BIG BREAKING: ਗੁਪਤ ਦਸਤਾਵੇਜ਼ ਜਨਤਕ ਕਰਨ ਸਬੰਧੀ ਹਿੰਦੂ ਆਗੂ ਸੰਦੀਪ ਪਾਠਕ ਖਿਲਾਫ FIR ਦਰਜ
ਅਸ਼ੋਕ ਵਰਮਾ
ਬਠਿੰਡਾ, 20 ਮਈ 2026 : ਬਠਿੰਡਾ ਪੁਲਿਸ ਨੇ ਸੁਰੱਖਿਆ ਨਾਲ ਜੁੜੇ ਖੁਫੀਆ ਦਸਤਾਵੇਜ ਜਨਤਕ ਕਰਨ ਦੇ ਮਾਮਲੇ ’ਚ ਹਿੰਦੂ ਮਹਾਂਗਠਬੰਧਨ ਦੇ ਪ੍ਰਧਾਨ ਸੰਦੀਪ ਪਾਠਕ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਇਸ ਸਬੰਧ ’ਚ ਸੰਦੀਪ ਪਾਠਕ ਅਤੇ ਇੱਕ ਅਣਪਛਾਤੇ ਪੁਲਿਸ ਮੁਲਾਜਮ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਮਾਮਲਾ ਸੁਰੱਖਿਆ ਨਾਲ ਜੁੜਿਆ ਹੈ ਜਿਸ ਨੂੰ ਬਠਿੰਡਾ ਪੁਲਿਸ ਨੇ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਪੁਲਿਸ ਨੇ ਸੰਦੀਪ ਪਾਠਕ ਵਾਸੀ ਥਰਮਲ ਕਲੋਨੀ ਬਠਿੰਡਾ ਖਿਲਾਫ ਇਹ ਕਾਰਵਾਈ ਕੀਤੀ ਹੈ। ਮੁਢਲੇ ਤੌਰ ’ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਹੈਡਕੁਆਟਰ ਚੰਡੀਗੜ੍ਹ ਵੱਲੋਂ ਸੁਰੱਖਿਆ ਸਬੰਧੀ ਕੋਈ ਖੁਫੀਆ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਨੂੰ ਕਿਸੇ ਅਣਪਛਾਤੇ ਪੁਲਿਸ ਮੁਲਾਜਮ ਨੇ ਸੰਦੀਪ ਪਾਠਕ ਨੂੰ ਸ਼ੇਅਰ ਕਰ ਦਿੱਤਾ।
ਐਫਆਈਆਰ ਅਨੁਸਾਰ ਇਸ ਖੁਫੀਆ ਪੱਤਰ ਦੀ ਸੰਦੀਪ ਪਾਠਕ ਨੇ ਦੁਰਵਰਤੋਂ ਕੀਤੀ ਹੈ ਅਤੇ ਸਾਂਝਾ ਵੀ ਕੀਤਾ ਹੈ। ਪੁਲਿਸ ਅਨੁਸਾਰ ਇਹ ਖੁਫੀਆ ਪੱਤਰ ਅਣਪਛਾਤੇ ਪੁਲਿਸ ਮੁਲਾਜਮ ਅਤੇ ਸੰਦੀਪ ਪਾਠਕ ਨੇ ਕਿਸੇ ਸਾਜਿਸ਼ ਤਹਿਤ ਵਰਤਿਆ ਹੈ। ਪੁਲਿਸ ਦੀ ਮੁਢਲੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਸੰਦੀਪ ਪਾਠਕ ਖਿਲਾਫ ਜੁਰਮ ਬਣਦਾ ਹੈ। ਅੱਜ ਥਾਣਾ ਸਿਵਲ ਲਾਈਨ ਪੁਲਿਸ ਨੇ ਬੀਐਨਐਸ ਦੀ ਧਾਰਾ 316 (5) , ਧਾਰਾ 3 (1)(ਬੀ) (ਸੀ) ਆਫੀਸ਼ੀਅਲ ਸੀਕ੍ਰਟਸ ਐਕਟ 1923 ਦੀ ਧਾਰਾ ਅਤੇ ਆਈ ਟੀਐਕਟ ਦੀ ਧਾਰਾ 72 ਤਹਿਤ ਮੁਕੱਦਮਾ ਦਰਜ ਕਰਕੇ ਸੰਦੀਪ ਪਾਠਕ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਸਿਟੀ ਅਰੁਣ ਮੁੰਡਨ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਪੁਲਿਸ ਮੁਲਾਜਮ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਵੀ ਐਫਆਈਆਰ ’ਚ ਨਾਮਜਦ ਕੀਤਾ ਜਾਏਗਾ।
- Download Babushahi App
-
-