ਭਾਕਿਯੂ ਡਕੌਂਦਾ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਪਿਆ ਬੂਰ, ਪੰਜਾਬ ਸਰਕਾਰ ਨੇ ਮੁੜ ਹੱਦ ਕਰਜ਼ੇ ਵਧਾਉਣ ਦਾ ਕੀਤਾ ਐਲਾਨ
ਚੰਡੀਗੜ੍ਹ 03 ਜੂਨ 2026
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਦੇ ਸ਼ੁਰੂ ਵਿੱਚ ਸਹਿਕਾਰੀ ਬੈਂਕਾਂ ਵੱਲੋਂ ਦਿੱਤੇ ਜਾਂਦੇ ਮਿਆਦੀ ਹੱਦ ਕਰਜ਼ੇ ਵਧਾਉਣ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਬੈਂਕ ਕਰਮਚਾਰੀਆਂ ਦੇ ਦਬਾਅ ਹੇਠ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ। ਇਸ ਘਟਨਾਕ੍ਰਮ ਨੂੰ ਜੱਥੇਬੰਦੀ ਨੇ 01 ਮਈ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਵਿਚਾਰਿਆ ਅਤੇ ਇਸ ਉਲਟਾਏ ਫੈਸਲੇ ਨੂੰ ਕਿਸਾਨ ਮਾਰੂ ਕਰਾਰ ਦਿੰਦਿਆਂ 08 ਮਈ ਨੂੰ ਮੁੱਖ ਜ਼ਿਲ੍ਹਾ ਪੱਧਰੀ ਸਹਿਕਾਰੀ ਬੈਂਕਾਂ ਦੇ ਘਿਰਾਓ ਦਾ ਐਲਾਨ ਕੀਤਾ ਜਿਸਨੂੰ ਲਾਗੂ ਕਰਦਿਆਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਹਿਕਾਰੀ ਬੈਂਕਾਂ ਦਾ ਘਿਰਾਓ ਕੀਤਾ ਗਿਆ। ਉਸਤੋਂ ਬਾਅਦ ਮੁੱਦਾ ਜਦੋਂ ਸੰਯੁਕਤ ਮੋਰਚੇ ਦੇ ਧਿਆਨ ਵਿੱਚ ਆਇਆ ਤਾਂ ਸੰਯੁਕਤ ਮੋਰਚੇ ਦਾ ਵਫ਼ਦ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮਿਲਿਆ ਜਿਸਨੇ 15 ਮਈ ਤੱਕ ਫੈਸਲਾ ਦੁਬਾਰਾ ਲਾਗੂ ਕਰਨ ਦਾ ਭਰੋਸਾ ਦਿੱਤਾ ਪਰ ਮਸਲਾ ਲਟਕਦਾ ਰਿਹਾ ਵਾਰ ਵਾਰ ਪੰਜਾਬ ਸਰਕਾਰ ਨੂੰ ਸੰਯੁਕਤ ਮੋਰਚੇ ਵੱਲੋਂ ਚਿਤਾਵਨੀ ਦੇਣ ਤੋਂ ਬਾਅਦ 02 ਜੂਨ ਦੇ ਡੀ.ਸੀ. ਦਫਤਰਾਂ ਅੱਗੇ ਰੋਸ਼ ਪ੍ਰਦਰਸ਼ਨ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਨੇ ਹੱਦ ਕਰਜ਼ੇ ਵਧਾਉਣ ਦਾ ਐਲਾਨ ਕੀਤਾ। ਆਗੂਆਂ ਅੱਗੇ ਕਿਹਾ ਕੀ ਲਗਾਤਾਰ 2 ਸਾਲ ਤੋਂ ਫ਼ਸਲਾਂ ਦੇ ਝਾੜ ਘਟਣ ਕਾਰਨ ,ਡੀਜ਼ਲ,ਖਾਦਾਂ ਤੇ ਕੀਟਨਾਸ਼ਕਾਂ ਦੇ ਭਾਅ ਵਧਣ ਕਾਰਨ ਅਤੇ ਹੜਾਂ ਦੇ ਝੰਭੇ ਕਿਸਾਨਾਂ ਲਈ ਇਹ ਮਿਆਦੀ ਹੱਦ ਕਰਜ਼ੇ ਦੀ ਰਕਮ ਅਣਸਰਦੇ ਦੀ ਲੋੜ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਮੰਨਿਆ । ਆਗੂਆਂ ਨੇ ਵਧੇ ਹੋਏ ਹੱਦ ਕਰਜ਼ਿਆਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ।
- Download Babushahi App
-
-