ਰਾਜ ਤੋਂ ਬਾਹਰਲੇ ਤੇ ਕਾਰੋਬਾਰੀਆਂ ਨੂੰ ਰਾਜ ਸਭਾ ਭੇਜ ਕੇ ਧੋਖਾ ਪੰਜਾਬ ਨਾਲ ਕੀਤਾ : ਮਨਪ੍ਰੀਤ ਅਯਾਲੀ
ਚੰਡੀਗੜ੍ਹ, 25 ਅਪ੍ਰੈਲ, 2026
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਅਯਾਲੀ ਨੇ ਪੰਜਾਬ ਦੀ ਰਾਜਨੀਤੀ ਵਿੱਚ ਹਾਲ ਹੀ ਵਿੱਚ ਹੋਏ ਵੱਡੇ ਉਲਟਫੇਰ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੋਵਾਂ 'ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ ਹਨ।
ਮਨਪ੍ਰੀਤ ਅਯਾਲੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਿੱਖ ਬੁੱਧੀਜੀਵੀਆਂ, ਪਾਰਟੀ ਵਰਕਰਾਂ ਅਤੇ ਆਮ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਕੇ ਰਾਜ ਤੋਂ ਬਾਹਰਲੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਜ ਸਭਾ ਭੇਜਿਆ ਸੀ, ਜੋ ਕਿ ਪੰਜਾਬ ਦੇ ਲੋਕਾਂ ਨਾਲ ਇੱਕ ਵੱਡਾ ਧੋਖਾ ਸੀ। ਉਨ੍ਹਾਂ ਕਿਹਾ ਕਿ ਅੱਜ ਓਹੀ 7 ਰਾਜ ਸਭਾ ਮੈਂਬਰ 'ਆਪ' ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਚੁੱਕੇ ਹਨ। ਅਯਾਲੀ ਮੁਤਾਬਕ, ਆਮ ਆਦਮੀ ਪਾਰਟੀ ਅੱਜ ਆਪਣੇ ਕੀਤੇ ਗਏ ਉਸੇ ਧੋਖੇ ਅਤੇ ਗਲਤ ਫੈਸਲਿਆਂ ਦੀ ਸਜ਼ਾ ਭੁਗਤ ਰਹੀ ਹੈ।
ਸਿਰਫ਼ 'ਆਪ' ਹੀ ਨਹੀਂ, ਸਗੋਂ ਅਯਾਲੀ ਨੇ ਭਾਜਪਾ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੀ ਪੰਜਾਬ ਵਿੱਚ ਜੋ 'ਜੋੜ-ਤੋੜ' ਦੀ ਰਾਜਨੀਤੀ ਕਰ ਰਹੀ ਹੈ ਅਤੇ ਆਪਣੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਉਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਭਵਿੱਖ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਪਾਰਟੀ ਲਈ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਅਣਗੌਲਿਆ ਕਰਕੇ ਚੱਲਣ ਦੀ ਰਣਨੀਤੀ ਲੰਬੇ ਸਮੇਂ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
Click to Follow Babushahi Facebook page →