ਲੁਧਿਆਣਾ ਨਗਰ ਨਿਗਮ ਦੀ ‘ਵੱਡੀ ਨਾਲਾਇਕੀ’: 3 ਸਾਲਾਂ ਤੋਂ ਅਧੂਰਾ ‘ਵਾਲੀਬਾਲ ਕੋਰਟ’ ਬਣਿਆ ਨਰਕ, ਜਨਤਾ ਦੇ ਲੱਖਾਂ ਰੁਪਏ ਮਿੱਟੀ ‘ਚ ਮਿਲੇ
ਸੁਖਮਿੰਦਰ ਭੰਗੂ
ਲੁਧਿਆਣਾ: 04 ਅਪ੍ਰੈਲ, 2026
ਪੱਖੋਵਾਲ ਰੋਡ ਸਿੱਧਵਾਂ ਨਹਿਰ ਫਲਾਈਓਵਰ (ROB) ਦੇ ਹੇਠਾਂ ਨਗਰ ਨਿਗਮ ਵੱਲੋਂ ਬਣਾਇਆ ਗਿਆ ਵਾਲੀਬਾਲ ਕੋਰਟ ਅੱਜ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਫਜ਼ੂਲਖ਼ਰਚੀ ਦੀ ਜਿਉਂਦੀ-ਜਾਗਦੀ ਮਿਸਾਲ ਬਣ ਚੁੱਕਾ ਹੈ। ਕਰੀਬ ਢਾਈ-ਤਿੰਨ ਸਾਲ ਪਹਿਲਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਅੱਜ ਤੱਕ ਅਧੂਰਾ ਹੈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਖੇਡ ਮੈਦਾਨ ਗੰਦਗੀ ਅਤੇ ਨਜਾਇਜ਼ ਕਬਜ਼ਿਆਂ ਦਾ ਅੱਡਾ ਬਣਿਆ ਹੋਇਆ ਹੈ ਤੇ ਇਹ ਹਕੀਕਤ ਇਹ ਹੈ ਕਿ ਜਿਸ ਜਗ੍ਹਾ ‘ਤੇ ਖਿਡਾਰੀਆਂ ਦੀ ਰੌਣਕ ਹੋਣੀ ਚਾਹੀਦੀ ਸੀ, ਉੱਥੇ ਹੁਣ ਪ੍ਰਵਾਸੀਆਂ ਨੇ ਆਪਣੇ ਡੇਰੇ ਲਾ ਲਏ ਹਨ। ਕੋਰਟ ਦੇ ਬਿਲਕੁਲ ਸਾਹਮਣੇ ਪਈ ਖਾਲੀ ਜਗ੍ਹਾ (ਨਗਰ ਸੁਧਾਰ ਟਰੱਸਟ ਦੀ ਮਲਕੀਅਤ) ਹੁਣ ਕੂੜੇ ਦੇ ਢੇਰ ਅਤੇ ਬਦਬੂ ਦਾ ਕੇਂਦਰ ਬਣ ਚੁੱਕੀ ਹੈ। ਹਾਲਾਤ ਇੰਨੇ ਮਾੜੇ ਹਨ ਕਿ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ।
ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਚੁੱਕੇ ਸਵਾਲ
ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਨਿਗਮ ਦੀ ਕਾਰਗੁਜ਼ਾਰੀ ‘ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ "ਇੱਕ ਪਾਸੇ ਨਗਰ ਨਿਗਮ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਫੰਡਾਂ ਦੀ ਕਮੀ ਦਾ ਬਹਾਨਾ ਬਣਾਉਂਦਾ ਹੈ, ਪਰ ਦੂਜੇ ਪਾਸੇ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਨੂੰ ਅਜਿਹੇ ਅਧੂਰੇ ਪ੍ਰੋਜੈਕਟਾਂ ‘ਚ ਬਰਬਾਦ ਕੀਤਾ ਜਾ ਰਿਹਾ ਹੈ। ਇਹ ਸਮਝ ਤੋਂ ਬਾਹਰ ਹੈ ਕਿ ਇਹ ਠੇਕੇਦਾਰ ਦੀ ਮਿਲੀਭੁਗਤ ਹੈ ਜਾਂ ਵਿਭਾਗ ਦੀ ਜਾਣਬੁੱਝ ਕੇ ਕੀਤੀ ਗਈ ਅਣਦੇਖੀ।"
ਅਰਵਿੰਦ ਸ਼ਰਮਾ ਨੇ ਕਿਹਾ ਕਿ ਇਹ ਅਧੂਰੀ ਪਲੈਨਿੰਗ ਹੈ ।
ਬਿਨਾਂ ਕਿਸੇ ਠੋਸ ਰਣਨੀਤੀ ਦੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਹੋ ਰਹੀ ਹੈ। ਤਿੰਨ ਸਾਲਾਂ ਦੀ ਅਣਦੇਖੀ ਹੋਣ ਕਰਕੇ ਇਹ ਕੰਮ ਰੁਕਿਆ ਹੋਣ ਕਾਰਨ ਢਾਂਚਾ ਖੰਡਰ ਬਣ ਰਿਹਾ ਹੈ। ਸਿਹਤ ਲਈ ਖਤਰਾ: ਗੰਦਗੀ ਅਤੇ ਬਦਬੂ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ ਹਨ।
ਨਿਗਮ ਕਮਿਸ਼ਨਰ ਨੂੰ ਜਾਂਚ ਦੀ ਅਪੀਲ
ਸਥਾਨਕ ਵਾਸੀਆਂ ਅਤੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਹੁਣ ਇਹ ਕੋਰਟ ਪੂਰਾ ਕਰ ਵੀ ਦਿੱਤਾ ਜਾਵੇ, ਤਾਂ ਕੀ ਪਿਛਲੇ 3 ਸਾਲਾਂ ਤੋਂ ਫੈਲੀ ਗੰਦਗੀ ਦੇ ਵਿਚਕਾਰ ਕੋਈ ਬੱਚਾ ਇੱਥੇ ਖੇਡਣ ਆਵੇਗਾ? ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਬਰਬਾਦੀ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਿਰਫ ਕਾਗਜ਼ਾਂ ਤੱਕ ਸੀਮਿਤ ਨਾ ਰੱਖਿਆ ਜਾਵੇ।
ਕੀ ਆਖਦੇ ਹਨ ਅਸਿਸਟੈਂਟ ਕਮਿਸ਼ਨਰ ਜਸਦੇਵ ਸੇਖੋਂ
ਜਦੋਂ ਇਸ ਮਾਮਲੇ ਬਾਰੇ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸੇਖੋ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਮਸਲੇ ਦੀ ਪਹਿਲ ਦੇ ਅਧਾਰ ਤੇ ਪੜਤਾਲ ਕਰਦਾ।
Click to Follow Babushahi Facebook page →