ਪੰਜਾਬ ਸਰਕਾਰ ਕਰਵਾਏਗੀ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ :DC ਬਠਿੰਡਾ
ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਦੇ ਪ੍ਰਸਾਰ ਲਈ ਸਕੂਲਾਂ ’ਚ ਮੁਕਾਬਲੇ ਅਤੇ ਸੈਮੀਨਾਰ ਕਰਵਾਏ ਜਾਣਗੇ
ਵਾਤਾਵਰਣ ਸੰਭਾਲ ਲਈ ਜ਼ਿਲ੍ਹੇ ’ਚ 6.50 ਲੱਖ ਬੂਟੇ ਲਾਏ ਜਾਣਗੇ
ਅਸ਼ੋਕ ਵਰਮਾ
ਬਠਿੰਡਾ, 27 ਅਪ੍ਰੈਲ 2026 : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਅਤੇ ਭਾਵਨਾਤਮਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਵੱਖ ਵੱਖ ਸਮਾਗਮਾਂ ਦਾ ਮੁਖ ਮੰਤਵ ਗੁਰੂ ਜੀ ਦੇ ਉਪਦੇਸ਼ਾਂ ਅਤੇ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ।
ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਇਸ ਗੱਲ ਦਾ ਪ੍ਰਗਟਾਵਾ ਗੁਰੂ ਰਵਿਦਾਸ ਜੀ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਲਈ ਬੁਲਾਈ ਗਈ ਵਿਸ਼ੇਸ਼ ਬੈਠਕ ਦੌਰਾਨ ਕੀਤਾ । ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਜੀਵਨ, ਉਪਦੇਸ਼ਾਂ ਅਤੇ ਸਮਾਜਿਕ ਸੁਨੇਹੇ ਪਹੁੰਚਾਉਣ ਲਈ ਵਿਸ਼ੇਸ਼ ਪੇਂਟਿੰਗ ਮੁਕਾਬਲੇ ਅਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾਣ। ਇਸ ਮੌਕੇ ਵਿਦਿਆਰਥੀਆਂ ਨੂੰ ਸਮਾਨਤਾ ਅਤੇ ਭਾਈਚਾਰੇ ਨਾਲ ਜੋੜਨ ਉੱਤੇ ਜ਼ੋਰ ਦਿੱਤਾ ਜਾਵੇਗਾ। ਇਸ ਨਾਲ ਨੌਜਵਾਨ ਪੀੜ੍ਹੀ ਮਹਾਨ ਸੰਤਾਂ ਦੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਸਮਾਜ ਵਿੱਚ ਸਕਾਰਾਤਮਕ ਭੂਮਿਕਾ ਨਿਭਾ ਸਕੇਗੀ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਜੰਗਲਾਤ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਬਗ਼ੀਚੀਆਂ ਲਗਾਈਆਂ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿਭਾਗਾਂ ਕੋਲ ਪਈਆਂ ਖੁੱਲੀਆਂ ਥਾਵਾਂ 'ਚ ਇਹ ਬਗੀਚਿਆਂ ਲਗਾਈਆਂ ਜਾਣਗੀਆਂ ਅਤੇ ਹਰ ਇਕ ਬਗੀਚੀ ਵਿੱਚ 650 ਪੌਦੇ ਲਗਾਏ ਜਾਣਗੇ । ਸਮੂਹ ਜ਼ਿਲ੍ਹੇ ਵਿੱਚ ਕੁੱਲ 6,50,000 ਬੂਟੇ ਲਗਾਉਣ ਦਾ ਟੀਚਾ ਤਹਿ ਕੀਤਾ ਗਿਆ ਹੈ। ਇਸ ਮੁਹਿੰਮ ਦੌਰਾਨ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਂਦੇ ਹੋਏ ਹਰੇ-ਭਰੇ ਵਾਤਾਵਰਣ ਦੀ ਸਿਰਜਣਾ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਵੀ ਚਲਾਇਆ ਜਾਵੇਗਾ ਤਾਂ ਜੋ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਚੱਜਾ ਅਤੇ ਸਿਹਤਮੰਦ ਮਾਹੌਲ ਤਿਆਰ ਕੀਤਾ ਜਾ ਸਕੇ।
ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧਾਉਣ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਮੈਰਾਥਨ ਦਾ ਆਯੋਜਨ ਕੀਤਾ ਜਾਵੇ, ਜਿਸ ਵਿੱਚ ਲਗਭਗ 1000 ਸਕੂਲੀ ਅਤੇ ਕਾਲਜ਼ ਦੇ ਵਿਦਿਆਰਥੀਆਂ ਨੂੰ ਭਾਗੀਦਾਰੀ ਯਕੀਨੀ ਬਣਾਇਆ ਜਾਵੇ। ਇਸ ਮੌਕੇ ਭਾਗੀਦਾਰਾਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਗੁਰਪ੍ਰੀਤ ਸਿੰਘ ਥਿੰਦ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ. ਬਲਕਰਨ ਸਿੰਘ ਮਾਹਲ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਰਾਕੇਸ਼ ਕੁਮਾਰ, ਸਿਵਲ ਸਰਜਨ ਡਾ. ਤਪਿੰਦਰਜੋਤ, ਡਾ. ਉਸ਼ਾ ਗੋਇਲ ਜ਼ਿਲ੍ਹਾ ਸਿਹਤ ਅਧਿਕਾਰੀ, ਜਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ, ਜਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
Click to Follow Babushahi Facebook page →