ਨਸ਼ਿਆਂ ਵਿਰੁੱਧ ਜੰਗ ਵਿੱਚ ਖੰਨਾ ਪੁਲਿਸ ਦੀ ਅਨੋਖੀ ਮਿਸਾਲ — “ਨਸ਼ਿਆਂ ਦੇ ਹਨੇਰੇ ‘ਚ ਰੋਸ਼ਨੀ ਬਣੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ, ਮਨੁੱਖਤਾ ਦੀ ਮਿਸਾਲ ਕਾਇਮ”
*ਵਾਇਰਲ ਵੀਡੀਓ ਤੋਂ ਸ਼ੁਰੂ ਹੋਇਆ ਮਿਸ਼ਨ, ਗਰੀਬ ਪਰਿਵਾਰ ਤੱਕ ਪਹੁੰਚ ਕੇ ਰਾਸ਼ਨ, ਇਲਾਜ ਤੇ ਰੁਜ਼ਗਾਰ ਦੀ ਸਹਾਇਤਾ, ਨਸ਼ਾ ਮੁਕਤੀ ਲਈ ਨਵੀਂ ਸੋਚ ਨਾਲ ਜਿੱਤੇ ਲੋਕਾਂ ਦੇ ਦਿਲ*
*ਸਿੱਖ ਕੌਮ ਹਮੇਸ਼ਾ ਨਿਰਸਵਾਰਥ ਸੇਵਾ ਲਈ ਜਾਣੀ ਜਾਂਦੀ ਹੈ ਅਤੇ ਅੱਜ ਵੀ ਲੋੜ ਹੈ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਸਾਰੇ ਲੋਕ ਸੇਵਾ ਦੇ ਭਾਵ ਨਾਲ ਅੱਗੇ ਆਉਣ - ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ*
*ਲੋਕ ਬੋਲੇ - ਇਹ ਸਿਰਫ਼ ਪੁਲਿਸੀ ਕਾਰਵਾਈ ਨਹੀਂ, ਸਗੋਂ ਇੱਕ ਸਮਾਜਿਕ ਕ੍ਰਾਂਤੀ ਦੀ ਸ਼ੁਰੂਆਤ ਹੈ*
ਖੰਨਾ, (ਲੁਧਿਆਣਾ) 24 ਅਪ੍ਰੈਲ :
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਦਰਮਿਆਨ ਖੰਨਾ ਪੁਲਿਸ ਵੱਲੋਂ ਮਨੁੱਖਤਾ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਗਈ ਹੈ, ਜਿਸਨੇ ਨਾ ਸਿਰਫ਼ ਲੋਕਾਂ ਦੇ ਦਿਲ ਜਿੱਤੇ ਹਨ, ਸਗੋਂ ਪੁਲਿਸ ਦੀ ਸ਼ਖਸ਼ੀਅਤ ਨੂੰ ਵੀ ਇੱਕ ਨਵੇਂ ਪੱਖ ਨਾਲ ਰੌਸ਼ਨ ਕੀਤਾ ਹੈ। ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਵੱਲੋਂ ਕੀਤੀ ਗਈ ਇਹ ਅਨੋਖੀ ਪਹਿਲ ਅੱਜ ਸੂਬੇ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਦਰਅਸਲ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਨੌਜਵਾਨ ਲੜਕੀ ਨਸ਼ੇ ਦੀ ਹਾਲਤ ਵਿੱਚ ਨਜ਼ਰ ਆ ਰਹੀ ਸੀ। ਦੱਸਿਆ ਜਾ ਰਿਹਾ ਸੀ ਕਿ ਇਹ ਲੜਕੀ ਖੰਨਾ ਇਲਾਕੇ ਨਾਲ ਸੰਬੰਧਿਤ ਹੈ ਅਤੇ ਨਸ਼ੇ ਦੀ ਲੱਤ ਵਿੱਚ ਫਸ ਚੁੱਕੀ ਹੈ। ਜਿਵੇਂ ਹੀ ਇਹ ਵੀਡੀਓ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੇ ਧਿਆਨ ਵਿੱਚ ਆਈ, ਉਨ੍ਹਾਂ ਨੇ ਇਸਨੂੰ ਸਿਰਫ਼ ਇੱਕ ਕੇਸ ਨਹੀਂ, ਸਗੋਂ ਇੱਕ ਸਮਾਜਿਕ ਜ਼ਿੰਮੇਵਾਰੀ ਵਜੋਂ ਲਿਆ।
ਐਸ.ਐਸ.ਪੀ ਖੰਨਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਬਰਾਂਚ, ਸਿਟੀ ਥਾਣਾ-1, ਸਿਟੀ ਥਾਣਾ-2 ਅਤੇ ਸਦਰ ਥਾਣਾ ਦੀਆਂ ਵੱਖ-ਵੱਖ ਟੀਮਾਂ ਤਿਆਰ ਕਰਕੇ ਲੜਕੀ ਅਤੇ ਉਸਦੇ ਪਰਿਵਾਰ ਨੂੰ ਟਰੇਸ ਕਰਨ ਦਾ ਮਿਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਦੀ ਮਿਹਨਤ ਰੰਗ ਲਿਆਈ ਅਤੇ ਆਖ਼ਿਰਕਾਰ ਇਹ ਪਰਿਵਾਰ ਖੰਨਾ ਦੇ ਕਰਤਾਰ ਨਗਰ ਵਿੱਚ ਟਰੇਸ ਕਰ ਲਿਆ ਗਿਆ। ਪਰਿਵਾਰ ਨੂੰ ਟਰੇਸ ਕਰਨ 'ਚ ਸ਼ਪੈਸ਼ਲ ਬਰਾਂਚ ਦੇ ਇੰਚਾਰਜ ਜਰਨੈਲ ਸਿੰਘ ਤੇ ਉਹਨਾਂ ਦੀ ਟੀਮ ਦਾ ਖਾਸ ਯੋਗਦਾਨ ਰਿਹਾ।
ਜਦੋਂ ਐਸ.ਐਸ.ਪੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਪਰਿਵਾਰ ਬਹੁਤ ਹੀ ਗਰੀਬ ਹਾਲਾਤਾਂ ਵਿੱਚ ਜੀਵਨ ਬਿਤਾ ਰਿਹਾ ਹੈ। ਘਰ ਵਿੱਚ ਰਾਸ਼ਨ ਤੱਕ ਨਹੀਂ ਹੈ, ਰਸੋਈ ਲਈ ਗੈਸ ਸਿਲੰਡਰ ਨਹੀਂ ਹੈ ਅਤੇ ਚਾਹ ਬਣਾਉਣ ਲਈ ਦੁੱਧ ਵੀ ਨਹੀਂ ਹੈ। ਇਸ ਤਰ੍ਹਾਂ ਦੀ ਮੰਦਹਾਲੀ ਦਾ ਕਾਰਨ ਬੱਚਿਆਂ ਦਾ ਨਸ਼ਿਆਂ ਵੱਲ ਜਾਣਾ ਹੈ। ਇਸ ਮੰਜ਼ਰ ਨੂੰ ਸੁਣ ਕੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਮਦਦ ਦਾ ਹੱਥ ਵਧਾਇਆ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਖੁਦ ਪਰਿਵਾਰ ਨੂੰ ਮਿਲਣ ਪੁੱਜੇ। ਉਨ੍ਹਾਂ ਨੇ ਖੱਤਰੀ ਚੇਤਨਾ ਮੰਚ ਅਤੇ ਜਜ਼ਬਾ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਜੋੜ ਕੇ ਪਰਿਵਾਰ ਨੂੰ ਇੱਕ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ ਅਤੇ ਅਗਲੇ ਸਮੇਂ ਲਈ ਹਰ ਮਹੀਨੇ ਰਾਸ਼ਨ ਦੇਣ ਦਾ ਭਰੋਸਾ ਵੀ ਦਿੱਤਾ। ਇਸ ਦੇ ਨਾਲ ਹੀ ਪਰਿਵਾਰ ਦੇ ਦਿਵਿਆਂਗ ਲੜਕੇ ਲਈ ਵ੍ਹੀਲਚੇਅਰ ਦਿੱਤੀ ਗਈ, ਜੋ ਇਸ ਪਰਿਵਾਰ ਲਈ ਵੱਡੀ ਰਾਹਤ ਬਣੀ। ਨਸ਼ੇ ਦੀ ਲੱਤ ਵਿੱਚ ਫਸੀ ਲੜਕੀ ਨੂੰ ਤੁਰੰਤ ਪਟਿਆਲਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾ ਕੇ ਉਸਦਾ ਮੁਫ਼ਤ ਇਲਾਜ ਸ਼ੁਰੂ ਕਰਵਾਇਆ ਗਿਆ। ਐਸ.ਐਸ.ਪੀ ਨੇ ਪਰਿਵਾਰ ਨੂੰ ਇਹ ਵੀ ਭਰੋਸਾ ਦਵਾਇਆ ਕਿ ਪੁਲਿਸ ਅਤੇ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਨੂੰ ਨਸ਼ਾ ਛੱਡਣ ਵਿੱਚ ਪੂਰੀ ਮਦਦ ਕੀਤੀ ਜਾਵੇਗੀ। ਇਥੇ ਹੀ ਇਹ ਪਹਿਲ ਖਤਮ ਨਹੀਂ ਹੋਈ। ਜਦੋਂ ਐਸ.ਐਸ.ਪੀ ਨੂੰ ਪਤਾ ਲੱਗਿਆ ਕਿ ਪਰਿਵਾਰ ਦੇ ਮੁਖੀ ਅਤੇ ਉਸਦੀ ਪਤਨੀ ਕੋਲ ਕੋਈ ਰੋਜ਼ਗਾਰ ਨਹੀਂ ਹੈ, ਤਾਂ ਉਨ੍ਹਾਂ ਨੇ ਤੁਰੰਤ ਖੱਤਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਦੋਹਾਂ ਨੂੰ ਰੁਜਗਾਰ ਵੀ ਦਿਵਾਇਆ। ਮਹਿਲਾ ਰਾਣੀ ਤੇ ਉਸਦੇ ਪਤੀ ਨੂੰ ਇੱਕ ਨਿੱਜੀ ਰੈਸਟੋਰੈਂਟ ਵਿਖੇ ਕੰਮ ਦਿਵਾਇਆ ਗਿਆ। ਇਸ ਕਦਮ ਨਾਲ ਪਰਿਵਾਰ ਨੂੰ ਆਰਥਿਕ ਮਜ਼ਬੂਤੀ ਮਿਲਣ ਦੀ ਉਮੀਦ ਜਾਗੀ। ਐਸ.ਐਸ.ਪੀ ਦੀ ਇਸ ਅਨੋਖੀ ਪਹਿਲ ਨਾਲ ਪੂਰੇ ਇਲਾਕੇ ਵਿੱਚ ਚਰਚਾ ਛਿੜ ਗਈ ਤੇ ਹਰ ਕਿਸੇ ਨੇ ਇਸਦੀ ਸ਼ਲਾਘਾ ਕੀਤੀ।
ਇਸ ਮੌਕੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਨਿਰਸਵਾਰਥ ਸੇਵਾ ਲਈ ਜਾਣੀ ਜਾਂਦੀ ਹੈ ਅਤੇ ਅੱਜ ਵੀ ਲੋੜ ਹੈ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਸਾਰੇ ਲੋਕ ਸੇਵਾ ਦੇ ਭਾਵ ਨਾਲ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਿਰਫ਼ ਆਲੋਚਨਾ ਕਰਨ ਨਾਲ ਕੁੱਝ ਨਹੀਂ ਬਣੇਗਾ, ਸਗੋਂ ਹਰ ਇੱਕ ਨੂੰ ਸਮਾਜ ਦੇ ਹਿੱਤ ਵਿੱਚ ਯੋਗਦਾਨ ਪਾਉਣਾ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਪਰਿਵਾਰ ਦਾ ਕੋਈ ਮੈਂਬਰ ਨਸ਼ੇ ਦੀ ਲੱਤ ਵਿੱਚ ਫਸਿਆ ਹੈ ਤੇ ਉਹ ਬੇਸਹਾਰਾ ਬਣ ਗਏ ਹਨ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ, ਤਾਂ ਜੋ ਉਸਦਾ ਮੁਫ਼ਤ ਇਲਾਜ ਕਰਵਾਇਆ ਜਾ ਸਕੇ ਅਤੇ ਪਰਿਵਾਰ ਦੇ ਪੁਨਰਵਾਸ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਵੀ ਦਿੱਤੀ ਜਾਵੇ, ਤਾਂ ਜੋ ਉਸਨੂੰ ਜੇਲ੍ਹ ਡੱਕਿਆ ਜਾਵੇ।
ਦੂਜੇ ਪਾਸੇ ਪੀੜਤ ਪਰਿਵਾਰ ਦੀ ਮਹਿਲਾ ਰਾਣੀ ਨੇ ਭਾਵੁਕ ਹੋ ਕੇ ਦੱਸਿਆ ਕਿ ਉਹਨਾਂ ਦੇ ਪੁੱਤ ਅਤੇ ਧੀ ਕਾਫ਼ੀ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਨ ਅਤੇ ਘਰ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। “ਸਾਡੇ ਕੋਲ ਰਾਸ਼ਨ ਲਈ ਵੀ ਪੈਸੇ ਨਹੀਂ ਬਚਦੇ ਸਨ। ਬੱਚੇ ਸਭ ਕੁਝ ਲੈ ਜਾਂਦੇ ਸਨ। ਪਰ ਅੱਜ ਜਦੋਂ ਐਸ.ਐਸ.ਪੀ ਮੈਡਮ ਖੁਦ ਸਾਡੇ ਘਰ ਆਏ ਤੇ ਸਾਡੀ ਮਦਦ ਕੀਤੀ, ਤਾਂ ਸਾਨੂੰ ਨਵੀਂ ਉਮੀਦ ਮਿਲੀ ਹੈ। ਮਹਿਲਾ ਦੇ ਬੇਟੇ ਨੇ ਵੀ ਕਿਹਾ ਕਿ ਉਹ ਅੱਗੇ ਤੋਂ ਨਸ਼ਾ ਨਹੀਂ ਕਰੇਗਾ।
ਖੱਤਰੀ ਚੇਤਨਾ ਮੰਚ ਦੇ ਮੁਖੀ ਰਾਜਿੰਦਰ ਪੁਰੀ ਨੇ ਵੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਇੱਕ ਪੁਲਿਸ ਜ਼ਿਲ੍ਹਾ ਮੁਖੀ ਖੁਦ ਇਸ ਤਰ੍ਹਾਂ ਦੇ ਪਰਿਵਾਰਾਂ ਤੱਕ ਪਹੁੰਚ ਕੇ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੁਲਿਸੀ ਕਾਰਵਾਈ ਨਹੀਂ, ਸਗੋਂ ਇੱਕ ਸਮਾਜਿਕ ਕ੍ਰਾਂਤੀ ਦੀ ਸ਼ੁਰੂਆਤ ਹੈ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਬਹੁਤ ਚੰਗੇ ਕੰਮ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਡੀ.ਐਸ.ਪੀ ਸਪੈਸ਼ਲ ਬਰਾਂਚ ਤਰਲੋਚਨ ਸਿੰਘ, ਡੀ.ਐਸ.ਪੀ ਖੰਨਾ ਸਬ ਡਿਵੀਜ਼ਨ ਵਿਨੋਦ ਕੁਮਾਰ, ਸ਼ਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ, ਸਿਟੀ ਥਾਣਾ-2 ਦੇ ਮੁਖੀ ਅਜੀਤੇਜ ਕੌਸ਼ਲ ਵੀ ਮੌਜੂਦ ਸਨ।
ਖੰਨਾ ਪੁਲਿਸ ਦੀ ਇਹ ਪਹਿਲ ਸਿਰਫ਼ ਇੱਕ ਪਰਿਵਾਰ ਦੀ ਮਦਦ ਨਹੀਂ, ਸਗੋਂ ਸਮਾਜ ਨੂੰ ਇੱਕ ਸੰਦੇਸ਼ ਹੈ ਕਿ ਜੇਕਰ ਪ੍ਰਸ਼ਾਸਨ ਅਤੇ ਸਮਾਜ ਮਿਲ ਕੇ ਕੰਮ ਕਰਨ ਤਾਂ ਨਸ਼ਿਆਂ ਵਰਗੀ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਲ੍ਹਿਆਂ ਲਈ ਵੀ ਪ੍ਰੇਰਣਾ ਬਣੇਗੀ।
Click to Follow Babushahi Facebook page →