Political Special ਨਗਰ ਨਿਗਮ ਚੋਣਾਂ: ਪ੍ਰਚਾਰ ਦੌਰਾਨ ਪੀਤੀ ‘ਚੰਦਰੀ ਚਾਹ’ ਨੇ ਫੂਕੇ ਉਮੀਦਵਾਰਾਂ ਦੇ ਢਿੱਡ
ਅਸ਼ੋਕ ਵਰਮਾ
ਬਠਿੰਡਾ, 28 ਮਈ 2026 : ਨਗਰ ਨਿਗਮ ਬਠਿੰਡਾ ਦੀ ਹੋਈ ਚੋਣ ਦੌਰਾਨ ਹਰ ਉਮੀਦਵਾਰ ਦਾ ਸਿਆਸੀ ਵਜ਼ਨ ਤਾਂ 29 ਮਈ ਨੂੰ ਆਉਣ ਵਾਲੇ ਚੋਣ ਨਤੀਜੇ ਹੀ ਦੱਸਣਗੇ ਪ੍ਰੰਤੂ ਦਿਨ-ਰਾਤ ਦੇ ਚੋਣ ਪ੍ਰਚਾਰ ਨੇ ਉਮੀਦਵਾਰਾਂ ਦਾ ਵਜ਼ਨ ਘਟਾ ਦਿੱਤਾ ਹੈ। ਇਕੱਲਾ ਭਾਰ ਹੀ ਨਹੀਂ ਘਟਾਇਆ ਬਲਕਿ ਵੋਟਾਂ ਮੰਗਣ ਵਕਤ ਵੋਟਰਾਂ ਦੀ ਇਲਤਜ਼ਾ ’ਤੇ ਪੀਤੀ ਚੰਦਰੀ ਚਾਹ ਨੇ ਉਮੀਦਵਾਰਾਂ ਦੇ ਪੇਟ ਵੀ ਬਹੁਤ ਫੂਕੇ ਹਨ। ਉਮੀਦਵਾਰ ਹੀ ਨਹੀਂ ਉਨ੍ਹਾਂ ਦੇ ਹਮਾਇਤੀਆਂ ਨੂੰ ਵੀ ਇਸੇ ਸੰਕਟ ਦਾ ਸਾਹਮਣਾ ਹੈ ਜਿੰਨ੍ਹਾਂ ਨੇ ਆਪਣੇ ਉਮੀਦਵਾਰਾਂ ਨੂੰ ਨਗਰ ਨਿਗਮ ਦੀਆਂ ਸਿਆਸੀ ਪੌੜੀਆਂ ਚਾੜ੍ਹਨ ਲਈ ਪੂਰਾ ਜੋਰ ਲਾਇਆ ਹੋਇਆ ਸੀ। ਲੰਘੀ 25 ਮਈ ਦੇਰ ਰਾਤ ਤੱਕ ਚੱਲੇ ਚੋਣ ਪ੍ਰਚਾਰ ਦੀ ਪੁਣਛਾਣ ਕਰਨ ਉਪਰੰਤ ਇਹ ਤੱਥ ਸਾਹਮਣੇ ਆਏ ਹਨ। ਹੁਣ ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਦੇ ਹਮਾਇਤੀ ਲੀਡਰ ਵੀ ਆਪਣੇ ਪੇਟ ਦੀ ਸਮਰੱਥਾ ਨੂੰ ਲੀਹ ’ਤੇ ਲਿਆਉਣ ਲਈ ਡਾਕਟਰਾਂ ਕੋਲ ਚੱਕਰ ਕੱਟ ਰਹੇ ਹਨ।
ਇੱਥੇ ਇਹ ਵੀ ਜਿਕਰ ਕਰਨਾ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਵੋਟਾਂ ਪੈਣ ਤੋਂ ਬਾਅਦ ਦੋ ਦਿਨ ਲੰਘਣ ਮਗਰੋ ਉਮੀਦਵਾਰ ਹੁਣ ਬੇਸ਼ੱਕ ਸਰੀਰਕ ਤੌਰ ’ਤੇ ਤਾਂ ਆਰਾਮ ਵਿੱਚ ਹਨ, ਪ੍ਰੰਤੂ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਕਰਦਿਆਂ ਮਾਨਸਿਕ ਤੌਰ ’ਤੇ ਪੂਰਾ ਧੁੜਕੂ ਲੱਗਿਆ ਹੋਇਆ ਹੈ। ਹੁਣ ਗੱਲ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਹੈ ਜਿੰਨ੍ਹਾਂ ਨੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਰੋਜ਼ਾਨਾ 18 ਘੰਟੇ ਤੱਕ ਕੰਮ ਕੀਤਾ ਕੀਤਾ ਹੈ। ਸ੍ਰੀ ਮਹਿਤਾ ਦੇ ਇੱਕ ਨਜ਼ਦੀਕੀ ਨੇ ਦੱਸਿਆ ਕਿ ਉਹ ਰਾਤ ਨੂੰ ਇੱਕ ਵਜੇ ਜਾਂ ਇਸ ਤੋਂ ਬਾਅਦ ਹੀ ਸੌਂਦੇ ਸਨ ਅਤੇ ਚੋਣ ਪ੍ਰਚਾਰ ਲਈ ਸਵੇਰੇ ਪੰਜ ਵਜੇ ਉੱਠ ਖਲੋਂਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਜਿੱਥੇ ਵੀ ਚੋਣ ਪ੍ਰਚਾਰ ਦੌਰਾਨ ਗਏ, ਲੋਕਾਂ ਨੇ ਬਹੁਤ ਪਿਆਰ ਨਾਲ ਨਿਵਾਜਿਆ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੇਅਰ ਦਾ ਦਾ ਗਲਾ ਤਾਂ ਠੀਕ ਹੀ ਰਿਹਾ, ਪ੍ਰੰਤੂ ਕਈ ਵਾਰ ਚਾਹ ਕੁਝ ਜ਼ਿਆਦਾ ਹੋ ਜਾਂਦੀ ਸੀ।
ਲਾਈਨੋਪਾਰ ਇਲਾਕੇ ’ਚ ਕੱਟੜ ਮੁਕਾਬਲੇ ਵਾਲੇ ਵਾਰਡ ’ਚ ਇੱਕ ਉਮੀਦਵਾਰ ਦਾ ਸਰੀਰਕ ਵਜ਼ਨ ਕਰੀਬ ਪੰਜ ਛੇ ਕਿਲੋ ਘੱਟ ਗਿਆ ਹੈ। ਇਸੇ ਖਿੱਤੇ ’ਚ ਇੱਕ ਕਾਂਗਰਸੀ ਉਮੀਦਵਾਰ ਦੇ ਇੱਕ ਕਰੀਬੀ ਨੇ ਦੱਸਿਆ ਕਿ ਉਨ੍ਹਾਂ ਦੇ ਉਮੀਦਵਾਰ ਆਪਣੀ ਸਿਹਤ ਪ੍ਰਤੀ ਬਹੁਤ ਚੌਕਸ ਹਨ, ਪਰ ਪ੍ਰਚਾਰ ਦੌਰਾਨ ਰੋਜ਼ਾਨਾ 15 ਤੋਂ 20 ਕੱਪ ਚਾਹ ਪੀਣੇ ਪੈਂਦੇ ਸਨ ਕਿਉਂਕਿ ਚੋਣਾਂ ਹੋਣ ਕਰਕੇ ਕਿਸੇ ਨੂੰ ਵੀ ਨਾਰਾਜ਼ ਨਹੀਂ ਸੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਉਮੀਦਵਾਰ ਨੇ ਹਲਦੀ ਨਮਕ ਪਾ ਕੇ ਰੋਜ਼ਾਨਾ ਗਰਾਰੇ ਕਰਦੇ ਰਹੇ ਸਨ ਅਤੇ ਮਲੱਠੀ ਵਗੈਰਾ ਵੀ ਕੋਲ ਹੀ ਰੱਖਦੇ ਸਨ ਤਾਂ ਜੋ ਪ੍ਰਚਾਰ ਲਈ ਗਲਾ ਠੀਕ ਰਹੇ। ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਜਿਆਦਾ ਚਾਹੁਣ ਵਾਲੇ ਲੋਕ ਡਰਾਈ ਫਰੂਟ ਅਤੇ ਦੁੱਧ ਵਗੈਰਾ ਆਫਰ ਕਰ ਦਿੰਦੇ ਸਨ ਜਿਸ ਕਰਕੇ ਉਨ੍ਹਾਂ ਦਾ ਵਜ਼ਨ ਵਧ ਗਿਆ ਹੈ। ਇੰਜ ਹੀ ਰੋਜ਼ਾਨਾ 15 ਕੱਪ ਚਾਹ ਦੇ ਹੋ ਜਾਂਦੇ ਸਨ।
ਸ਼ਹਿਰ ਦੇ ਇੱਕ ਵਾਰਡ ’ਚ ਚੋਣ ਲੜ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨਅਰ ਆਗੂ ਦੀ ਪਤਨੀ ਨੂੰ ਤਾਂ ਬਹੁਤੀ ਦਿੱਕਤ ਸਾਹਮਣੇ ਨਹੀਂ ਆਈ ਪਰ ਪਤੀ ਦੇਵ ਦਾ ਢਿੱਡ ਚਾਹ ਕਰਕੇ ਫੂਕਿਆ ਗਿਆ ਹੈ। ਇਹ ਅਕਾਲੀ ਆਗੂ ਸਵੇਰੇ 4.30 ਵਜੇ ਉੱਠਦੇ ਸਨ ਅਤੇ ਰਾਤ ਨੂੰ 12.30 ਵਜੇ ਸੌਂਦੇ ਸਨ। ਉਨ੍ਹਾਂ ਦੱਸਿਆ ਕਿ ਚਾਹ ਤਾਂ ਬਹੁਤ ਮਿਲਦੀ ਸੀ ਪ੍ਰੰਤੂ ਉਹ ਇੱਕ ਦੋ ਘੁੱਟਾਂ ਹੀ ਭਰਦੇ ਸਨ ਫਿਰ ਵੀ ਢਿੱਡ ਤੇਜਾਬੀ ਮਾਦੇ ਵਾਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਚਾਰ ਵਾਰ ਤਾਂ ਉਨ੍ਹਾਂ ਨੂੰ ਤੇਜਾਬ ਬਣਨ ਤੋਂ ਰੋਕਣ ਲਈ ਕੈਪਸੂਲ ਵੀ ਵਰਤਣੇ ਪਏ ਹਨ। ਉਨ੍ਹਾਂ ਦੱਸਿਆ ਕਿ ਗਲੇ ਨੂੰ ਠੀਕ ਰੱਖਣ ਵਾਸਤੇ ਮਲੱਠੀ ਦੀ ਉਨ੍ਹਾਂ ਨੇ ਲਗਾਤਾਰ ਵਰਤੋਂ ਕੀਤੀ ਹੈ। ਇੱਕ ਭਾਜਪਾ ਉਮੀਦਵਾਰ ਨੂੰ ਤਾਂ ਡਾਕਟਰਾਂ ਨੇ ਵੀ ਸਲਾਹ ਦਿੱਤੀ ਕਿ ਉਹ ਆਪਣੇ ਗਲੇ ਦਾ ਖਿਆਲ ਰੱਖੇ ਪ੍ਰੰਤੂ ਮੁਕਾਬਲਾ ਸਖਤ ਹੋਣ ਕਾਰਨ ਉਨ੍ਹਾਂ ਦੀ ਤਰਜੀਹ ਚੋਣ ਪ੍ਰਚਾਰ ਰਿਹਾ।
ਲਾਈਨੋਪਾਰ ’ਚ ਚੋਣ ਲੜ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰ ਕੋਈ ਸਮੱਸਿਆ ਨਹੀਂ ਆਈ ਪਰ ਚੋਣ ਪ੍ਰਚਾਰ ਦੌਰਾਨ ਕਦੇ ਸੈਰ ਕਰਨ ਦਾ ਮੌਕਾ ਨਹੀਂ ਮਿਲਿਆ ਜਿਸ ਕਰਕੇ ਵਜ਼ਨ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡੀ ਪੱਧਰ ’ਤੇ ਭੱਜ ਦੌੜ ਦੇ ਬਾਵਜੂਦ ਉਨ੍ਹਾਂ ਨੂੰ ਥਕਾਵਟ ਤਾਂ ਕਦੇ ਮਹਿਸੂਸ ਨਹੀਂ ਹੋਈ ਪ੍ਰੰਤੂ ਵੋਟਰਾਂ ਤੋਂ ਮਿਲੇ ਪਿਆਰ ਸਤਿਕਾਰ ਕਾਰਨ ਪਿਛਲੇ ਦੋ ਦਿਨਾਂ ਦੌਰਾਨ ਸਰੀਰ ਜਰੂਰ ਹੌਲਾ ਫੁੱਲ ਵਰਗਾ ਹੋ ਗਿਆ ਹੈ। ਇੱਕ ਉਮੀਦਵਾਰ ਅਤੇ ਦੂਸਰੀ ਉਮੀਦਵਾਰ ਦੇ ਪਤੀ ਨੂੰ ਚਾਹ ਪਾਣੀ ਜਾਂ ਠੰਢਿਆਂ ਨੇ ਤਾਂ ਕੋਈ ਜਿਆਦਾ ਨੁਕਸਾਨ ਨਹੀਂ ਪਹੁੰਚਾਇਆ ਪਰ ਗਰਮੀ ਵਿੱਚ ਫਿਰਦੇ ਕਾਰਨ ਦੋਵਾਂ ਦਾ ਰੰਗ ਗੂੜ੍ਹਾ ਕਾਲਾ ਹੋ ਗਿਆ ਹੈ ਜਦੋਂਕਿ ਉਹ ਪਹਿਲਾਂ ਫਿੱਕੇ ਕਾਲੇ ਰੰਗ ਦੇ ਸਨ। ਦੋਵਾਂ ਦੀ ਇੱਕੋ ਗੱਲ ਸਾਂਝੀ ਰਹੀ ਕਿ ਉਨ੍ਹਾਂ ਨੇ ਕਦੇ ਕਿਸੇ ਨੂੰ ਚਾਹ ਪੀਣ ਤੋਂ ਨਿਰਾਸ਼ ਨਹੀਂ ਕੀਤਾ ਸੀ।
ਵੱਡੇ ਲੀਡਰਾਂ ਦੀ ਸਾਖ ਦਾਅ ’ਤੇ
ਨਗਰ ਨਿਗਮ ਬਠਿੰਡਾ ਦੀ ਚੋਣ ਨੇ ਕਈ ਮੁਕਾਮੀ ਲੀਡਰਾਂ ਦੀ ਸਾਖ ਦਾਅ ’ਤੇ ਲਾ ਦਿੱਤੀ ਹੈ। ‘ਆਪ’ ਆਗੂ ਅਮਰਜੀਤ ਮਹਿਤਾ ਲਈ ਇਹ ਚੋਣ ਨੱਕ ਦਾ ਸਵਾਲ ਹੈ ਜਦੋਂਕਿ ਅਕਾਲੀ ਹਲਕਾ ਇੰਚਾਰਜ ਲਈ ਬਬਲੀ ਢਿੱਲੋਂ ਲਈ ਇਹ ਚੋਣ ਵਿਧਾਨ ਸਭਾ ਚੋਣਾਂ ਮੌਕੇ ਟਿਕਟ ਦਾ ਪੈਗਾਮ ਬਣੇਗੀ। ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਲਈ ਇਹ ਚੋਣ ਖੁਦ ਨੂੰ ਸਾਬਤ ਕਰਨ ਦਾ ਸੁਨਹਿਰੀ ਮੌਕਾ ਹੈ । ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਲਈ ਚੋਣ ਨਤੀਜੇ 2027 ਦੀ ਦਾਅਵੇਦਾਰੀ ’ਤੇ ਮੋਹਰ ਲਾਉਣਗੇ।
- Download Babushahi App
-
-