PSPCL ਦੇ ਕਰਮਚਾਰੀਆਂ ਲਈ ਵੱਡੀ ਖ਼ਬਰ: SBI ਨਾਲ ਹੋਇਆ ਅਹਿਮ ਸਮਝੌਤਾ; ਮਿਲੇਗਾ 1 ਕਰੋੜ ਰੁਪਏ ਤੱਕ ਦਾ ਮੁਫ਼ਤ ਬੀਮਾ ਲਾਭ
PSPCL ਅਤੇ ਸਟੇਟ ਬੈਂਕ ਆਫ਼ ਇੰਡੀਆ (SBI) ਵੱਲੋਂ ਅਪਗ੍ਰੇਡਡ "ਕਾਰਪੋਰੇਟ ਸੈਲਰੀ ਪੈਕੇਜ" (CSP) ਲਾਂਚ
ਪੀ.ਐਸ.ਪੀ.ਸੀ.ਐਲ. ਦੇ ਲਗਭਗ 80 ਫੀਸਦੀ ਕਰਮਚਾਰੀਆਂ ਦੇ ਖਾਤੇ ਆਟੋਮੈਟਿਕ ਤੌਰ 'ਤੇ ਹੋਣਗੇ ਅਪਗ੍ਰੇਡ
ਦੁਰਘਟਨਾ ਦੌਰਾਨ ਮੌਤ ਜਾਂ ਪੂਰਨ ਅਪੰਗਤਾ ਦੀ ਸੂਰਤ ਵਿੱਚ ਮਿਲੇਗਾ 100 ਲੱਖ (1 ਕਰੋੜ) ਰੁਪਏ ਦਾ ਮੁਫ਼ਤ ਕਵਰ
ਕਰਮਚਾਰੀਆਂ 'ਤੇ ਨਹੀਂ ਪਵੇਗਾ ਕੋਈ ਵਾਧੂ ਵਿੱਤੀ ਬੋਝ, ਪੈਕੇਜ ਪੂਰੀ ਤਰ੍ਹਾਂ ਸਵੈ-ਇੱਛਤ
ਜਗਤਾਰ ਸਿੰਘ
ਪਟਿਆਲਾ, 20 ਮਈ 2026 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਆਪਣੇ ਕਰਮਚਾਰੀਆਂ ਦੀ ਭਲਾਈ ਅਤੇ ਵਿੱਤੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਵੱਡਾ ਕਦਮ ਚੁੱਕਿਆ ਗਿਆ ਹੈ। ਪੀ.ਐਸ.ਪੀ.ਸੀ.ਐਲ. ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI) ਨਾਲ ਇੱਕ ਅਹਿਮ ਸਮਝੌਤਾ ਸਹੀਬੰਦ (MoU) ਕੀਤਾ ਹੈ। ਇਸ ਸਮਝੌਤੇ ਤਹਿਤ ਇੱਕ ਵਿਸ਼ੇਸ਼ ਅਪਗ੍ਰੇਡਡ "ਕਾਰਪੋਰੇਟ ਸੈਲਰੀ ਪੈਕੇਜ" (CSP) ਸ਼ੁਰੂ ਕੀਤਾ ਗਿਆ ਹੈ, ਜੋ ਕਰਮਚਾਰੀਆਂ ਨੂੰ ਬਿਹਤਰ ਬੈਂਕਿੰਗ ਸਹੂਲਤਾਂ, ਵਿੱਤੀ ਸਹਾਇਤਾ ਅਤੇ ਵੱਡੇ ਬੀਮਾ ਲਾਭ ਪ੍ਰਦਾਨ ਕਰੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ, ਮੌਜੂਦਾ ਸਮੇਂ ਵਿੱਚ ਪੀ.ਐਸ.ਪੀ.ਸੀ.ਐਲ. ਦੇ ਲਗਭਗ 80% ਕਰਮਚਾਰੀਆਂ ਦੇ ਸੈਲਰੀ (ਤਨਖ਼ਾਹ) ਖਾਤੇ ਪਹਿਲਾਂ ਹੀ ਸਟੇਟ ਬੈਂਕ ਆਫ਼ ਇੰਡੀਆ (SBI) ਵਿੱਚ ਚੱਲ ਰਹੇ ਹਨ। ਇਸ ਨਵੇਂ ਸਮਝੌਤੇ ਦੀ ਖ਼ਾਸ ਗੱਲ ਇਹ ਹੈ ਕਿ ਐਸ.ਬੀ.ਆਈ. ਇਨ੍ਹਾਂ ਸਾਰੇ ਮੌਜੂਦਾ ਖਾਤਿਆਂ ਨੂੰ ਆਟੋਮੈਟਿਕ ਤੌਰ 'ਤੇ ਨਵੇਂ ਅਪਗ੍ਰੇਡਡ ਸੀ.ਐਸ.ਪੀ. (CSP) ਫਰੇਮਵਰਕ ਨਾਲ ਜੋੜ ਦੇਵੇਗਾ। ਇਸ ਨਾਲ ਕਰਮਚਾਰੀਆਂ ਨੂੰ ਬਿਨਾਂ ਕਿਸੇ ਦਫ਼ਤਰੀ ਪਰੇਸ਼ਾਨੀ ਜਾਂ ਭੱਜ-ਦੌੜ ਦੇ ਸਾਰੇ ਵਧੇਰੇ ਲਾਭ ਸਿੱਧੇ ਹਾਸਲ ਹੋ ਸਕਣਗੇ।
ਐਸ.ਬੀ.ਆਈ. ਰਾਹੀਂ ਤਨਖ਼ਾਹ ਲੈਣ ਵਾਲੇ ਪੀ.ਐਸ.ਪੀ.ਸੀ.ਐਲ. ਕਰਮਚਾਰੀ ਦੀ ਕਿਸੇ ਦੁਰਘਟਨਾ ਵਿੱਚ ਮੌਤ ਹੋਣ ਜਾਂ ਸੰਪੂਰਨ ਸਥਾਈ ਅਪੰਗਤਾ (Total Permanent Disability) ਦੀ ਸੂਰਤ ਵਿੱਚ 100 ਲੱਖ ਰੁਪਏ (1 ਕਰੋੜ) ਦਾ ਵਧੇਰੇ ਮੁਫ਼ਤ ਬੀਮਾ ਕਵਰ ਦਿੱਤਾ ਜਾਵੇਗਾ।ਜੇਕਰ ਕੋਈ ਕਰਮਚਾਰੀ ਦੁਰਘਟਨਾ ਦੌਰਾਨ ਆਂਸ਼ਿਕ ਸਥਾਈ ਅਪੰਗਤਾ (Permanent Partial Disability) ਦਾ ਸ਼ਿਕਾਰ ਹੁੰਦਾ ਹੈ, ਤਾਂ ਉਸ ਨੂੰ 80 ਲੱਖ ਰੁਪਏ ਤੱਕ ਦਾ ਬੀਮਾ ਕਵਰ ਮਿਲੇਗਾ। ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਨੂੰ ਵਧਾਉਂਦੇ ਹੋਏ ਇਸ ਪੈਕੇਜ ਵਿੱਚ 10 ਲੱਖ ਰੁਪਏ ਦੀ ਵਾਧੂ ਵਿੱਤੀ ਸੁਰੱਖਿਆ ਦਾ ਪ੍ਰਬੰਧ ਵੀ ਜੋੜਿਆ ਗਿਆ ਹੈ। ਇਹ ਪੈਕੇਜ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਇਸ ਅਪਗ੍ਰੇਡਡ ਪੈਕੇਜ ਦੇ ਬਦਲੇ ਖਾਤਾ ਧਾਰਕ ਕਰਮਚਾਰੀਆਂ 'ਤੇ ਕੋਈ ਵੀ ਵਾਧੂ ਵਿੱਤੀ ਬੋਝ ਜਾਂ ਦੇਣਦਾਰੀ ਨਹੀਂ ਪਵੇਗੀ।
ਇਹ ਰਣਨੀਤਕ ਗੱਠਜੋੜ ਪੀ.ਐਸ.ਪੀ.ਸੀ.ਐਲ. ਦੀ ਆਪਣੇ ਕਰਮਚਾਰੀਆਂ ਨੂੰ ਬਿਹਤਰੀਨ ਬੈਂਕਿੰਗ ਸੇਵਾਵਾਂ ਦੇ ਨਾਲ-ਨਾਲ ਇੱਕ ਮਜ਼ਬੂਤ ਵਿੱਤੀ ਸੁਰੱਖਿਆ ਕਵਚ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਆਮ ਬੈਂਕਿੰਗ ਸੁਵਿਧਾਵਾਂ ਤੋਂ ਹਟ ਕੇ, ਇਸ ਸਮਝੌਤੇ ਦਾ ਮੁੱਖ ਮਨੋਰਥ ਡਿਊਟੀ ਦੌਰਾਨ ਕਿਸੇ ਮੰਦਭਾਗੀ, ਘਾਤਕ ਜਾਂ ਗੰਭੀਰ ਦੁਰਘਟਨਾ ਦੀ ਸੂਰਤ ਵਿੱਚ ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਵੱਡੀ ਵਿੱਤੀ ਸਹਾਇਤਾ ਦੇ ਕੇ ਆਰਥਿਕ ਤੌਰ 'ਤੇ ਸੁਰੱਖਿਅਤ ਕਰਨਾ ਹੈ।
- Download Babushahi App
-
-