ਭਾਸ਼ਾ ਵਿਭਾਗ ਵੱਲੋਂ ਪੇਂਡੂ ਪੁਸਤਕ ਮੈਚਿੰਗ ਗ੍ਰਾਂਟ ਤਹਿਤ ਪੁਸਤਕਾਂ ਖਰੀਦਣ ਲਈ ਬਿਨੈ-ਪੱਤਰਾਂ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 18 ਮਈ 2026 :ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਸੂਬੇ ਵਿੱਚ ਸਾਹਿਤਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਪੜ੍ਹਨ ਦੀ ਰੁਚੀ ਨੂੰ ਵਧਾਉਣ ਲਈ ਅਹਿਮ ਉਪਰਾਲਾ ਕੀਤਾ ਗਿਆ ਹੈ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਪੇਂਡੂ ਲਾਇਬ੍ਰੇਰੀਆਂ, ਸਕੂਲਾਂ ਅਤੇ ਕਾਲਜਾਂ ਆਦਿ ਨੂੰ ਪੁਸਤਕ ਮੈਚਿੰਗ ਗ੍ਰਾਂਟ ਸਕੀਮ ਅਧੀਨ ਪੁਸਤਕਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਪਾਲ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੈਚਿੰਗ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਸਕੀਮ ਤਹਿਤ ਜੇਕਰ ਕੋਈ ਵੀ ਸੰਸਥਾ, ਜਿੰਨੇ ਰੁਪਏ ਦੀਆਂ ਪੁਸਤਕਾਂ ਦੀ ਖਰੀਦ ਭਾਸ਼ਾ ਵਿਭਾਗ ਤੋਂ ਕਰੇਗੀ, ਓਨੇ ਹੀ ਰੁਪਏ ਦੀਆਂ ਹੋਰ ਪੁਸਤਕਾਂ ਮੈਚਿੰਗ ਗ੍ਰਾਂਟ ਹੇਠ ਵਿਭਾਗ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ। ਡਾਇਰੈਕਟਰ ਭਾਸ਼ਾ ਵਿਭਾਗ ਦੇ ਆਦੇਸ਼ਾਂ ਅਨੁਸਾਰ ਵਿਭਾਗ ਨੂੰ ਪ੍ਰਾਪਤ ਹੋਈ ਮੈਚਿੰਗ ਗ੍ਰਾਂਟ ਸਬੰਧੀ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਪੁਸਤਕਾਂ ਖਰੀਦੀਆਂ ਜਾ ਸਕਦੀਆਂ ਹਨ।
ਵਿਭਾਗ ਵੱਲੋਂ ਜਾਰੀ ਹੋਈ ਹਦਾਇਤ ਅਨੁਸਾਰ ਗ੍ਰਾਂਟ ਦਾ ਲਾਭ ਲੈਣ ਦੀਆਂ ਇੱਛੁਕ ਸੰਸਥਾਵਾਂ ਸਬੰਧਤ ਸੰਸਥਾ ਦੇ ਲੈਟਰ-ਪੈਡ ਉੱਤੇ ਬਿਨੈ-ਪੱਤਰ, ਜਿਸ 'ਤੇ ਮੁਖੀ ਦੇ ਮੋਹਰ ਅਤੇ ਦਸਤਖ਼ਤ ਕਰਨ ਉਪਰੰਤ ਇਸ ਦਫ਼ਤਰ ਵਿਖੇ ਭੇਜ ਸਕਦੀਆਂ ਹਨ।
ਭਾਸ਼ਾ ਵਿਭਾਗ ਨੇ ਸਮੂਹ ਚਾਹਵਾਨ ਪੇਂਡੂ ਲਾਇਬ੍ਰੇਰੀਆਂ, ਸਕੂਲਾਂ ਅਤੇ ਕਾਲਜਾਂ ਪ੍ਰਬੰਧਕਾਂ ਨੂੰ ਅਪਲ ਕੀਤੀ ਹੈ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ ਨਾਲ ਸੰਪਰਕ ਕਰਨ। ਭਾਸ਼ਾ ਵਿਭਾਗ ਦਾ ਪਤਾ ਹੈ ਕਮਰਾ ਨੰਬਰ 227-ਈ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਅਤੇ ਈਮੇਲ ਆਈ.ਡੀ. dlobti.pblanguages@gmail.com ਹੈ ।
- Download Babushahi App
-
-