ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਰਾਹੋਂ ਦੇ ਵਾਰਡਾਂ ਵਿੱਚ ਕੀਤਾ ਰੋਸ ਵਿਖਾਵਾ
*24 ਮਈ ਨੂੰ ਨਵਾਂ ਸ਼ਹਿਰ ਦੇ ਵਾਰਡਾਂ ਵਿੱਚ ਹੋਵੇਗਾ ਮੋਟਰਸਾਈਕਲ ਮਾਰਚ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਮਈ , 2026
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਕਨਵੈਂਨਸ਼ਨ ਵਿੱਚ ਪਾਸ ਕੀਤੇ ਐਲਾਨ ਨਾਮੇ ਅਨੁਸਾਰ ਪੰਜਾਬ ਵਿੱਚ ਨਗਰ ਨਿਗਮ /ਨਗਰ ਪਾਲਿਕਾ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਔਪਾਰਟੀ ਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਕਰਨ ਦੇ ਸੱਦੇ ਤਹਿਤ ਅੱਜ ਰਾਹੋਂ ਵਿਖੇ ਕਰਨੈਲ ਸਿੰਘ, ਮਨਜਿੰਦਰਜੀਤ ਸਿੰਘ, ਰਵਿੰਦਰ ਕੁਮਾਰ ਅਤੇ ਜਸਵਿੰਦਰ ਸਿੰਘ ਭੰਗਲ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ ਪ੍ਰਦਰਸ਼ਨ ਦੇ ਵੱਖ-ਵੱਖ ਪੜਾਵਾਂ 'ਤੇ ਕੁਲਦੀਪ ਸਿੰਘ ਦੌੜਕਾ, ਕੁਲਵਿੰਦਰ ਸਿੰਘ ਅਟਵਾਲ, ਕਰਨੈਲ ਸਿੰਘ ਰਾਹੋਂ, ਵਿਜੇ ਕੁਮਾਰ, ਮਦਨ ਲਾਲ, ਬਿਕਰਮਜੀਤ ਸਿੰਘ, ਭਜਨ ਸਿੰਘ, ਭਲਵਿੰਦਰ ਪਾਲ, ਪਾਲਾ ਰਾਮ, ਰੇਸ਼ਮ ਲਾਲ, ਕਸ਼ਮੀਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਨਗਰ ਨਿਵਾਸੀਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਲਾਜ਼ਮ, ਪੈਨਸ਼ਨਰ, ਕਿਸਾਨ, ਮਜ਼ਦੂਰ ਵਿਰੋਧੀ ਨੀਤੀਆਂ 'ਤੇ ਹਮਲਾ ਕਰਦਿਆਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦਿੱਤਾ। ਮੋਟਰਸਾਇਕਲ ਮਾਰਚ ਦੌਰਾਨ ਵੋਟਰਾਂ ਨੂੰ ਸਰਕਾਰਾਂ ਦੀਆਂ ਮੁਲਾਜ਼ਮ, ਪੈਨਸ਼ਨਰ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੇ ਬਕਾਏ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਵੱਟੇ ਖਾਤੇ ਪਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਘੋਰ ਬੇਇਨਸਾਫੀ ਕੀਤੀ ਹੈ। ਇੱਥੇ ਹੀ ਬੱਸ ਨਹੀਂ ਮਾਨਯੋਗ ਹਾਈਕੋਰਟ ਵੱਲੋਂ 30 ਜੂਨ ਤੱਕ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਏ ਦੇਣ ਦੇ ਕੀਤੇ ਗਏ ਫੈਸਲੇ ਵਿਰੁੱਧ ਪੰਜਾਬ ਸਰਕਾਰ ਨੇ ਡਬਲ ਬੈਂਚ ਅੱਗੇ ਐਲਪੀਏ ਦਾਇਰ ਕੀਤੀ ਹੈ ਤਾਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਾਨਯੋਗ ਹਾਈਕੋਰਟ ਦੇ ਦਿੱਤੇ ਫੈਸਲੇ ਅਨੁਸਾਰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਤਨਖਾਹ ਦੁਹਰਾਈ ਦੇ ਬਕਾਏ ਦੇਣ ਤੋਂ ਬਚਿਆ ਜਾ ਸਕੇ। ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਗਏ ਵਾਅਦੇ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਜੁਮਲੇ ਹੀ ਸਾਬਤ ਹੋਏ ਹਨ। ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ। ਮੁੱਢਲੀ ਤਨਖਾਹ ਤੇ ਨਿਯੁਕਤੀ ਅਤੇ ਕੇਂਦਰੀ ਸਕੇਲ ਲਾਗੂ ਕਰਨ ਦੇ ਪੱਤਰ ਰੱਦ ਨਹੀਂ ਕੀਤੇ ਗਏ। ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਹਜ਼ਾਰਾਂ ਹੀ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਭਰਤੀ ਨਹੀਂ ਕੀਤੀ ਗਈ। ਭਾਜਪਾ ਦੀ ਕੇਂਦਰ ਸਰਕਾਰ ਜਿੱਥੇ ਜਨਤਕ ਖੇਤਰ ਦੇ ਅਦਾਰੇ ਕਾਰਪੋਰੇਟਾਂ ਨੂੰ ਲੁਟਾ ਰਹੀ ਹੈ, ਉੱਥੇ ਹੀ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਕਰ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਸੇ ਰਸਤੇ ਤੇ ਚਲਦਿਆਂ ਮੁਲਾਜ਼ਮ, ਪੈਨਸ਼ਨਰ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਜਿਸ ਕਾਰਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਭਾਜਪਾ ਅਤੇ ਆਪ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।
ਆਗੂਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 24 ਮਈ ਨੂੰ ਨਵਾਂ ਸ਼ਹਿਰ ਦੇ ਸਮੁੱਚੇ ਵਾਰਡਾਂ ਵਿੱਚ ਮੋਟਰਸਾਈਕਲ ਮਾਰਚ ਕਰਨ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਰੋਸ ਮਾਰਚ ਵਿੱਚ ਅਸ਼ੋਕ ਕੁਮਾਰ, ਜੋਗਾ ਸਿੰਘ, ਰਾਮ ਪਾਲ, ਰਾਮ ਦਾਸ, ਸਰਦਾਰਾ ਸਿੰਘ, ਕੁਲਦੀਪ ਸੋਨਾ, ਅਮਰੀਕ ਸਿੰਘ, ਸੁਭਾਸ਼, ਅਵਤਾਰ ਸਿੰਘ, ਬਿਆਸ ਲਾਲ, ਵਿਜੇ ਕੁਮਾਰ ਜਗਤਾਰ ਲਾਲ, ਰਾਮ ਆਸਰਾ, ਵਿਜੇ, ਕਸ਼ਮੀਰ ਸਿੰਘ, ਪਰਮਿੰਦਰ ਸੰਧੂ, ਮਹਿੰਦਰ ਪ੍ਰਤਾਪ, ਵਿਜੇ ਕੁਮਾਰ, ਅਸ਼ੋਕ ਕੁਮਾਰ ਵਿੱਤ ਸਕੱਤਰ, ਰਜਿੰਦਰ ਸਿੰਘ ਦੇਹਲ, ਜਰਨੈਲ, ਕੁਲਵੰਤ, ਰਾਜ ਕੁਮਾਰ, ਤਰਸੇਮ, ਰਜੀਵ ਗੌੜ, ਨਿਰੰਜਨ ਸਿੰਘ ਆਦਿ ਹਾਜ਼ਰ ਸਨ।
- Download Babushahi App
-
-