Political Special ਨਿਗਮ ਚੋਣਾਂ: ਪਦਮਜੀਤ ਦੀ ‘ ਨਾਟਕੀ ਬੋਹਣੀ’ ਨੇ ਝਾੜੂ ਦੇ ਸਿਆਸੀ ਤੀਲਿਆਂ ਤੋਂ ਖੰਭ ਦੀ ਡਾਰ ਬਣਾਈ
ਅਸ਼ੋਕ ਵਰਮਾ
ਬਠਿੰਡਾ, 20 ਮਈ 2026 : ਨਗਰ ਨਿਗਮ ਬਠਿੰਡਾ ਦੀ ਚੋਣ ਲਈ ਵੋਟਾਂ ਪੈਣ ਤੋਂ ਪਹਿਲਾਂ ਵਾਰਡ ਨੰਬਰ 46 ਤੋਂ ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਦੀ ਬਦੌਲਤ ਨਾਟਕੀ ਢੰਗ ਨਾਲ ਹੋਈ ਸਾਬਕਾ ਮੇਅਰ ਪਦਮਜੀਤ ਮਹਿਤਾ ਦੀ ਜਿੱਤ ਨੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਖੰਭ ਲਾ ਦਿੱਤੇ ਹਨ। ਇਸ ਵਾਰਡ ਤੋਂ ਕਾਂਗਰਸ ਦੇ ਉਮੀਦਵਾਰ ਇੰਜਨੀਅਰ ਰਾਜਨਦੀਪ ਸਿੰਘ ਦੇ ਕਾਗਜ਼ ਰੱਦ ਹੋ ਗਏ ਸਨ ਜਦੋਂਕਿ ਸ਼ੋਮਣੀ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਦੇ ਉਮੀਦਵਾਰਾਂ ਨੇ ਆਪਣੀਆਂ ਨਾਮਜਦਗੀਆਂ ਵਾਪਿਸ ਲੈ ਲਈਆਂ ਸਨ। ਇਸ ਤੋਂ ਬਾਅਦ ਸ਼ਹਿਰ ਦੇ ਵਾਰਡ ਨੰਬਰ 46 ਤੋਂ ‘ਆਪ’ ਉਮੀਦਵਾਰ ਪਦਮਜੀਤ ਮਹਿਤਾ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ ਹੈ। ਅਕਾਲੀ ਦਲ ਦੇ ਉਮੀਦਵਾਰ ਵਿਸ਼ਾਲ ਧੀਰ ਅਤੇ ਭਾਜਪਾ ਉਮੀਦਵਾਰ ਸੁਨੀਲ ਕੁਮਾਰ ਵੱਲੋਂ ਆਪੋ ਆਪਣੇ ਨਾਮ ਵਾਪਿਸ ਲੈਣ ਕਾਰਨ ਵਾਰਡ ਨੰਬਰ 46 ਦੀ ਸੀਟ ਬਿਨਾਂ ਕਿਸੇ ਹੀਲ ਹੁੱਜਤ ਦੇ ਆਮ ਆਦਮੀ ਪਾਰਟੀ ਦੀ ਝੋਲੀ ਪੈ ਗਈ।
ਦਿਲਚਸਪ ਗੱਲ ਇਹ ਵੀ ਹੈ ਕਿ ਨਾਮਜਦਗੀਆਂ ਰੱਦ ਹੋਣ ਕਾਰਨ ਅਕਾਲੀ ਦਲ ਦਾ ਡੀਸੀ ਦਫਤਰ ਅੱਗੇ ਧਰਨਾ ਸੀ ਪਰ ਅਕਾਲੀ ਆਗੂ ਆਪਣੇ ਉਮੀਦਵਾਰ ਨੂੰ ਰੋਕਣ ’ਚ ਅਸਫਲ ਰਹੇ ਹਨ। ਸੂਤਰ ਦੱਸਦੇ ਹਨ ਕਿ ਦੋਵੇਂ ਚੁੱਪ ਚੁਪੀਤੇ ਰਿਟਰਨਿੰਗ ਅਫਸਰ ਦੇ ਦਫਤਰ ਪੁੱਜੇ ਅਤੇ ਕਾਗਜ਼ ਵਾਪਿਸ ਲੈ ਲਏ। ਪਦਮਜੀਤ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦਾ ਪੁੱਤਰ ਹੈ ਜਿੰਨ੍ਹਾਂ ਦੇ ਹੱਥ ਉਮੀਦਵਾਰਾਂ ਦੀ ਚੋਣ ਤੋਂ ਲੈਕੇ ਪ੍ਰਚਾਰ ਦੀ ਜਿੰਮੇਵਾਰੀ ਹੈ। ਨਾਟਕੀ ਢੰਗ ਨਾਲ ਵਾਪਰੇ ਇਸ ਸਿਆਸੀ ਘਟਨਾਕ੍ਰਮ ਨੇ ਸ਼ਹਿਰ ਦੇ ਚੁਣਾਵੀ ਮਹੌਲ ਨੂੰ ਪੂਰੀ ਤਰਾਂ ਗਰਮਾ ਦਿੱਤਾ ਹੈ। ਸਿਆਸੀ ਮਾਹਿਰਾਂ ਤਾਜਾ ਘਟਨਾਕ੍ਰਮ ਨੂੰ ਬਠਿੰਡਾ ਦੀ ਰਾਜਨੀਤੀ ’ਚ ਕਾਂਗਰਸ ਅਤੇ ਭਾਜਪਾ ਨਾਲ ਹੋਈ ਸਿਆਸੀ ਕਲੋਲ ਮੰਨ ਰਹੇ ਹਨ ਜਿਸ ਦਾ ਅਸਰ ਦਿਖਾਈ ਦੇਣ ਲੱਗਿਆ ਹੈ। ਸ਼ਹਿਰੀ ਕਾਂਗਰਸ ਨੇ ਇਸ ਜਿੱਤ ਦਾ ਪ੍ਰਭਾਵ ਘਟਾਉਣ ਅਤੇ ਆਪਣਾ ਦਬਦਬਾ ਬਨਾਉਣ ਲਈ ਆਪਣੀ ਚੋਣ ਰਣਨੀਤੀ ’ਚ ਅਹਿਮ ਤਬਦੀਲੀਆਂ ਕੀਤੀਆਂ ਹਨ।
ਕਾਂਗਰਸ ਨੇ ਨਗਰ ਨਿਗਮ ਚੋਣਾਂ ਦੌਰਾਨ ਆਪਣਾ ਜਲਵਾ ਮੁੜ ਤੋਂ ਕਾਇਮ ਕਰਨ ਲਈ ਹਰੇਕ ਵਾਰਡ ਵਿੱਚ ਕੁਆਰਡੀਨੇਟਰ ਨਿਯੁਕਤ ਕੀਤੇ ਹਨ। ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਸ਼ਹਿਰ ਵਿੱਚ ਆਪਣਾ ਸਿਆਸੀ ਪ੍ਰਭਾਵ ਰੱਖਣ ਵਾਲੇ ਕਾਂਗਰਸੀ ਆਗੂਆਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੁਆਰਡੀਨੇਟਰ ਆਪੋ ਆਪਣੇ ਵਾਰਡ ’ਚ ਕਾਂਗਰਸੀ ਉਮੀਦਵਾਰ, ਆਗੂਆਂ , ਵਰਕਰਾਂ ਅਤੇ ਵੋਟਰਾਂ ਨਾਲ ਤਾਲਮੇਲ ਰੱਖਣ ਦੇ ਨਾਲ ਜਿੱਤ ਯਕੀਨੀ ਬਨਾਉਣ ਲਈ ਪੂਰਾ ਤਾਣ ਲਾਉਣਗੇ। ਇੱਕ ਸੀਨੀਅਰ ਕਾਂਗਰਸੀ ਆਗੂ ਨੇ ਮੰਨਿਆ ਕਿ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ’ਚ ਉੱਤਰਨ ਤੋਂ ਪਹਿਲਾਂ ਹੀ ਨਗਰ ਨਿਗਮ ’ਚ ਆਪਣੀ ਮੁਢਲੀ ਪੈਂਠ ਕਾਇਮ ਕਰ ਲਈ ਹੈ ਜਿਸ ਦਾ ਫਾਇਦਾ ਨਿਰਸੰਦੇਹ ਬਾਕੀ ਉਮੀਦਵਾਰਾਂ ਨੂੰ ਹੋਵੇਗਾ। ਆਮ ਆਦਮੀ ਪਾਰਟੀ ਲਈ ਇਹ ਜਿੱਤ ਇਸ ਕਰਕੇ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਟਿਕਟਾਂ ਵੰਡਣ ਪਿੱਛੋਂ ਸਭ ਤੋਂ ਜਿਆਦਾ ਰੱਫੜ ‘ਆਪ’ ’ਚ ਹੀ ਸਾਹਮਣੇ ਆਇਆ ਸੀ।
ਇੱਥੋਂ ਤੱਕ ਕਿ ਉਮੀਦਵਾਰਾਂ ਦੀ ਚੋਣ ਕਾਰਨ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਪਾਰਟੀ ਨਾਲ ਨਰਾਜ ਹੋ ਗਏ ਜਦੋਂਕਿ ਉਨ੍ਹਾਂ ਦੇ ਭਾਣਜੇ ਸੁਖਦੀਪ ਸਿੰਘ ਢਿੱਲੋਂ ਨੇ ਤਾਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ਹਾਲਾਤਾਂ ਦਰਮਿਆਨ ਵਾਰਡ ਨੰਬਰ 46 ਤੋਂ ਪਦਮਜੀਤ ਮਹਿਤਾ ਦੀ ਜਿੱਤ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੋਵੇਗੀ। ਆਮ ਆਦਮੀ ਪਾਰਟੀ ਲਈ ਇਹ ਜਿੱਤ ਇਸ ਕਰਕੇ ਵੀ ਮਾਇਨੇ ਰੱਖਦੀ ਹੈ ਕਿਉਂਕਿ ‘ਆਪ’ ਪਹਿਲੀ ਵਾਰ ਸਮੂਹ 50 ਵਾਰਡਾਂ ਤੋਂ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾਂ ਬਠਿੰਡਾ ਨਿਗਮ ’ਚ ਰਿਵਾਇਤੀ ਸਿਆਸੀ ਧਿਰਾਂ ਸ਼ੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਦਬਦਬਾ ਰਿਹਾ ਹੈ। ਇਸ ਦੌਰਾਨ ਵੋਟਾਂ ਤੋਂ ਪਹਿਲਾਂ ਹੋਈ ਜਿੱਤ ਨੇ ‘ਆਪ’ ਹਮਾਇਤੀਆਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਸਥਾਨਕ ਰਾਜਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਪਦਮਜੀਤ ਮਹਿਤਾ ਦੀ ਅਣਕਿਆਸੀ ਜਿੱਤ ਬਾਕੀ ਵਾਰਡਾਂ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ’ਤੇ ਡੂੰਘਾ ਮਨੋਵਿਗਿਆਨਕ ਅਸਰ ਛੱਡ ਸਕਦੀ ਹੈ।
ਚਰਚਾਵਾਂ ਦਾ ਬਜ਼ਾਰ ਗਰਮ
ਕਾਂਗਰਸੀ ਉਮੀਦਵਾਰ ਦੇ ਕਾਗਜ਼ ਰੱਦ ਹੋਣ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਵੱਲੋਂ ਚੋਣ ਮੈਦਾਨ ਚੋਂ ਅਚਾਨਕ ਪਿੱਛੇ ਹਟਣ ਨੂੰ ਲੈਕੇ ਚਰਚਾਵਾਂ ਦਾ ਬਜ਼ਾਰ ਗਰਮ ਹੈ। ਸ਼ਹਿਰ ’ਚ ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਹਨ। ਕਈ ਵਾਰਡਾਂ ’ਚ ਤਾਂ ‘ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਹਮਾਇਤੀਆਂ ਨੇ ਜਿੱਤ ਦਾ ਜਸ਼ਨ ਮਨਾਇਆ ਅਤੇ ਮਠਿਆਈਆਂ ਵੀ ਵੰਡੀਆਂ ਹਨ। ਦੂਜੇ ਪਾਸੇ ਵਿਰੋਧੀ ਧਿਰਾਂ ਇਸ ਤਾਜਾ ਘਟਨਾਕ੍ਰਮ ਸਬੰਧੀ ਜਿਆਦਾ ਬੋਲਣ ਤੋਂ ਕੰਨੀ ਕਤਰਾ ਰਹੀਆਂ ਹਨ।
ਵਾਰਡ ਨੂੰ ਸਮਰਪਿਤ ਜਿੱਤ: ਮਹਿਤਾ
ਵਾਰਡ ਨੰਬਰ 46 ਤੋਂ ‘ਆਪ’ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਨੇ ਇਹ ਜਿੱਤ ਆਪਣੇ ਵਾਡ ਵਾਸੀਆਂ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਾਰਡ ਵਾਸੀ ਉਨ੍ਹਾਂ ਦੇ ਕੰਮ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਹੁਣ ਸਮੁੱਚਾ ਫੋਕਸ ਬਾਕੀ ਵਾਰਡਾਂ ’ਚ ਉਮੀਦਵਾਰਾਂ ਨੂੰ ਜਿਤਾਉਣ ’ਤੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਬਠਿੰਡਾ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦਾ ਹੈ ਜਿਸ ਨੂੰ ਪੂਰਾ ਕਰਨ ਲਈ ਉਹ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹਨ।
- Download Babushahi App
-
-