ਪੰਜਗਰਾਈਂ ਕਲਾਂ 'ਚ ਅੱਗ ਲੱਗਣ ਕਾਰਨ ਦੋ ਏਕੜ ਕਣਕ ਅਤੇ ਚਾਰ ਏਕੜ ਨਾੜ ਸੜਿਆ
ਪੰਜਗਰਾਈਂ ਕਲਾਂ, 17 ਅਪ੍ਰੈਲ (ਸੁਖਜਿੰਦਰ ਸਿੰਘ ਪੰਜਗਰਾਈਂ) : ਪੰਜਗਰਾਈਂ ਕਲਾਂ 'ਚ ਅੱਗ ਲੱਗਣ ਕਾਰਨ ਦੋ ਏਕੜ ਕਣਕ ਅਤੇ ਚਾਰ ਏਕੜ ਨਾੜ ਸੜ ਗਿਆ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਦੇ ਸਮੇਂ ਪੰਜਗਰਾਈਂ ਕਲਾਂ ਤੋਂ ਸਿਵੀਆਂ ਨੂੰ ਜਾਣ ਵਾਲੀ ਸੰਪਰਕ ਸੜਕ ਤੇ ਜਬਰਜੰਗ ਸਿੰਘ ਗੋਰਖਾ ਗਿੱਲ ਦੇ ਖੇਤ ਚੋਂ ਅਚਾਨਕ ਲੱਗੀ ਅੱਗ ਨਾਲ ਚਾਰ ਏਕੜ ਕਣਕ ਦਾ ਨਾੜ ਅਤੇ ਸੁਖਜਿੰਦਰ ਸਿੰਘ ਸੋਨਾ ਗਿੱਲ ਪੁੱਤਰ ਬਲਵਿੰਦਰ ਸਿੰਘ ਅਤੇ ਸੁਖਰਾਜ ਸਿੰਘ ਬੱਬੀ ਗਿੱਲ ਪੁੱਤਰ ਮਹਿੰਦਰ ਸਿੰਘ ਦੀ ਦੋ ਏਕੜ ਕਣਕ ਸੜ ਕੇ ਸੁਆਹ ਹੋ ਗਈ। ਹਵਾ ਦੀ ਰਫਤਾਰ ਤੇਜ਼ ਹੋਣ ਕਾਰਨ ਜਲਦੀ ਹੀ ਅੱਗ ਤੇਜ਼ੀ ਨਾਲ ਚਾਰ ਚੁਫੇਰੇ ਫੈਲ ਗਈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੀਆਂ ਦੋ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਜਲਦੀ ਨਾਲ਼ ਹੀ ਅੱਗ ਤੇ ਕਾਬੂ ਪਾ ਲਿਆ। ਇਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਆਲੇ ਦੁਆਲੇ ਕਈ ਏਕੜ ਕਣਕ ਵੱਢਣ ਵਾਲੀ ਖੜੀ ਸੀ। ਕੋਟਕਪੂਰਾ ਤੋਂ ਸਰਕਾਰੀ ਫਾਇਰ ਬ੍ਰਿਗੇਡ ਅੱਗ ਬੁਝੀ ਤੋਂ ਪਹੁੰਚੀ, ਜਿਸ ਨਾਲ ਲੋਕਾਂ ਨੇ ਪ੍ਰਸ਼ਾਸਨ ਦੀ ਨਾਕਾਮੀ ਤੇ ਸੁਆਲ ਚੁੱਕੇ ਤੇ ਰੋਸ ਜਾਹਰ ਕੀਤਾ। ਕਿਸਾਨ ਯੂਨੀਅਨ ਫਤਿਹ ਦੇ ਜਿਲ੍ਹਾ ਫਰੀਦਕੋਟ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਗੱਗਾ ਬਰਾੜ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕੇ ਪੀੜ੍ਹਤ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇ।
Click to Follow Babushahi Facebook page →