Babushahi Special ਦਵਿੰਦਰ ਖੁਦਕੁਸ਼ੀ : ਲਾਡਲੇ ਦੀ ਮਿੱਟੀ ਰੁਲਗੀ ਦੱਸੋ ਕਿਹੜੇ ਹੌਂਸਲੇ ਮੈਂ ਜ਼ਿੰਦਗੀ ਹੰਢਾਵਾਂ
ਅਸ਼ੋਕ ਵਰਮਾ
ਬਠਿੰਡਾ , 2 ਅਪ੍ਰੈਲ 2026 : ਪੰਜਾਬ ’ਚ ਮਰਕੇ ਨਿਆਂ ਲੈਣਾ ਵੀ ਅਸਾਨ ਨਹੀਂ ਰਿਹਾ ਹੈ। ਬਠਿੰਡਾ ਦੇ ਮੌੜ ਮੰਡੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਮਰਹੂਮ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਦਵਿੰਦਰਪਾਲ ਨੱਤ ਦੀ ਲਾਸ਼ ਪਿਛਲੇ ਛੇ ਦਿਨਾਂ ਤੋਂ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਰ ’ਚ ਰੁਲ ਰਹੀ ਹੈ। ਦਵਿੰਦਰ ਨੱਤ ਨੇ ਲੰਘੇ ਐਤਵਾਰ ਦੇਰ ਰਾਤ ਆਪਣੇ 30 ਬੋਰ ਦੇ ਲਾਈਸੰਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰਕੇ ਖੁਦਕਸ਼ੀ ਕਰ ਲਈ ਸੀ। ਹਾਲਾਂਕਿ ਘਰ ਦੇ ਇਕਲੌਤੇ ਚਿਰਾਗ ਦੇ ਇੰਜ ਬੁਝ ਜਾਣ ਕਾਰਨ ਪੀੜਤ ਪ੍ਰੀਵਾਰ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕੇਗਾ ਪਰ ਮ੍ਰਿਤਕ ਦਵਿੰਦਰ ਦੀ ਮਾਂ ਪਰਮਿੰਦਰ ਕੌਰ ਦਾ ਸਵਾਲ ਹੈ ਕਿ ਉਨ੍ਹਾਂ ਦੇ ਬੱਚੇ ਦੀ ਮੌਤ ਲਈ ਜਿੰਮੇਵਾਰ ਲੋਕ ਕਦੋਂ ਸਲਾਖਾਂ ਪਿੱਛੇ ਹੋਣਗੇ। ਇਸ ਅਭਾਗੀ ਮਾਂ ਨੂੰ ਮਲਾਲ ਹੈ ਕਿ ਪੁੱਤ ਵੀ ਚਲਾ ਗਿਆ ਅਤੇ ਹੁਣ ਪੁਲਿਸ ਵੀ ਉਸਦਾ ਜੇਰਾ ਪਰਖ ਰਹੀ ਹੈ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਦਵਿੰਦਰ ਨੇ ਇੱਕ ਵੀਡੀਓ ਬਣਾਈ ਜਿਸ ਵਿੱਚ ਚੰਡੀਗੜ੍ਹ ਦੇ ਇੱਕ ਬਿਲਡਰ ’ਤੇ ਧੋਖਾਧੜੀ ਦੇ ਗੰਭੀਰ ਦੋਸ਼ ਲਾਏ ਸਨ। ਹਾਲਾਂਕਿ ਬਠਿੰਡਾ ਪੁਲਿਸ ਨੇ ਬਿਲਡਰ ਬਿੰਦਰਪਾਲ ਮਿੱਤਲ , ਉਸ ਦੇ ਦੋ ਪੁੱਤਰਾਂ ਪ੍ਰਤੀਕ ਮਿੱਤਲ ਅਤੇ ਭਰਤ ਮਿੱਤਲ ਖਿਲਾਫ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ। ਪਰਮਿੰਦਰ ਕੌਰ ਨੇ ਪਹਿਲਾਂ ਆਪਣੇ ਇਕਲੌਤੇ ਪੁੱਤ ਦਵਿੰਦਰ ਸਿੰਘ ਨੂੰ ਆਪਣੇ ਹੀ ਪੈਸੇ ਲੈਣ ਲਈ ਬਿਗਾਨੇ ਬੂਹਿਆਂ ਅੱਗੇ ਰੁਲਦਾ ਦੇਖਿਆ ਤੇ ਹੁਣ ਉਸ ਦੀ ਰੁਲ ਰਹੀ ਲਾਸ਼ ਨੂੰ ਦੇਖ ਰਹੀ ਹੈ। ਅਨੰਤ ਸਫਰ ਤੇ ਤੁਰਨ ਦੀ ਉਮਰ ਦੀ ਦਲਹੀਜ਼ ’ਤੇ ਢੁੱਕਣ ਦੇ ਲਾਗੇ ਪੁੱਜੀ ਇਸ ਬਿਰਧ ਮਾਂ ਲਈ ਪੁੱਤ ਦੀ ਮੌਤ ਅਸਹਿ, ਅਕਹਿ ਅਤੇ ਆਖਰੀ ਸਾਹ ਤੱਕ ਨਾਂ ਭੁੱਲਣ ਵਾਲਾ ਸਦਮਾ ਹੈ। ਮਾਂ ਪਰਮਿੰਦਰ ਕੌਰ ਹੁਣ ਚਲਦੀ ਫਿਰਦੀ ‘ਲਾਸ਼’ ਤੋਂ ਵੱਧ ਕੁਝ ਨਹੀਂ ਰਹੀ ਹੈ।
ਰਾਤ ਨੂੰ ਜਦੋਂ ਖੜਾਕ ਹੁੰਦਾ ਹੈ ਤਾਂ ਅੱਭੜਵਾਟੇ ਉਠਦੀ ਮਾਂ ਬੂਹੇ ਵੱਲ ਦੇਖਦੀ ਹੈ ਕਿ ਕਿਧਰੇ ਦਵਿੰਦਰ ਤਾਂ ਨਹੀਂ ਆਇਆ ਪਰ ਅਗਲੇ ਹੀ ਪਲ ਉਸ ਦਾ ਭਰਮ ਟੁੱਟ ਜਾਂਦਾ ਹੈ। ਮਾਂ ਆਖਦੀ ਹੈ ਕਿ ਜਿਸ ਅਭਾਗੀ ਦੇ ਪੁੱਤ ਦੀ ਇਸ ਤਰਾਂ ਲਾਸ਼ ਰੁਲ ਜਾਏ, ਉਸ ਨੂੰ ਨੀਂਦਰ ਕਿੱਥੇ ਆਉਂਦੀ ਹੈ। ਅਫਸੋਸ ਕਰਨ ਲਈ ਆਈਆਂ ਔਰਤਾਂ ਵੱਲੋਂ ਜੋਰ ਦੇਣ ’ਤੇ ਜਦੋਂ ਉਹ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਲੰਘਦੀ ਨਹੀਂ।’’ ਮਾਂ ਪਰਮਿੰਦਰ ਕੌਰ ਕੋਲ ਹੁਣ ਕੋਈ ਢਾਰਸ ਨਹੀਂ ਬਚਿਆ ਹੈ। ਉਸ ਦੀ ਜਿੰਦਗੀ ਪੁੱਤ ਦੇ ਇੱਕ ਮੰਦਭਾਗੇ ਫੈਸਲੇ ਨੇ ਬੰਜਰ ਬਣਾ ਦਿੱਤੀ ਹੈ। ਐਤਵਾਰ ਰਾਤ ਨੂੰ ਦਵਿੰਦਰਪਾਲ ਨਾਲ ਐਨਾ ਵੱਡਾ ਭਾਣਾ ਵਾਪਰ ਜਾਏਗਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਲੋਕਾਂ ਦਾ ਕਹਿਣਾ ਹੈ ਕਿ ‘ਏਨਾਂ ਨਿਰਦਈਪੁਣਾ ਕਿਸੇ ਵੀ ਵੱਡੇ ਲੀਡਰ ਨੇ ਫੋਕਾ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ ਹੈ।’
ਪਿੰਡ ਨੱਤ ਵਾਸੀ ਆਖਦੇ ਹਨ ਕਿ ਪ੍ਰੀਵਾਰ ’ਚ ਪਿੱਛੇ ਬਚੀ ਇੱਕ ਔਰਤ ’ਤੇ ਅਣਕਿਆਸਿਆ ਕਹਿਰ ਟੁੱਟਿਆ ਹੈ ਪਰ ਹਾਲੇ ਤੱਕ ਅਫਸਰਸ਼ਾਹੀ ਦਾ ਮਨ ਨਹੀਂ ਉਛਲਿਆ ਹੈ। ਦਵਿੰਦਰ ਦੀ ਮੌਤ ਪਰਮਿੰਦਰ ਕੌਰ ਦੇ ਘਰ ਦੀ ਕਹਾਣੀ ਦਾ ਆਖਰੀ ਅਧਿਆਏ ਸੀ। ਪਹਿਲਾਂ ਪਤੀ ਜਹਾਨੋਂ ਚਲਾ ਗਿਆ ਤੇ ਹੁਣ ਗੱਭਰੂ ਪੁੱਤ। ਪਰਮਿੰਦਰ ਕੌਰ ਨੂੰ ਪੁੱਛੋ ਕਿ ਜਿੰਦਗੀ ਦਾ ਖਜਾਨਾ ਕਿੰਜ ਮੁੱਕਦਾ ਹੈ। ਧਨਾਢਾਂ ਨੂੰ ਇਹ ਗੱਲ ਸਮਝ ਪੈਂਦੀ ਤਾਂ ਇਸ ਘਰ ਦਾ ਭਾਂਡਾ ਮੂਧਾ ਨਹੀਂ ਵੱਜਣਾ ਸੀ। ਪਿੰਡ ਵਾਲੇ ਆਖਦੇ ਹਨ ਦਵਿੰਦਰ ਸਿਹੁੰ ਭਲਾ ਬੰਦਾ ਸੀ ਜਵਾਂ ਆਪਣੇ ਬਾਪ ਵਰਗਾ ਪਰ ਜਦੋਂ ਰੱਬ ਰੁੱਸ ਜਾਏ ਤਾਂ ਕਰ ਵੀ ਕੀ ਸਕਦੇ ਹਾਂ। ਦਵਿੰਦਰ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਦੇ ਸਰਕਾਰੀ ਤਾਬੂਤ ’ਚ ਬੰਦ ਹੈ ਜਿਸ ਨੂੰ ਜਾਨ ਦੇਕੇ ਵੀ ਅੰਤਿਮ ਸਫਰ ਨਸੀਬ ਨਹੀਂ ਹੋਇਆ ਹੈ। ਮਾਂ ਨੇ ਆਪਣਾ ਕਸੂਰ ਪੁੱਛਿਆ ਜੋ ਪੁੱਤ ਦੀ ਮੌਤ ਲਈ ਇਨਸਾਫ ਮੰਗ ਰਹੀ ਹੈ।
ਗ੍ਰਿਫਤਾਰੀ ਤੱਕ ਸਸਕਾਰ ਨਹੀਂ
ਦਵਿੰਦਰਪਾਲ ਦੀ ਮਾਤਾ ਪਰਮਿੰਦਰ ਕੌਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਬੱਚੇ ਦਾ ਸਸਕਾਰ ਨਹੀਂ ਕਰਨਗੇ। ਫਿਲਹਾਲ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਦਵਿੰਦਰਪਾਲ ਸਿੰਘ ਨੱਤ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕੀਤੀ ਅਤੇ ਇੱਕ ਸੁਸਾਈਡ ਨੋਟ ਵੀ ਛੱਡਿਆ। ਇਸ ਵਿੱਚ ਉਸ ਨੇ ਚੰਡੀਗੜ੍ਹ ਦੇ ਸੁਸ਼ਮਾ ਬਿਲਡਟੈੱਕ ਲਿਮਟਿਡ ਦੇ ਮਾਲਕ ਬਿੰਦਰਪਾਲ ਮਿੱਤਲ ਅਤੇ ਉਸ ਦੇ ਦੋ ਪੁੱਤਰਾਂ ’ਤੇ ਗੰਭੀਰ ਦੋਸ਼ ਲਾਏ ਹਨ। ਦਵਿੰਦਰਪਾਲ ਅਨੁਸਾਰ ਇਨ੍ਹਾਂ ਬਿਲਡਰਾਂ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਦੋਸਤਾਂ ਦੇ ਲਗਪਗ 10 ਕਰੋੜ ਰੁਪਏ ਵਾਪਸ ਨਹੀਂ ਕੀਤੇ ਸਨ।
ਗ੍ਰਿਫਤਾਰੀ ਦੇ ਯਤਨ ਜਾਰੀ : ਐਸਐਸਪੀ
ਐਸਐਸਪੀ ਬਠਿੰਡਾ ਜਯੋਤੀ ਯਾਦਵ ਦਾ ਕਹਿਣਾ ਸੀ ਕਿ ਪੁਲਿਸ ਟੀਮਾਂ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਮੁਲਜਮਾਂ ਦੀ ਅੰਤਿਮ ਲੋਕੇਸ਼ਨ ਦਿੱਲੀ ਐਨਸੀਆਰ ਦੇ ਨਜ਼ਦੀਕ ਮਿਲੀ ਹੈ ਜਿਸ ਦੇ ਅਧਾਰ ’ਤੇ ਪੈੜ ਨੱਪੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੇਸ਼ ਛੱਡਕੇ ਭੱਜਣ ਦੇ ਡਰੋਂ ਮੁਲਜਮਾਂ ਖਿਲਾਫ ’ਲੁੱਕ ਆਊਟ ਸਰਕੂਲਰ’ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਜਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ।
Click to Follow Babushahi Facebook page →