AAP ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦੇ ਖਿਲਾਫ਼ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਲਹਿਰਾਗਾਗਾ ਵਿੱਚ ਰੋਸ ਪ੍ਰਦਰਸ਼ਨ, ਪੁਤਲੇ ਫੂਕੇ
-ਆਮ ਆਦਮੀ ਪਾਰਟੀ ਵੱਲੋਂ ਬਣਾਏ ਰਾਜ ਸਭਾ ਮੈਂਬਰਾਂ ਨੇ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ : ਬਰਿੰਦਰ ਗੋਇਲ
-ਆਪ ਵਿਧਾਇਕਾਂ ਦੇ ਭਾਜਪਾ ‘ਚ ਜਾਣ ਬਾਰੇ ਅਫ਼ਵਾਹਾਂ ਬੇਬੁਨਿਆਦ, ਸਾਰੇ ਵਿਧਾਇਕ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ : ਬਰਿੰਦਰ ਗੋਇਲ
ਦਲਜੀਤ ਕੌਰ
ਲਹਿਰਾਗਾਗਾ, 26 ਅਪ੍ਰੈਲ, 2026: ਲਹਿਰਾਗਾਗਾ ਵਿਖੇ ਅੱਜ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਥਾਨਕ ਲੋਕਾਂ ਵੱਲੋਂ ਭਾਜਪਾ ‘ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਬਰਿੰਦਰ ਗੋਇਲ ਨੇ ਕਿਹਾ ਕਿ ਇਨ੍ਹਾਂ ਰਾਜ ਸਭਾ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਲੋਕ ਸੇਵਾ ਲਈ ਇਹ ਅਹੁਦੇ ਸੌਂਪੇ ਸਨ, ਪਰ ਉਨ੍ਹਾਂ ਨੇ ਆਪਣੇ ਸਵਾਰਥ ਲਈ ਪੰਜਾਬ ਦੇ ਲੋਕਾਂ ਦਾ ਭਰੋਸਾ ਤੋੜ ਦਿੱਤਾ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕਾਂ ਦੇ ਭਾਜਪਾ ‘ਚ ਸ਼ਾਮਲ ਹੋਣ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗੋਇਲ ਨੇ ਸਪਸ਼ਟ ਕੀਤਾ ਕਿ ਸਾਰੇ ਵਿਧਾਇਕ ਪਾਰਟੀ ਪ੍ਰਤੀ ਪੂਰੀ ਵਫ਼ਾਦਾਰੀ ਨਾਲ ਖੜ੍ਹੇ ਹਨ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਇਕਜੁੱਟ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੋਲ ਪੰਜਾਬ ਵਿੱਚ ਜਮੀਨੀ ਪੱਧਰ ‘ਤੇ ਲੋਕਾਂ ਸਾਹਮਣੇ ਰੱਖਣ ਲਈ ਕੁਝ ਵੀ ਨਹੀਂ ਹੈ ਅਤੇ ਹੁਣ ਉਹ “ਓਪਰੇਸ਼ਨ ਲੋਟਸ” ਵਰਗੀਆਂ ਚਾਲਾਂ ਰਾਹੀਂ ਹੋਰ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਾਲ ਜੋੜ ਕੇ 2027 ਦੀਆਂ ਚੋਣਾਂ ਲਈ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਥਕੰਡਿਆਂ ਨੂੰ ਪੰਜਾਬ ਦੇ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ।
ਗੋਇਲ ਨੇ ਅੱਗੇ ਕਿਹਾ ਕਿ ਜਦੋਂ ਈਡੀ ਵੱਲੋਂ ਦਬਾਅ ਬਣਾਇਆ ਗਿਆ ਤਾਂ ਪਾਰਟੀ ਛੱਡਣ ਵਾਲੇ ਰਾਜ ਸਭਾ ਮੈਂਬਰ ਆਪਣਾ ਸਟੈਂਡ ਕਾਇਮ ਨਹੀਂ ਰੱਖ ਸਕੇ, ਜਿਸ ਨਾਲ ਉਨ੍ਹਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾਂ ਆਗੂਆਂ ਦੇ ਜਾਣ ਤੋਂ ਬਾਅਦ ਹੋਰ ਵੀ ਮਜ਼ਬੂਤ ਹੋਵੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਇਨ੍ਹਾਂ ਮੈਂਬਰਾਂ ਨੂੰ ਵੱਡਾ ਮਾਣ-ਸਤਿਕਾਰ ਦਿੱਤਾ ਸੀ, ਪਰ ਉਹ ਆਪਣੇ ਸਿਧਾਂਤਾਂ ‘ਤੇ ਕਾਇਮ ਨਹੀਂ ਰਹੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਸੀਨੀਅਰ ਆਗੂ, ਵਲੰਟੀਅਰ ਅਤੇ ਵਰਕਰ ਮੌਜੂਦ ਸਨ।
Click to Follow Babushahi Facebook page →