ਤਲਵੰਡੀ ਸਾਬੋ ਪਾਵਰ ਲਿਮਿਟਡ ਵਿਖੇ ਸਿਵਲ ਡਿਫੈਂਸ ‘ਏਅਰ ਰੇਡ’ ਮੌਕ ਡਰਿੱਲ ਕਰਵਾਈ
ਹਵਾਈ ਹਮਲੇ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਪਰਖ
ਅਸ਼ੋਕ ਵਰਮਾ
ਬਣਾਂਵਾਲੀ, 25 ਅਪ੍ਰੈਲ 2026 :ਕਿਸੇ ਵੀ ਸੰਭਾਵੀ ਹੰਗਾਮੀ ਸਥਿਤੀ ਜਾਂ ਦੁਸ਼ਮਣ ਦੇ ਹਵਾਈ ਹਮਲੇ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਤਲਵੰਡੀ ਸਾਬੋ ਪਾਵਰ ਲਿਮਿਟਡ (ਥਰਮਲ ਪਲਾਂਟ) ਬਣਾਂਵਾਲੀ ਵਿਖੇ ਇੱਕ ਵਿਸ਼ੇਸ਼ 'ਏਅਰ ਰੇਡ' ਮੌਕ ਡਰਿੱਲ ਕਰਵਾਈ ਗਈ।ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਅਤੇ ਥਰਮਲ ਪਲਾਂਟ ਦੇ ਸੀਈਓ ਪੰਕਜ ਸ਼ਰਮਾ ਦੀ ਮੌਜੂਦਗੀ ਵਿੱਚ ਹੋਈ ਇਸ ਡਰਿੱਲ ਦੌਰਾਨ ਪੂਰੇ ਪਲਾਂਟ ਵਿੱਚ 'ਬਲੈਕ ਆਊਟ' ਕਰਕੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਥਰਮਲ ਪਲਾਂਟ ਦੇ ਸੀਈਓ ਪੰਕਜ ਸ਼ਰਮਾ, ਥਰਮਲ ਪਲਾਂਟ ਦੇ ਹੋਰ ਅਧਿਕਾਰੀ, ਪੁਲਿਸ ਅਧਿਕਾਰੀ ਅਤੇ ਸੁਰੱਖਿਆ ਟੀਮਾਂ ਹਾਜ਼ਰ ਸਨ।
ਅਭਿਆਸ ਦੌਰਾਨ ਹਵਾਈ ਹਮਲੇ ਦਾ ਸਾਇਰਨ ਵਜਾ ਕੇ ਬਲੈਕ ਆਊਟ ਦੀ ਸਥਿਤੀ ਪੈਦਾ ਕੀਤੀ ਗਈ, ਜਿਸ ਵਿੱਚ ਪਲਾਂਟ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ।
ਇਸ ਦੌਰਾਨ ਟੀਮਾਂ ਵੱਲੋਂ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ, ਫਸਟ ਏਡ ਦੇਣ ਅਤੇ ਅੱਗ ਬੁਝਾਊ ਅਮਲੇ ਵੱਲੋਂ ਤੁਰੰਤ ਕਾਰਵਾਈ ਕਰਨ ਦਾ ਸਫਲ ਪ੍ਰਦਰਸ਼ਨ ਕੀਤਾ ਗਿਆ।ਮੌਕੇ 'ਤੇ ਮੌਜੂਦ ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਅਜਿਹੀਆਂ ਮੌਕ ਡਰਿੱਲਾਂ ਦਾ ਮੁੱਖ ਉਦੇਸ਼ ਪ੍ਰਸ਼ਾਸਨ, ਸੁਰੱਖਿਆ ਏਜੰਸੀਆਂ ਅਤੇ ਥਰਮਲ ਪਲਾਂਟ ਦੇ ਪ੍ਰਬੰਧਕਾਂ ਦੀ ਤਿਆਰੀ ਨੂੰ ਪਰਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਵਰਗੇ ਸੰਵੇਦਨਸ਼ੀਲ ਅਦਾਰਿਆਂ ਦੀ ਸੁਰੱਖਿਆ ਬੇਹੱਦ ਅਹਿਮ ਹੈ। ਇਸ ਅਭਿਆਸ ਰਾਹੀਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਜੇਕਰ ਭਵਿੱਖ ਵਿੱਚ ਕੋਈ ਅਜਿਹੀ ਹੰਗਾਮੀ ਸਥਿਤੀ ਬਣਦੀ ਹੈ, ਤਾਂ ਅਸੀਂ ਘੱਟ ਤੋਂ ਘੱਟ ਸਮੇਂ ਵਿੱਚ ਜਾਨ-ਮਾਲ ਦੇ ਨੁਕਸਾਨ ਨੂੰ ਰੋਕ ਸਕੀਏ।ਉਨ੍ਹਾਂ ਅਧਿਕਾਰੀਆਂ ਅਤੇ ਪਲਾਂਟ ਸੁਰੱਖਿਆ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਅਤੇ ਹਦਾਇਤ ਕੀਤੀ ਕਿ ਸਮੇਂ-ਸਮੇਂ 'ਤੇ ਅਜਿਹੇ ਅਭਿਆਸ ਜਾਰੀ ਰੱਖੇ ਜਾਣ ਤਾਂ ਜੋ ਤਕਨੀਕੀ ਮਾਰਗਦਰਸ਼ਨ ਅਤੇ ਤਾਲਮੇਲ ਵਿੱਚ ਕੋਈ ਕਮੀ ਨਾ ਰਹੇ।
Click to Follow Babushahi Facebook page →