ਪਿੰਡ ਪਿੱਥੋ ਵਿਖੇ ਸ਼ਹੀਦਾਂ ਦੀ ਯਾਦ ’ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 4 ਅਪਰੈਲ 2025:ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਕਮੇਟੀ ਪਿੰਡ ਪਿੱਥੋ ਵੰਲੋਂ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ’ਚ ਸ਼ਹੀਦਾਂ ਦੀ ਯਾਦ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਸੁਰੂ ਵਿੱਚ ਮਸਤਾਨ ਥੀਏਟਰ ਗਰੁੱਪ ਰਾਮਪੁਰਾ ਫੁਲ ਵੱਲੋਂ ਸਵੈ ਇੱਛਾ ਨਾਲ ਨਸ਼ਿਆਂ ਤੋਂ ਛੁਟਕਾਰਾ ਲੈਣ ਦਾ ਸੁਨੇਹਾ ਦਿੰਦਾ ਇੱਕ ਨੁੱਕੜ ਨਾਟਕ ‘ਇੱਕ ਸੀ ਰੰਗ ਸਫੈਦ’ ਪੇਸ਼ ਕੀਤਾ ਗਿਆ। ਇਸ ਉਪਰੰਤ ਪ੍ਰੋ: ਸੋਮਪਾਲ ਵੱਲੋਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਤੇ ਆਧਾਰਤ ਇੱਕ ਪਾਤਰੀ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੇਸ਼ ਕਰਕੇ ਮਾਂ ਬੋਲੀ ਲਈ ਦਰਸ਼ਕਾਂ ਨੂੰ ਸੁਚੇਤ ਕੀਤਾ।
ਉਹਨਾਂ ਸੁਆਲ ਕੀਤਾ ਕਿ ਜਦੋਂ ਦੁਨੀਆਂ ਦੀ ਕੋਈ ਵੀ ਭਾਸ਼ਾ ਪੰਜਾਬੀ ਤੋਂ ਸ਼ਬਦ ਗ੍ਰਹਿਣ ਨਹੀਂ ਕਰਦੀ ਤਾਂ ਫੇਰ ਅਸੀਂ ਹੋਰ ਭਾਸ਼ਾਵਾਂ ਤੋਂ ਸ਼ਬਦ ਕਿਉਂ ਹਾਸਲ ਕਰਦੇ ਹਾਂ? ਇਸ ਮੌਕੇ ਨਾਟਕ ਮੰਡਲੀ ਮੁੱਲਾਂਪੁਰ ਦੀ ਟੀਮ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਸੁਚੇਤ ਕਰਦਾ ਨਾਟਕ ‘ਪਰਿੰਦੇ ਭਟਕ ਗਏ’ ਪੇਸ਼ ਕੀਤਾ। ਜਿਸ ਰਾਹੀਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਨਾਮਬੰਦ ਹੋਣ ਦਾ ਸੁਝਾਅ ਬਾਖੂਬੀ ਦਿੱਤੀ। ਇਸ ਉਪਰੰਤ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹੀ ਗਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਨਾਟਕ ‘ਧਰਤ ਵੰਗਾਰੇ ਤਖ਼ਤ ਨੂੰ’ ਪੇਸ ਕਰਦਿਆਂ ਦੇਸ਼ ਦੀ ਆਜ਼ਾਦੀ ਅਤੇ ਹੱਕਾਂ ਲਈ ਜੂਝਣ ਵਾਲੀ ਔਰਤ ਦੀ ਸ਼ਕਤੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਇਸ ਨਾਟਕ ਨੂੰ ਲੋਕਾਂ ਨੇ ਸਾਹ ਰੋਕ ਕੇ ਵੇਖਿਆ। ਇਸ ਦੌਰਾਨ ਭੀਮ ਤਰਕ ਨੇ ਯਾਦੂ ਦੇ ਟਰਿੱਕ ਵਿਖਾਏ ਅਤੇ ਫਾਜਿਲਕਾ ਤੋਂ ਆਏ ਦੋ ਨੌਜਵਾਨਾਂ ਨੇ ਅਲੋਪ ਹੋ ਰਹੀ ਭੰਡ ਕਲਾ ਰਾਹੀਂ ਦਰਸ਼ਕਾਂ ਨੂੰ ਹਸਾਇਆ ਅਤੇ ਸਮਾਜਕ ਕੁਰੀਤੀਆਂ ਅਤੇ ਲੋਕਾਂ ਤੋਂ ਮੂੰਹ ਫੇਰਦੀਆਂ ਸਰਕਾਰਾਂ ਤੇ ਚੋਟ ਕੀਤੀ।
ਤਰਕਸ਼ੀਲ ਆਗੂ ਰਜਿੰਦਰ ਭਦੌੜ ਨੇ ਸੰਬੋਧਨ ਕਰਦਿਆਂ ਪ੍ਰੋਗਰਾਮ ਦੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਵੇਂ ਬਹੁਤ ਸਾਰੀਆਂ ਲਾਇਬ੍ਰੇਰੀਆਂ ਹਨ, ਪਰ ਅਜਿਹਾ ਸ਼ਾਨਦਾਰ ਕਾਰਜ ਪਿੰਡ ਜੀਦਾ ਅਤੇ ਪਿੰਡ ਪਿੱਥੋ ਦੀ ਲਾਇਬ੍ਰੇਰੀ ਕਮੇਟੀ ਵੱਲੋਂ ਹੀ ਕਰਵਾਇਆ ਗਿਆ ਹੈ। ਉਹਨਾਂ ਵਿਦਿਆਰਥੀਆਂ ਨੂੰ ਸਿਲੇਬਸ ਤੇ ਨਾਲ ਨਾਲ ਲਾਇਬ੍ਰੇਰੀ ਤੋਂ ਹੋਰ ਗਿਆਨ ਵਰਧਕ ਪੁਸਤਕਾਂ ਲੈ ਕੇ ਪੜ੍ਹਣ ਦੀ ਸਲਾਹ ਦਿੱਤੀ। ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਮਤਾ ਖੁਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰ: ਭਗਤ ਸਿੰਘ ਭਾਵੇਂ ਸਰੀਰਕ ਤੌਰ ਤੇ ਨਹੀਂ ਹਨ, ਪਰ ਉਹਨਾਂ ਦੀ ਸੋਚ ਜਿੰਦਾ ਹੈ। ਅੱਜ ਵੀ ਭਗਤ ਸਿੰਘ ਤੇ ਗੁਲਾਬ ਕੌਰ ਵਰਗੀਆਂ ਸਖ਼ਸੀਅਤਾਂ ਲੋਕਾਂ ਵਿੱਚ ਹਨ, ਪਰ ਚੇਤਨਤਾ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਜੋ ਹੋਣਾ ਚਾਹੀਦਾ ਹੈ, ਉਹ ਨਾਟਕਾਂ ਵਿੱਚ ਵਿਖਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਇਨਕਲਾਬ ਦੀ ਲੋੜ ਹੈ ਤਾਂ ਜੋ ਕੁਰੀਤੀਆਂ ਰਹਿਤ ਸਮਾਜ ਸਿਰਜਿਆ ਜਾ ਸਕੇ। ਉਹਨਾਂ ਕਿਹਾ ਪਿੰਡ ਪਿੱਥੋ ਤੋਂ ਦਿੱਤਾ ਇਹ ਸੁਨੇਹਾ ਹਰ ਪਿੰਡ ਤੱਕ ਪਹੁੰਚਾਉਣਾ ਚਾਹੀਦਾ ਹੈ। ਪੰਜਾਬ ਸਟੂਡੈਂਟਸ ਦੇ ਸਾਬਕਾ ਆਗੂ ਤੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਕਿਤਾਬਾਂ ਦੇ ਮਹੱਤਵ ਅਤੇ ਲਾਇਬ੍ਰੇਰੀ ਦੀ ਜਰੂਰਤ ਵਿਸ਼ੇ ਤੇ ਵਿਚਾਰ ਪੇਸ਼ ਕੀਤੇ ਅਤੇ ਅਜਿਹੇ ਸਮਾਗਮਾਂ ਦੀ ਲਗਾਤਾਰਤਾ ਜਾਰੀ ਰੱਖਣ ਦਾ ਵਿਸਵਾਸ਼ ਦਿਵਾਇਆ। ਇਸ ਮੌਕੇ ਪਿੰਡ ਦੇ ਉੱਚਕੋਟੀ ਦੇ ਸਾਹਿਤਕਾਰ ਸ੍ਰ: ਗਰਬਚਨ ਸਿੰਘ ਭੁੱਲਰ ਸਮੇਤ ਕਵੀ ਦਰਸ਼ਨ ਅਣਜਾਣ ਅਤੇ ਬਹੁ ਵਿਧਾਵੀ ਲੇਖਕ ਬਲਵਿੰਦਰ ਸਿੰਘ ਭੁੱਲਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਕਾਲਾ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਲਾਇਬ੍ਰੇਰੀ ਕਮੇਟੀ ਵੱਲੋਂ ਸਰਵ ਸ੍ਰੀ ਬੇਅੰਤ ਸਿੰਘ, ਜਗਤਾਰ ਸਿੰਘ, ਅਮਰਜੀਤ ਸਿੰਘ, ਗੁਰਬਖ਼ਸ ਸਿੰਘ ਪਟਵਾਰੀ, ਗੁਰਦੀਪ ਸਿੰਘ, ਸਾਧੂ ਸਿੰਘ, ਸੁਖਮੰਦਰ ਸਿੰਘ ਆਦਿ ਨੇ ਪ੍ਰਬੰਧਾਂ ਵੱਲ ਉਚੇਚਾ ਧਿਆਨ ਰੱਖਿਆ।
Click to Follow Babushahi Facebook page →