ਵਪਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇੰਡਸਟਰੀ ਏਰੀਏ ਵਿੱਚ ਬਣੇਗੀ ਪੁਲਿਸ ਚੌਕੀ-ਐਸਐਸਪੀ
ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 2026: ਸ਼ਹਿਰ ਦੇ ਅਰਬਨ ਇੰਡਸਟਰੀ ਏਰੀਏ ਵਿਖੇ ਐੱਸ.ਐੱਸ.ਪੀ. ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਵਪਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ।
ਵਪਾਰੀਆਂ ਦੀ ਪੁਲਿਸ ਚੌਕੀ ਸਬੰਧੀ ਮੰਗ ਨੂੰ ਮੁੱਖ ਰੱਖਦਿਆਂ ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ ਨੇ ਭਰੋਸਾ ਦਵਾਇਆ ਕਿ ਜਲਦ ਹੀ ਇੰਡਸਟਰੀ ਏਰੀਏ ਵਿੱਚ ਪੁਲਿਸ ਚੌਂਕੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ, ਤਾਂ ਜੋ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਸ਼੍ਰੀ ਬਿਕਰਮ ਲਵਲੀ ਨੇ ਇਸ ਦੌਰਾਨ ਕਿਹਾ ਕਿ ਵਪਾਰੀ ਵਰਗ ਸੂਬੇ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਜੋ ਇਮਾਨਦਾਰੀ ਨਾਲ ਟੈਕਸ ਅਦਾ ਕਰਦਾ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਟ੍ਰੇਡ ਕਮਿਸ਼ਨ ਅਤੇ ਸਰਕਾਰ ਹਮੇਸ਼ਾ ਵਪਾਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਹੈ।
ਇਸ ਮੌਕੇ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਪ੍ਰਕਾਸ਼ ਜਿੰਦਲ ਵੱਲੋਂ ਇਸ ਮੀਟਿੰਗ ਦਾ ਆਯੋਜਨ ਕਰਨ ਲਈ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਇਸ ਤਰ੍ਹਾਂ ਦੀਆਂ ਮੀਟਿੰਗਾਂ ਬਹੁਤ ਲਾਹੇਵੰਦ ਸਾਬਤ ਹੁੰਦੀਆਂ ਹਨ।
ਇਸ ਮੌਕੇ ਡੀ.ਐਸ.ਪੀ. ਬਠਿੰਡਾ (ਦਿਹਾਤੀ) ਹਰਵਿੰਦਰ ਸਿੰਘ ਸਰਾਂ, ਡਾ. ਤਰਸੇਮ (ਸਟੇਟ ਸੈਕਟਰੀ ਟ੍ਰੇਡ ਕਮਿਸ਼ਨ) ਅਤੇ ਸ਼੍ਰੀ ਰਾਕੇਸ਼ ਗੁਪਤਾ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਉਦਯੋਗਪਤੀ ਅਤੇ ਵਪਾਰੀ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਨਾਲ ਸੰਬੰਧਤ ਮੁੱਦੇ ਪ੍ਰਮੁੱਖ ਤੌਰ ‘ਤੇ ਰੱਖੇ ।
ਮੀਟਿੰਗ ਦੇ ਅੰਤ ਵਿੱਚ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਸੁਣਨ ਅਤੇ ਤੁਰੰਤ ਕਾਰਵਾਈ ਦਾ ਭਰੋਸਾ ਦੇਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਦੇ ਮੁੱਦੇ ਗੰਭੀਰਤਾ ਨਾਲ ਸੁਣੇ ਗਏ ਅਤੇ ਉਮੀਦ ਜਤਾਈ ਕਿ ਜਲਦ ਹੀ ਇਨ੍ਹਾਂ ਮੁੱਦਿਆਂ ਦਾ ਹੱਲ ਹੋਵੇਗਾ।
Click to Follow Babushahi Facebook page →