ਸਪੋਟਰਸਕਿੰਗ ਫੈਕਟਰੀ ਜੀਦਾ ਵਿੱਚ ਸਨਮਾਨ ਯੋਗ ਕੰਮ ਦੇ ਹਾਲਤਾਂ ਅਤੇ ਉਜਰਤਾਂ ਨੂੰ ਲੈ ਕੇ ਸੰਘਰਸ਼ੀ ਮਜ਼ਦੂਰਾਂ ਦੀ ਗ੍ਰਿਫਤਾਰੀ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ ,27 ਅਪ੍ਰੈਲ 2026: ਪਿੰਡ ਜੀਦਾ ਵਿਖੇ ਸਪੋਰਟਸਕਿੰਗ ਫੈਕਟਰੀ ਦੇ ਮਜ਼ਦੂਰਾਂ ਵੱਲੋਂ ਆਪਣੀ ਉਜਰਤਾਂ ਦੇ ਵਾਧੇ ਅਤੇ ਕੰਮ ਦੀਆਂ ਚੰਗੀਆਂ ਹਾਲਤਾਂ ਲਈ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਫੈਕਟਰੀ ਦੀ ਮੈਨੇਜਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕਰਨ ਅਤੇ ਧਮਕਾਉਣ ਦੀ ਡੈਮੋਕ੍ਰੇਟਿਕ ਟੀਚਰ ਫਰੰਟ ਇਕਾਈ ਬਠਿੰਡਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੋਆਣਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਪੋਰਟਸਕਿੰਗ ਫੈਕਟਰੀ ਜੀਦਾ ਦੇ ਮਾਲਕਾਂ ਵੱਲੋਂ ਮਜ਼ਦੂਰਾਂ ਦੀ ਕਿਰਤ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਅੱਤ ਦੀ ਗਰਮੀ ਦੇ ਵਿੱਚ ਉਹਨਾਂ ਨੂੰ ਬੇਹੱਦ ਮਾੜੀਆਂ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ।
ਉਹਨਾਂ ਕਿਹਾ ਕਿ ਉਹਨਾਂ ਤੋਂ 12-12 ਘੰਟੇ ਕੰਮ ਲੈ ਕੇ ਬੇਹਦ ਨਿਗੂਣਾ ਮਿਹਨਤਾਨਾ ਦਿੱਤਾ ਜਾਂਦਾ ਹੈ। ਇਸ ਤੋਂ ਬਿਨਾਂ ਓਵਰ ਟਾਈਮ ਲਈ ਜਬਰੀ ਮਜ਼ਦੂਰਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਪਿਛਲੇ ਲੰਬੇ ਸਮੇਂ ਤੋਂ ਆਪਣੇ ਨਾਲ ਹੋ ਰਹੇ ਇਹਨਾਂ ਵਿਤਕਰਿਆਂ ਦੇ ਖਿਲਾਫ਼ ਮਜ਼ਦੂਰਾਂ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਤਾਂ ਫੈਕਟਰੀ ਮੈਨੇਜਮੈਂਟ ਵੱਲੋਂ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣਨ ਦੀ ਬਿਜਾਏ ਸੰਘਰਸ਼ ਕਰ ਰਹੇ ਮਜ਼ਦੂਰ ਆਗੂਆਂ ਅਤੇ ਕਾਰਕੁਨਾਂ ਦੀ ਏਕਤਾ ਨੂੰ ਜ਼ਬਰੀ ਤੋੜਨ ਦੀ ਕੋਸ਼ਿਸ਼ ਕਰਦਿਆਂ ਪੁਲਿਸ ਨੇ ਹੱਕੀ ਸੰਘਰਸ਼ ਕਰਦੇ ਮਜ਼ਦੂਰਾਂ ਨੂੰ ਨੌਕਰੀ ਤੋਂ ਬਾਹਰ ਕਰਨ ਦੀਆਂ ਧਮਕੀਆਂ ਦਿੱਤੀਆਂ। ਪਿੰਡਾਂ ਦੇ ਸਰਪੰਚਾਂ ਅਤੇ ਆਮ ਵਿਅਕਤੀਆਂ ਨੂੰ ਪਿੰਡਾਂ ਵਿੱਚ ਮੀਟਿੰਗਾਂ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਅੱਜ ਜਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਸਵੇਰ ਵਕਤ ਜਦੋਂ ਆਪਣੇ ਕੰਮ ਤੋਂ ਬਾਹਰ ਆ ਰਹੇ ਮਜ਼ਦੂਰ ਆਪਣੀਆਂ ਮੰਗਾਂ ਲਈ ਧਰਨੇ ਦੀ ਤਿਆਰੀ ਕਰ ਰਹੇ ਸਨ ਤਾਂ ਉਹਨਾਂ ਨੂੰ ਜਬਰੀ ਗ੍ਰਿਫ਼ਤਾਰ ਕਰਕੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ ।ਇਸ ਤੋਂ ਬਿਨਾਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੁਖਬੀਰ ਸਿੰਘ ਖੇਮੁਆਨਾ ਆਗੂ ਲੋਕ ਮੋਰਚਾ ਪੰਜਾਬ, ਮੰਗਾ ਸਿੰਘ ਆਜ਼ਾਦ ਨੌਜਵਾਨ ਭਾਰਤ ਸਭਾ ਦੇ ਆਗੂ ਸਮੇਤ ਸੈਂਕੜੇ ਸੰਘਰਸ਼ ਕਰਦੇ ਮਜ਼ਦੂਰ ਆਗੂਆਂ ਦੇ ਨਾਲ ਗ੍ਰਿਫਤਾਰ ਕਰਕੇ ਜਬਰੀ ਵੱਖ ਵੱਖ ਪੁਲਸ ਥਾਣਿਆਂ ਵਿੱਚ ਬੰਦ ਕੀਤਾ ਹੋਇਆ ਹੈ ।ਡੈਮੋਕਰੇਟਿਕ ਟੀਚਰਜ਼ ਫਰੰਟ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਅਤੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਫੌਰੀ ਤੌਰ ਤੇ ਰਿਹਾ ਕਰਨ ਦੀ ਮੰਗ ਕੀਤੀ ਹੈ।
Click to Follow Babushahi Facebook page →