਿਆਂ ਸਪੱਸ਼ਟ ਕਿਹਾ ਸੀ ਕਿ ਉਨ੍ਹਾਂ ਨੇ ਇਸ ਧਾਂਦਲੀ ਦੀ ਜਾਣਕਾਰੀ ਸਬੰਧਤ ਮੰਤਰੀ ਅਤੇ DFSC ਸਮੇਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤੀ ਹੈ। ਪਰ ਅੱਜ ਜਦੋਂ DFSC ਲਖਬੀਰ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਪਹਿਲਾਂ ਜਾਣਕਾਰੀ ਨਹੀਂ ਸੀ ਅਤੇ ਪੱਤਰਕਾਰਾਂ ਦੇ ਫੋਨ ਆਉਣ ਤੋਂ ਬਾਅਦ ਹੀ ਇਹ ਧਾਂਦਲੀ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ।
(ਜ਼ਿਕਰਯੋਗ ਹੈ ਕਿ DFSC ਸਰਤਾਜ ਸਿੰਘ ਦੇ ਛੁੱਟੀ 'ਤੇ ਹੋਣ ਕਾਰਨ, DFSC ਲਖਬੀਰ ਸਿੰਘ ਇਸ ਸਮੇਂ ਵੇਅਰਹਾਊਸ ਦਾ ਵਾਧੂ ਚਾਰਜ ਸੰਭਾਲ ਰਹੇ ਹਨ।)
ਇਸ ਗੱਲਬਾਤ ਤੋਂ ਕੁਝ ਸਮੇਂ ਬਾਅਦ ਹੀ DFSC ਲਖਬੀਰ ਸਿੰਘ ਨੇ ਮੁੜ ਸੰਪਰਕ ਕਰਦਿਆਂ ਦੱਸਿਆ ਕਿ ਡਿਸਟ੍ਰਿਕਟ ਮੈਨੇਜਰ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ FCI (ਐਫ.ਸੀ.ਆਈ.) ਅਤੇ ਵੇਅਰਹਾਊਸ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਹੀ ਸਾਰਾ ਸੱਚ ਸਾਹਮਣੇ ਆਵੇਗਾ।
ਬੀਤੇ ਦਿਨ ਦੀ ਛਾਪੇਮਾਰੀ ਤੋਂ ਬਾਅਦ ਅੱਜ ਸਾਰਾ ਦਿਨ ਇਹ ਮਾਮਲਾ ਜਗਰਾਉਂ ਸ਼ਹਿਰ ਵਿੱਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੂਤਰਾਂ ਅਨੁਸਾਰ, ਇਸ ਮਾਮਲੇ ਨੂੰ ਰਫਾ-ਦਫਾ ਕਰਨ ਅਤੇ ਪ੍ਰਸ਼ਾਸਨਿਕ ਕਾਰਵਾਈ ਤੋਂ ਬਚਣ ਲਈ ਇੱਕ ਸ਼ੈਲਰ ਮਾਲਕ ਅਤੇ ਆੜ੍ਹਤੀਆਂ ਦੀ ਭੂਮਿਕਾ ਬਾਰੇ ਅਫਵਾਹਾਂ ਦਾ ਬਾਜ਼ਾਰ ਗਰਮ ਦਿਖਾਈ ਦਿੱਤਾ ਜੋ ਕਥਿਤ ਤੌਰ 'ਤੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਖਬਰ ਲਿਖੇ ਜਾਣ ਤੱਕ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
- Download Babushahi App
-
-