Political Special : ਨਗਰ ਨਿਗਮ ਚੋਣਾਂ : ਸਿਆਸੀ ਚੋਲਾ ਬਦਲਾਓ- ਇਨਾਮ ਦੇ ਤੌਰ ’ਤੇ ਟਿਕਟਾਂ ਲੈ ਕੇ ਜਾਓ
ਅਸ਼ੋਕ ਵਰਮਾ
ਬਠਿੰਡਾ, 17 ਮਈ 2026 : ਪੰਜਾਬ ਦੀ ਰਾਜਨੀਤੀ ਵਿੱਚ ਮੌਕਾਪ੍ਰਸਤ ਸਿਆਸਤਦਾਨਾਂ ਦੀ ਚਾਂਦੀ ਹੋਣ ਕਾਰਨ ਦਲ ਬਦਲੀਆਂ ਦਾ ਸਿਲਸਿਲਾ ਹੱਦੋਂ ਵੱਧ ਭਾਰੂ ਹੋਣ ਲੱਗਾ ਹੈ। ਸਿਆਸੀ ਪਾਰਟੀਆਂ ਵੱਲੋਂ ਦਲ ਬਦਲੀ ਨੂੰ ਏਨਾ ਜ਼ਿਆਦਾ ਉਤਸਾਹਤ ਕੀਤਾ ਜਾਣ ਲੱਗਾ ਹੈ ਕਿ ਰਾਜਨੀਤੀਵਾਨ ਮਿੰਟੋ ਮਿੰਟੀ ਆਪਣਾ ਸਿਆਸੀ ਚੋਲਾ ਬਦਲਣ ਲੱਗੇ ਹਨ। ਪਿਛਲੇ ਸਮੇਂ ਤੋਂ ਤੇਜ਼ੀ ਨਾਲ ਚੱਲ ਰਹੇ ਇਸ ਰੁਝਾਨ ਕਾਰਨ ਹੁਣ ਤਾਂ ਵਿਚਾਰਧਾਰਾ ਵਿੱਚ ਪੱਕੇ ਮੰਨੇ ਜਾਣ ਵਾਲੇ ਆਗੂਆਂ ਵੱਲੋਂ ਵੀ ਦਲ ਬਦਲੀ ਨੂੰ ਪਹਿਲ ਦੇਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕਦੇ ਨੀਲੀਆਂ ਪੱਗਾਂ ਵਾਲਿਆਂ ਜਾਂ ਭਗਵਾ ਪਾਰਟੀ ਵਾਲਿਆਂ ਦਾ ਕਾਂਗਰਸੀ ਹੋਣਾ ਤੇ ਕਾਂਗਰਸੀਆਂ ਦਾ ਜਥੇਦਾਰ ਬਣਨਾ ਸਾਧਾਰਨ ਵਰਤਾਰਾ ਮੰਨਿਆ ਜਾਂਦਾ ਸੀ ਜਿਸ ਨੇ ਹੁਣ ਹਰ ਪਾਰਟੀ ’ਚ ਹੱਦਾਂ ਟੱਪ ਦਿੱਤੀਆਂ ਹਨ। ਨਗਰ ਨਿਗਮ ਬਠਿੰਡਾ ਦੀ ਹੋਣ ਵਾਲੀ ਚੋਣ ਸਬੰਧੀ ਪੁਣਛਾਣ ਕਰੀਏ ਤਾਂ ਇਸ ਦੌਰਾਨ ਹੋਈ ਇੱਕ ਦਲਬਦਲੀ ਨੇ ਸ਼ਹਿਰ ਵਾਸੀਆਂ ਨੂੰ ਸੋਚੀਂ ਪਾ ਦਿੱਤਾ ਹੈ।
ਇਸ ਸਬੰਧ ’ਚ ਸਾਹਮਣੇ ਆਏ ਹੈਰਾਨੁਕੰਨ ਤੱਥਾਂ ਅਨੁਸਾਰ ਪਹਿਲਾ ਵੱਡਾ ਮਾਮਲਾ ਤਿੰਨ ਵਾਰ ਦੇ ਕਾਂਗਰਸੀ ਕੌਂਸਲਰ ਜਸਵੀਰ ਜੱਸਾ ਦੀ ਭਾਜਪਾ ’ਚ ਸ਼ਮੂਲੀਅਤ ਨਾਲ ਜੁੜਿਆ ਹੈ। ਜੱਸਾ ਨੇ ਟਿਕਟ ਖਾਤਰ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ। ਜਦੋਂ ਉਮੀਦਵਾਰਾਂ ਦੀ ਸੂਚੀ ’ਚ ਨਿਰਾਸ਼ਾ ਪੱਲੇ ਪਈ ਤਾਂ ਜੱਸਾ ਪਤਨੀ ਸਮੇਤ ਉਸੇ ਸ਼ਾਮ ਭਾਜਪਾ ’ਚ ਸ਼ਾਮਲ ਹੋ ਗਿਆ। ਭਾਜਪਾ ਦੀ ਫੁਰਤੀ ਦੇਖੋ ਜਿਸ ਨੇ ਵਾਰਡ ਨੰਬਰ 43 ਤੋਂ ਈਸ਼ਾ ਗਰਗ ਦੀ ਟਿਕਟ ਕੱਟਕੇ ਜੱਸਾ ਦੀ ਪਤਨੀ ਮਨਜੀਤ ਕੌਰ ਦਾ ਨਾਮ ਕਰ ਦਿੱਤੀ। ਹੁਣ ਇਹੋ ਜਿਹਾ ਦੂਸਰਾ ਮਾਮਲਾ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਆਗੂ ਡਾ ਤਰਸੇਮ ਗਰਗ ਦਾ ਹੈ ਜਿਸ ਨੂੰ ਝਾੜੂ ਨਾ ਫੜਾਉਣ ਤੋਂ ਖਫਾ ਉਨ੍ਹਾਂ ਦੀ ਪਤਨੀ ਰਜਨੀ ਜਿੰਦਲ ਭਾਜਪਾ ’ਚ ਸ਼ਾਮਲ ਹੋ ਗਈ। ਭਾਜਪਾ ਵੀ ਅੱਗਿਓਂ ਪੂਰੀ ਦਿਆਲ ਬੈਠੀ ਸੀ ਅਤੇ ਡਾ ਰਜਨੀ ਜਿੰਦਲ ਨੂੰ ਇਨਾਮ ਵਜੋਂ ਕਮਲ ਦਾ ਫੁੱਲ ਵੀ ਫੜਾ ਦਿੱਤਾ ਹੈ।
ਦਿਲਚਸਪ ਗੱਲ ਇਹ ਹੈ ਕਿ ਐਤਵਾਰ ਦਪਹਿਰ ਤੱਕ ਪਤੀ ਦੇਵ ਆਮ ਆਦਮੀ ਪਾਰਟੀ ’ਚ ਹੀ ਜੰਮੇ ਹੋਏ ਸਨ। ਏਦਾਂ ਦਾ ਹੀ ਭਾਣਾ ਬਠਿੰਡਾ ਸ਼ਹਿਰੀ ਕਾਂਗਰਸ ਪਾਰਟੀ ਨਾਲ ਵਾਪਰਿਆ ਹੈ ਜਿਸ ਦੀ ਨਗਰ ਨਿਗਮ ਦੇ ਜਰਨਲ ਹਾਊਸ ’ਚ ਸਿਆਸੀ ਤੌਰ ’ਤੇ ਕਿਰਕਰੀ ਕਰਵਾਉਣ ਵਾਲੇ ਕੌਂਸਲਰ ਤਾਜਾ ਚੋਣਾਂ ਦੌਰਾਨ ਇੱਕ ਵਾਰ ਫਿਰ ਤੋਂ ਅੱਖਾਂ ਦੇ ਤਾਰੇ ਬਣ ਗਏ ਹਨ। ਪਲੇਠਾ ਮਾਮਲਾ ਸਾਬਕਾ ਅਕਾਲੀ ਮੇਅਰ ਬਲਵੰਤ ਰਾਏ ਨਾਥ ਦੇ ਭਾਣਜੇ ਸੁਰੇਸ਼ ਚੌਹਾਨ ਨਾਲ ਜੁੜਿਆ ਹੋਇਆ ਹੈ ਜੋ ਕਾਂਗਰਸ ਦੇ ਜਰਨਲ ਸਕੱਤਰ ਸੰਦੀਪ ਸੰਧੂ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਕੇ 2 ਮਈ 2025 ਨੂੰ ਤੱਤਕਾਲੀ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਖਿਲਾਫ ਲਿਆਂਦੇ ਬੇਭਰੋਸਗੀ ਮਤੇ ਮੌਕੇ ਹਾਕਮ ਧਿਰ ਦੇ ਹੱਕ ’ਚ ਭੁਗਤ ਗਿਆ ਸੀ। ਚੌਹਾਨ ਨੂੰ ਪਾਰਟੀ ਨੇ 5 ਸਾਲ ਲਈ ਕਾਂਗਰਸ ਚੋਂ ਕੱਢ ਦਿੱਤਾ ਸੀ ਪਰ ਕਰੀਬ ਸਾਲ ਦੇ ਅੰਦਰ ਵਾਪਿਸੀ ਉਪਰੰਤ ਹੁਣ ਉਹ ਵਾਰਡ ਨੰਬਰ 24 ਤੋਂ ਉਮੀਦਵਾਰ ਹੈ।
ਇਸੇ ਤਰਾਂ ਹੀ ਕਾਂਗਰਸ ਪਾਰਟੀ ਦੀ ਥਾਂ ਆਪਣੀ ਵੱਖਰੀ ਸੋਚ ਰੱਖਣ ਵਾਲੇ ਸੰਦੀਪ ਕੁਮਾਰ ਬੌਬੀ ਨੂੰ ਵੀ ਕਾਂਗਰਸ ’ਚ ਵਾਪਸ ਲਿਆਉਣ ਪਿੱਛੋਂ ਨਾਮਜਦਗੀਆਂ ਦੇ ਆਖਰੀ ਦਿਨ ਵਾਰਡ ਨੰਬਰ 34 ਤੋਂ ਟਿਕਟ ਦਿੱਤੀ ਗਈ ਹੈ। ਸਾਬਕਾ ਮੇਅਰ ਪਦਮਜੀਤ ਮਹਿਤਾ ਵੱਲੋਂ ਬਣਾਈ ਗਈ ਐਫਐਂਡਸੀਸੀ ਦੀ ਮੈਂਬਰ ਰਹੀ ਕਾਂਗਰਸੀ ਆਗੂ ਪਵਨ ਮਾਨੀ ਦੀ ਧਰਮਪਤਨੀ ਪਰਵੀਨ ਗਰਗ ਨੂੰ ਕਾਂਗਰਸ ਨੇ ਵਾਰਡ ਨੰਬਰ 9 ਤੋਂ ਟਿਕਟ ਨਾਲ ਨਿਵਾਜਿਆ ਹੈ। ਪਤਨੀ ਵੱਲੋਂ ਹਾਕਮ ਪਾਰਟੀ ਦੇ ਹੱਕ ’ਚ ਖੜ੍ਹਨ ਕਾਰਨ ਪਵਨ ਮਾਨੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਜਿਸ ਸਬੰਧੀ ਸਭ ਚੁੱਪ ਹਨ ਸੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਪਾਰਟੀਆਂ ਨੂੰ ਮਜਬੂਤ ਲੀਡਰ ਹੀ ਨਹੀਂ ਮਿਲ ਰਹੇ ਜਿਸ ਕਰਕੇ ਮੌਕਾਪ੍ਰਸਤਾਂ ’ਤੇ ਭਰੋਸਾ ਕਰਨਾ ਸਿਆਸੀ ਧਿਰਾਂ ਦੀ ਮਜਬੂਰੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਉਂਜ ਅਜਿਹੇ ਲੀਡਰਾਂ ਕਾਰਨ ਨਗਰ ਨਿਗਮ ਚੋਣਾਂ ਰੌਚਕਤਾ ਭਰਪੂਰ ਬਣ ਜਾਂਦੀਆਂ ਹਨ।
ਹੋਰ ਵੀ ਹੋਈਆਂ ਦਲ ਬਦਲੀਆਂ
ਭਾਜਪਾ ਆਗੂ ਸੁਰਜੀਤ ਸਿੰਘ ਨਾਗੀ ਟਿਕਟ ਨਾਂ ਮਿਲਣ ਕਰਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਇਆ ਹੈ। ਵਿਧਾਇਕ ਜਗਰੂਪ ਗਿੱਲ ਦੇ ਭਾਣਜੇ ਵੱਲੋਂ ਚੋਣ ਲੜਨ ਤੋਂ ਨਾਂਹ ਕਰਨ ਕਾਰਨ ਵਾਰਡ ਨੰਬਰ 14 ਤੋਂ ‘ਆਪ ’ਚ ਸ਼ਾਮਲ ਹੋਣ ਉਪਰੰਤ ਪਰਵਿੰਦਰ ਸਿੰਘ ਨੰਬਰਦਾਰ ਚੋਣ ਲੜ ਰਹੇ ਹਨ। ਟਿਕਟ ਨਾਂ ਮਿਲਣ ਕਾਰਨ ‘ਆਪ’ ਮਹਿਲਾ ਵਿੰਗ ਦੀ ਪ੍ਰਧਾਨ ਰਹੀ ਰਣਜੀਤ ਕੌਰ ਅਤੇ ਵਲੰਟੀਅਰ ਸੁਖਚਰਨ ਬਰਾੜ ਨਂੇ ਅਜਾਦ ਚੋਣਾਂ ਲਨ ਦਾ ਐਲਾਨ ਕੀਤਾ ਹੈ। ਹੋਰ ਵੀ ਕਈ ਵਲੰਟੀਅਰਾਂ ਅਤੇ ਆਗੂਆਂ ਨੇ ਟਿਕਟਾਂ ਦੀ ਕਥਿਤ ਕਾਣੀ ਵੰਡ ਕਾਰਨ ਅਸਤੀਫੇ ਵੀ ਦਿੱਤੇ ਹਨ।
ਸੱਤਾ ਦਾ ਨਿੱਘ ਮਾਨਣਾ ਮਕਸਦ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਦਲ ਬਦਲੀਆਂ ਤੋਂ ਸਪੱਸ਼ਟ ਹੈ ਕਿ ਸਿਆਸੀ ਲੋਕਾਂ ਦੀ ਰਾਜਸੀ ਪਾਰਟੀਆਂ ਨਾਲ ਕੋਈ ਜਜ਼ਬਾਤੀ ਸਾਂਝ ਨਹੀਂ ਰਹੀ ਅਤੇ ਸਿਰਫ਼ ਸੱਤਾ ਦਾ ਨਿੱਘ ਮਾਨਣਾ ਹੀ ਇੱਕ ਮਾਤਰ ਮਕਸਦ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਜਦੋਂ ਮਰਹੂਮ ਚੌਧਰੀ ਭਜਨ ਲਾਲ ਨੇ ਆਪਣੇ ਪੂਰੇ ਮੰਤਰੀ ਮੰਡਲ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਤਾਂ ਉਦੋਂ ’ਆਇਆ ਰਾਮ ਗਿਆ ਰਾਮ’ ਵਾਲਾ ਜੁਮਲਾ ਮਸ਼ਹੂਰ ਹੋਇਆ ਸੀ ਜੋਕਿ ਹੁਣ ਪੰਜਾਬ ਦੇ ਸਿਆਸਤਦਾਨਾਂ ’ਤੇ ਵੀ ਢੁੱਕਣ ਲੱਗਾ ਹੈ।
- Download Babushahi App
-
-