ਥਾਣਿਆਂ ਵਿੱਚ ਖੜੀਆਂ ਗੱਡੀਆਂ ਕਬਾੜ ਮੁਕਤਸਰ ਪੁਲਿਸ ਨੇ ਬਣਾਇਆ ਕਮਾਈ ਦਾ ਜੁਗਾੜ
ਨੀਲਾਮੀ ਦੀ ਰਕਮ ਕਰੀਬ 7,22,750 ਰੁਪਏ ਸਰਕਾਰੀ ਖਜ਼ਾਨੇ ਵਿੱਚ ਹੋਵੇਗੀ ਜਮ੍ਹਾ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 22 ਮਈ 2026 : ਮੁਕਤਸਰ ਪੁਲਿਸ ਵੱਲੋਂ ਸੀਨੀਅਰ ਪੁਲਿਸ ਕਪਤਾਨ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜਿੱਥੇ ਨਸ਼ਿਆਂ ਦੇ ਖਾਤਮੇ, ਜੇਰ ਤਫਤੀਸ਼ ਮੁਕੱਦਮਿਆਂ ਦੇ ਨਿਪਟਾਰੇ, ਦਰਖਾਸਤਾਂ ਦੇ ਨਿਪਟਾਰੇ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਦਿਨ-ਪ੍ਰਤੀਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਅੱਜ ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਥਾਣਿਆਂ ਵਿੱਚ ਖੜ੍ਹੇ ਵਾਹਨਾਂ ਦੀ ਖੁੱਲ੍ਹੀ ਬੋਲੀ ਕਰਵਾ ਕੇ ਕੁੱਲ 76 ਵਾਹਨ ਨੀਲਾਮ ਕੀਤੇ ਗਏ। ਇਸ ਮੌਕੇ ਸ੍ਰੀ ਮਨਮੀਤ ਸਿੰਘ ਢਿੱਲੋਂ ਐਸ.ਪੀ (ਡੀ), ਸ੍ਰੀ ਪਰਦੀਪ ਸਿੰਘ ਡੀ.ਐਸ.ਪੀ (ਐਨ.ਡੀ.ਪੀ.ਐਸ ਅਤੇ ਨਾਰਕੋਟਿਕਸ), ਸ੍ਰੀ ਰਸ਼ਪਾਲ ਸਿੰਘ ਡੀਐਸਪੀ ਡੀ ਅਤੇ ਹੋਰ ਕਮੇਟੀ ਮੈਂਬਰਾਂ ਦੀ ਹਾਜ਼ਰੀ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਬੋਲੀਕਾਰ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਅਭਿਮੰਨਿਊ ਰਾਣਾ IPS ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਿਆਂ ਅੰਦਰ ਵੱਖ-ਵੱਖ ਮੁਕੱਦਮਿਆਂ ਨਾਲ ਸਬੰਧਿਤ ਕਾਫ਼ੀ ਗਿਣਤੀ ਵਿੱਚ ਵਾਹਨ ਖੜ੍ਹੇ ਹਨ। ਇਨ੍ਹਾਂ ਵਾਹਨਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪਰ ਕਿਸੇ ਵੀ ਵਿਅਕਤੀ ਵੱਲੋਂ ਇਹ ਵਾਹਨ ਕਲੇਮ ਨਹੀਂ ਕੀਤੇ ਗਏ। ਇਨ੍ਹਾਂ ਵਾਹਨਾਂ ਕਾਰਨ ਥਾਣਿਆਂ ਵਿੱਚ ਕਾਫ਼ੀ ਜਗ੍ਹਾ ਘੇਰੀ ਹੋਈ ਸੀ। ਇਸ ਲਈ ਥਾਣਿਆਂ ਵਿੱਚ ਸਾਫ਼-ਸੁਥਰੀ ਅਤੇ ਢੁੱਕਵੀਂ ਕੰਮਕਾਜੀ ਥਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿਛਲੇ ਲੰਮੇ ਸਮੇਂ ਤੋਂ ਫੈਸਲਸ਼ੁਦਾ ਮੁਕੱਦਮਿਆਂ ਦੇ ਵਾਹਨਾਂ ਦੀ ਨੀਲਾਮੀ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਵਹੀਕਲ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਕੁੱਲ 76 ਵਾਹਨ (65 ਦੋ ਪਹੀਆ ਅਤੇ 11 ਚਾਰ ਪਹੀਆ), ਜਿਨ੍ਹਾਂ ਦੀ ਰਾਖਵੀਂ ਕੀਮਤ 5,93,500 ਰੁਪਏ ਰੱਖੀ ਗਈ ਸੀ, ਨੂੰ 6,12,500 ਰੁਪਏ ਵਿੱਚ ਨੀਲਾਮ ਕੀਤਾ ਗਿਆ। ਉਕਤ ਰਕਮ ਉੱਪਰ 18% ਜੀਐਸਟੀ, ਜੋ ਕਿ 1,10,250 ਰੁਪਏ ਬਣਦੀ ਹੈ, ਸਮੇਤ ਨੀਲਾਮੀ ਦੀ ਕੁੱਲ ਰਕਮ 7,22,750 ਰੁਪਏ ਬਣਦੀ ਹੈ।
ਇਸ ਬੋਲੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਬੋਲੀਕਾਰਾਂ ਨੇ ਹਿੱਸਾ ਲਿਆ। ਵਾਹਨਾਂ ਨੂੰ ਵੱਖ-ਵੱਖ ਅਲਾਟਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਵਿੱਚ ਇੱਕ ਅਲਾਟ ਨੰਬਰ 1 ਦੀ ਸਭ ਤੋਂ ਵੱਧ ਬੋਲੀ ਆਸ਼ੀਰਵਾਦ ਮੋਟਰਸ ਵੜਿੰਗ ਅਤੇ ਅਲਾਟ ਨੰਬਰ 2 ਦੀ ਸਭ ਤੋਂ ਵੱਧ ਬੋਲੀ ਜੈ ਬਾਬਾ ਵਿਸ਼ਵਕਰਮਾ ਇੰਟਰਪ੍ਰਾਈਜ਼ਜ਼ ਮਾਨਸਾ ਵੱਲੋਂ ਦਿੱਤੀ ਗਈ। ਕੁੱਲ 76 ਵਾਹਨਾਂ ਦੀ ਸਭ ਤੋਂ ਵੱਧ ਬੋਲੀ 6,12,500 ਰੁਪਏ ਲਗਾਈ ਗਈ, ਜੋ 18% ਜੀਐਸਟੀ ਸਮੇਤ ਕੁੱਲ 7,22,750 ਰੁਪਏ ਬਣਦੀ ਹੈ ਅਤੇ ਇਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਜਾਵੇਗੀ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਉਹ ਵਾਹਨ ਵੀ ਜਲਦ ਨੀਲਾਮ ਕੀਤੇ ਜਾਣਗੇ।
- Download Babushahi App
-
-