Babushahi Special ਸਿਆਸੀ ਰਕੀਬਾਂ ਨੂੰ 2027 ਦੇ ਰਣ ਤੱਤੇ ’ਚ ਸ਼ਰੀਕਾਂ ਵਾਂਗ ਟੱਕਰਨ ਦੀ ਤਿਆਰੀ ਵਿੱਚ ਸੀ ਜਟਾਣਾ
ਅਸ਼ੋਕ ਵਰਮਾ
ਬਠਿੰਡਾ , 3 ਅਪ੍ਰੈਲ 2026 : ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਸਾਲ 2027 ਦੀਆਂ ਚੋਣਾਂ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਪਟਕਣੀ ਦੇਣ ਲਈ ਜਬਰਦਸਤ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਹਰਿਆਣਾ ਦੀ ਇੱਕ ਸੜਕ ’ਤੇ ਚੰਦਰੀ ਹੋਣੀ ਮੌਤ ਬਣ ਕੇ ਆ ਟੱਕਰੀ। ਖੁਸ਼ਬਾਜ ਜਟਾਣਾ ਵੀਰਵਾਰ ਨੂੰ ਦਿੱਲੀ ਤੋਂ ਵਾਪਿਸ ਪਰਤ ਰਿਹਾ ਸੀ ਕਿ ਇੱਕ ਸੜਕ ’ਤੇ ਟਾਇਰ ਨੂੰ ਪੈਂਚਰ ਲਾਉਣ ਲਈ ਖਲੋਤੀ ਉਸ ਦੀ ਗੱਡੀ ਨੂੰ ਕਿਸੇ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਦੌਰਾਨ ਜਟਾਣਾ ਅਤੇ ਉਸ ਦੇ ਡਰਾਈਵਰ ਦੀ ਮੌਤ ਹੋ ਗਈ ਸੀ ਜਦੋਂਕਿ ਉਸ ਦਾ ਸੁਰੱਖਿਆ ਕਰਮੀ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਜਟਾਣਾ ਦੀ ਅਚਾਨਕ ਮੌਤ ਨਾਲ ਇਲਾਕੇ ’ਚ ਸੋਗ ਦੀ ਲਹਿਰ ਹੈ। ਹਲਕਾ ਤਲਵੰਡੀ ਸਾਬੋ ਦੇ ਲੋਕ ਅਤੇ ਜਟਾਣਾ ਹਮਾਇਤੀ ਖੁਦ ਨੂੰ ਰੱਬ ਹੱਥੋਂ ਠੱਗਿਆ ਗਿਆ ਮਹਿਸੂਸ ਕਰ ਰਹੇ ਹਨ।
ਖੁਸ਼ਬਾਜ ਸਿੰਘ ਜਟਾਣਾ ਨੇ ਇਸ ਤੋਂ ਪਹਿਲਾਂ ਤਲਵੰਡੀ ਸਾਬੋ ਹਲਕੇ ਤੋਂ ਸਾਲ 2017 ਅਤੇ 2022 ’ਚ ਵਿਧਾਨ ਸਭਾ ਚੋਣ ਲੜੀ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਬਾਵਜੂਦ ਜਟਾਣਾ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਲੋਕਾਂ ਦੇ ਦੁੱਖ ਸੁੱਖ ’ਚ ਸ਼ਾਮਲ ਹੋ ਰਿਹਾ ਸੀ ਤਾਂ ਜੋ ਹਲਕੇ ’ਚ ਆਪਣੀ ਪਕੜ ਮਜਬੂਤ ਬਣਾਈ ਜਾ ਸਕੇ। ਹੁਣ 2027 ’ਚ ਚੋਣ ਲੜਨ ਦੀ ਤਿਆਰੀ ਵਜੋਂ ਪਿਛਲੇ ਦੋ ਸਾਲਾਂ ਤੋਂ ਤਾਂ ਜਟਾਣਾ ਨੇ ਆਪਣੇ ਹਲਕੇ ’ਚ ਦਿਨ ਰਾਤ ਇੱਕ ਕੀਤਾ ਹੋਇਆ ਸੀ। ਹਾਲਾਂਕਿ ਜੀਤਮੋਹਿੰਦਰ ਸਿੰਘ ਸਿੱਧੂ ਦੀ ਕਾਂਗਰਸ ’ਚ ਸ਼ਮੂਲੀਅਤ ਕਾਰਨ ਚਰਚਾ ਸੀ ਕਿ ਜਟਾਣਾ ਚੋਣ ਨਹੀਂ ਲੜਨਗੇ ਪਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋਵਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਸੀ ਜਿਸ ਤਹਿਤ ਮੌੜ ਤੋਂ ਜੀਤਮੋਹਿੰਦਰ ਸਿੱਧੂ ਅਤੇ ਤਲਵੰਡੀ ਤੋਂ ਖੁਸ਼ਬਾਜ ਜਟਾਣਾ ਨੇ ਚੋਣ ਲੜਨੀ ਸੀ।
ਜੀਤਮੋਹਿੰਦਰ ਸਿੱਧੂ ਨੇ ਹਲਕਾ ਮੌੜ ’ਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਲਈ ਆਪਣਾ ਦਫਤਰ ਵੀ ਖੋਹਲ ਦਿੱਤਾ ਸੀ । ਇਸ ਤੋਂ ਬਾਅਦ ਸਿਆਸੀ ਤੌਰ ’ਤੇ ਖੁਦ ਨੂੰ ਸੁਰਖੁਰੂ ਮਹਿਸੂਸ ਕਰ ਰਹੇ ਜਟਾਣਾ ਨੇ ਵੀ ਆਪਣੇ ਹਲਕੇ ’ਚ ਭਲਵਾਨੀ ਗੇੜੇ ਵਧਾ ਦਿੱਤੇ ਸਨ। ਬੇਸ਼ੱਕ ਚੋਣਾਂ ਦੂਰ ਅਤੇ ਟਿਕਟ ਦਾ ਐਲਾਨ ਵੀ ਬਾਕੀ ਸੀ ਪਰ ਜੀਤਮੋਹਿੰਦਰ ਦੇ ਮੌੜ ਜਾਣ ਅਤੇ ਖੁਸ਼ਬਾਜ ਜਟਾਣਾ ਦੇ ਇੰਜ ਵੱਡੀ ਪੱਧਰ ’ਤੇ ਸਰਗਰਮ ਹੋਣ ਨੂੰ ਵਿਧਾਨ ਸਭਾ ਚੋਣ 2027 ਲੜਨ ਨਾਲ ਜੋੜਕੇ ਦੇਖਿਆ ਜਾਣ ਲੱਗਿਆ ਸੀ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਦੋ ਵਾਰ ਹਾਰ ਜਾਣ ਦੇ ਬਾਵਜੂਦ ਐਤਕੀਂ ਜਟਾਣਾ ਦੇ ਹੱਕ ’ਚ ਵੱਡੀ ਪੱਧਰ ’ਤੇ ਹਮਦਰਦੀ ਦੀ ਲਹਿਰ ਚੱਲ ਰਹੀ ਸੀ। ਜਟਾਣਾ ਦੇ ਹਮਾਇਤੀ ਨੇ ਦਾਅਵਾ ਕਰਦਿਆਂ ਦੱਸਿਆ ਕਿ ਪੰਜਾਬ ’ਚ ਕੀ ਸਥਿਤੀ ਬਣਦੀ ਇਹ ਤਾਂ ਸਮੇਂ ਨੇ ਹੀ ਤੈਅ ਕਰਨਾ ਸੀ ਪਰ ਐਤਕੀਂ ਖੁਸ਼ਬਾਜ ਜਟਾਣਾ ਦੀ ਜਿੱਤ ਪੱਕੀ ਸੀ।
.jpg)
ਉਨ੍ਹਾਂ ਦੱਸਿਆ ਕਿ ਉਹ ਤਾਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁਟੇ ਹੋਏ ਸਨ ਪਰ ਸੜਕ ਹਾਦਸੇ ਨੇ ਸਭ ਖਤਮ ਕਰ ਦਿੱਤਾ ਹੈ। ਅਸਲ ਵਿੱਚ ਖੁਸ਼ਬਾਜ ਜਟਾਣਾ ਨੂੰ ਰਾਜਨੀਤੀ ਵਿਰਾਸਤ ’ਚ ਨਹੀਂ ਮਿਲੀ ਸੀ। ਜਟਾਣਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਇਸ ਮੌਕੇ ਜਟਾਣਾ ਨੇ ਰਾਜਨੀਤੀ ’ਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਨਾਲ ਜੁੜ ਗਏ ਅਤੇ ਲੰਬਾ ਸਮਾਂ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਵਿਦਿਆਰਥੀ ਰਾਜਨੀਤੀ ’ਚ ਆਪਣੀ ਨਿਵੇਕਲੀ ਪਛਾਣ ਬਣਾਈ ਅਤੇ ਚੋਣਾਂ ’ਚ ਭਾਗ ਵੀ ਲਿਆ। ਜਟਾਣਾ ਦਾ ਜੱਦੀ ਪਿੰਡ ਫਾਜ਼ਿਲਕਾ ਜਿਲ੍ਹੇ ਦਾ ਪੰਨੀ ਵਾਲਾ ਹੈ ਪਰ ਸਿੱਖਿਆ ਹਾਸਲ ਕਰਨ ਉਪਰੰਤ ਉਨ੍ਹਾਂ ਬਠਿੰਡਾ ਜਿਲ੍ਹੇ ਦੇ ਤਲਵੰਡੀ ਸਾਬੋ ਨੂੰ ਆਪਣੀ ਕਰਮਭੂਮੀ ਬਣਾ ਲਿਆ। ਸਖਤ ਮਿਹਨਤ ਅਤੇ ਨਿਸ਼ਠਾ ਨੂੰ ਦੇਖਦਿਆਂ ਜਟਾਣਾ ਨੂੰ ਜਿਲ੍ਹਾ ਪ੍ਰਧਾਨ ਬਨਾਉਣ ਸਮੇਤ ਚੋਣ ਲੜਨ ਵਰਗੀ ਅਹਿਮ ਜਿੰਮੇਵਾਰ ਦਿੱਤੀ ਜੋ ਉਨ੍ਹਾਂ ਤਨਦੇਹੀ ਨਾਲ ਨਿਭਾਈ ।
ਕਾਂਗਰਸ ਪਾਰਟੀ ਨੂੰ ਵੱਡਾ ਘਾਟਾ
ਖੁਸ਼ਬਾਜ ਜਟਾਣਾ ਦੀ ਅਚਾਨਕ ਮੌਤ ’ਤੇ ਇਕੱਲੇ ਬਠਿੰਡਾ ਹੀ ਨਹੀਂ ਬਲਕਿ ਪੂਰੇ ਪੰਜਾਬ ’ਚ ਸੋਗ ਮਨਾਇਆ ਜਾ ਰਿਹਾ ਹੈ। ਇਸ ਅਣਹੋਣੀ ਨੂੰ ਕਾਂਗਰਸ ਪਾਰਟੀ ਲਈ ਬੇਹੱਦ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ । ਉਹ ਵੀ ਉਸ ਵਕਤ ਜਦੋਂ ਪਾਰਟੀ 2027 ’ਚ ਸਰਕਾਰ ਬਨਾਉਣ ਦੇ ਦਾਅਵੇ ਨਾਲ ਚੋਣ ਮੈਦਾਨ ’ਚ ਉੱਤਰਨ ਜਾ ਰਹੀ ਹੈ। ਜਿਲ੍ਹਾ ਪ੍ਰਧਾਨ ਸ਼ਹਿਰੀ ਕਾਂਗਰਸ ਰਾਜਨ ਗਰਗ ਦਾ ਕਹਿਣਾ ਸੀ ਕਿ ਖੁਸ਼ਬਾਜ ਦੇ ਸਦੀਵੀ ਵਿਛੋੜੇ ਨਾਲ ਪਾਰਟੀ ਦੀ ਇੱਕ ਬਾਂਹ ਵੱਢੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਿਆ ਨਹੀਂ ਜਾ ਸਕਣਾ ਹੈ।
ਮੌੜ ਤੇ ਤਲਵੰਡੀ ਹਲਕੇ ਪ੍ਰਭਾਵਿਤ
ਖੁਸ਼ਬਾਜ ਜਟਾਣਾ ਦੀ ਮੌਤ ਨਾਲ ਤਲਵੰਡੀ ਹਲਕਾ ਇੱਕ ਵਾਰ ਅਨਾਥ ਹੋ ਗਿਆ ਹੈ। ਜੋ ਸਥਾਨ ਪਿਛਲੇ 15 ਸਾਲਾਂ ਦੌਰਾਨ ਖੁਸ਼ਬਾਜ ਜਟਾਣਾ ਨੇ ਹਲਕੇ ਦੇ ਲੋਕਾਂ ’ਚ ਬਣਾਇਆ ਸੀ ਉਸ ਤੱਕ ਪੁੱਜਣ ਲਈ ਕਿਸੇ ਦੂਸਰੇ ਨੂੰ ਸਖਤ ਮਿਹਨਤ ਕਰਨੀ ਪਵੇਗੀ। ਭਾਵੇਂ ਪਾਰਟੀ ਕੋਲ ਤਲਵੰਡੀ ਲਈ ਜੀਤਮੋਹਿੰਦਰ ਦੇ ਰੂਪ ’ਚ ਬਦਲ ਹੈ ਪਰ ਇਸ ਤਬਦੀਲੀ ਦਾ ਮੌੜ ਹਲਕੇ ਦੀ ਰਾਜਨੀਤੀ ’ਤੇ ਬੇਹੱਦ ਮਾੜਾ ਅਸਰ ਪਵੇਗਾ ਜੋ ਪਿਛਲੇ ਲੰਬੇ ਸਮੇਂ ਤੋਂ ਅਨਾਥਾਂ ਵਾਲੀ ਜਿੰਦਗੀ ਬਤੀਤ ਕਰ ਰਿਹਾ ਹੈ।
Click to Follow Babushahi Facebook page →