ਦੇਸ਼ ਭਗਤ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਫ੍ਰੀ ਕੋਚਿੰਗ ਸੈਂਟਰ ਦਾ ਉਦਘਾਟਨ
ਕੋਚਿੰਗ ਸੈਂਟਰ ਨੌਜਵਾਨਾਂ ਲਈ ਬਣੇਗਾ ਰਾਹ-ਦਸੇਰਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 2 April 2026- ਇਲਾਕਾ ਚੋਹਲਾ ਸਾਹਿਬ ਵਿੱਚ ਕੋਚਿੰਗ ਸੈਂਟਰ ਦੀ ਘਾਟ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਅਰਦਾਸ ਕਰਨ ਉਪਰੰਤ ਫ੍ਰੀ ਕੋਚਿੰਗ ਸੈਂਟਰ ਦਾ ਆਗਾਜ਼ ਕੀਤਾ ਗਿਆ।ਇਸ ਕੋਚਿੰਗ ਸੈਂਟਰ ਨੂੰ ਸ਼ੁਰੂ ਕਰਨ ਲਈ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਰਿਟਾਇਰਡ ਬ੍ਰਿਗੇਡੀਅਰ ਪਾਲ ਸਿੰਘ ਸੰਧੂ ਰੱਤੋਕੇ ਅਤੇ ਰਿਟਾਇਰਡ ਡੀਆਈਜੀ ਚਰਨਜੀਤ ਸਿੰਘ ਬਰਾੜ ਵੱਲੋਂ ਸੇਵਾਮੁਕਤ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਦੀ ਅਗਵਾਈ ਹੇਠ ਉੱਚ ਯੋਗਤਾ ਪ੍ਰਾਪਤ ਪੰਜ ਟੀਚਰ ਰੱਖੇ ਗਏ ਹਨ।ਇਸ ਮੌਕੇ ਬੋਲਦਿਆਂ ਹੋਇਆਂ ਸੂਬੇਦਾਰ ਬਖ਼ਸ਼ੀਸ਼ ਸਿੰਘ ਰੱਤੋਕੇ ਨੇ ਦੱਸਿਆ ਕਿ ਕੋਚਿੰਗ ਸੈਂਟਰ ਵਿਚ ਵੱਖ-ਵੱਖ ਦਾਖਲਿਆਂ ਵਿੱਚ ਭਰਤੀ ਹੋਣ ਲਈ ਪੜ੍ਹਾਈ ਕਰਵਾਈ ਜਾਵੇਗੀ ਜਿਵੇਂ ਕਿ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਭਰਤੀ ਦਾ ਇਸ਼ਤਿਹਾਰ ਦਿੱਤਾ ਗਿਆ ਹੈ ਤੇ ਇਸ ਭਰਤੀ ਪ੍ਰਕਿਰਿਆ ਵਿੱਚ ਨੌਜਵਾਨਾਂ ਦਾ ਲਿਖਤੀ ਇਮਤਿਹਾਨ ਵੀ ਲਿਆ ਜਾਣਾ ਹੈ ਇਸ ਕਰਕੇ ਨੌਜਵਾਨ ਇਸ ਪ੍ਰੀਖਿਆ ਦੀ ਤਿਆਰੀ ਇਸ ਸੈਂਟਰ ਵਿੱਚ ਬਿਲਕੁਲ ਮੁਫ਼ਤ ਕਰ ਸਕਦੇ ਹਨ।
ਇਸ ਸਮੇਂ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਕੋਚਿੰਗ ਸੈਂਟਰ ਵਿਚ ਨਰਸਿੰਗ ਕਾਲਜ ਵਿੱਚ ਦਾਖਲਾ ਲੈਣ ਲਈ ਜਾਂ ਕਿਸੇ ਹੋਰ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਸਮੇਂ ਵੀ ਲਿਖਤੀ ਪ੍ਰੀਖਿਆ ਲਈ ਜਾਂਦੀ ਹੈ ਉਸ ਲਈ ਵੀ ਤਿਆਰੀ ਕਰਵਾਈ ਜਾਵੇਗੀ। ਈਟੀਟੀ ਜਾਂ ਬੀ.ਐੱਡ ਦੇ ਦਾਖਲੇ ਵਾਲੇ ਵਿਦਿਆਰਥੀ ਵੀ ਇਸ ਕੋਚਿੰਗ ਸੈਂਟਰ ਵਿਖੇ ਪਹੁੰਚ ਕੇ ਮੌਕੇ ਦਾ ਲਾਭ ਲੈ ਸਕਣਗੇ। ਇਸ ਦੇ ਨਾਲ ਹੀ ਬੈਂਕ ਵਿੱਚ ਨੌਕਰੀ ਹਾਸਲ ਕਰਨ ਲਈ ਵੀ ਟੈਸਟ ਲਿਆ ਜਾਂਦਾ ਹੈ ਜਾਂ ਸਟਾਫ ਸਿਲੈਕਸਨ ਕਮਿਸ਼ਨ ਵੱਲੋਂ ਜੋ ਵੀ ਭਰਤੀਆਂ ਕੀਤੀਆਂ ਜਾਂਦੀਆਂ ਹਨ ਸਾਰਿਆਂ ਲਈ ਹੀ ਟੈਸਟ ਰੱਖੇ ਜਾਂਦੇ ਹਨ, ਇੰਨਾ ਸਾਰੇ ਟੈਸਟਾਂ ਲਈ ਮੁਫ਼ਤ ਤਿਆਰੀ ਇਸ ਸੈਂਟਰ ਵਿਖੇ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮੰਗ ਅਨੁਸਾਰ ਜੋ ਵੀ ਲੋੜ ਹੋਵੇਗੀ ਉਸ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।
ਇਸ ਸਮੇਂ ਸੂਬੇਦਾਰ ਲਖਬੀਰ ਸਿੰਘ ਨੇ ਕਿਹਾ ਕਿ ਇਹ ਕੋਚਿੰਗ ਸੈਂਟਰ ਸਾਡੇ ਨੌਜਵਾਨਾਂ ਲਈ ਰਾਹ ਦਸੇਰਾ ਬਣੇਗਾ ਤੇ ਇੱਥੋਂ ਕੋਚਿੰਗ ਲੈਕੇ ਚੰਗੀਆਂ ਨੌਕਰੀਆਂ ਹਾਸਲ ਕਰਨ ਦੇ ਯੋਗ ਹੋਣਗੇ। ਇਸ ਮੌਕੇ ਇੰਡੀਅਨ ਐਕਸ ਸਰਵਿਸ ਮੈਨ ਲੀਗ ਦੇ ਤਰਨ ਤਾਰਨ ਜ਼ਿਲ੍ਹਾ ਪ੍ਰਧਾਨ ਕੈਪਟਨ ਮੁਖਤਾਰ ਸਿੰਘ ਕੱਚਾ ਪੱਕਾ ਨੇ ਵੀ ਸੰਬੋਧਨ ਕੀਤਾ ਤੇ ਬ੍ਰਿਗੇਡੀਅਰ ਪਾਲ ਦੇ ਉੱਦਮ ਸਦਕਾ ਕੀਤੇ ਗਏ ਵਿਸੇਸ਼ ਉਪਰਾਲੇ ਲਈ ਵਧਾਈ ਦਿੱਤੀ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਇਸ ਸੁਚੱਜੇ ਉਪਰਾਲੇ ਤੋਂ ਫਾਇਦਾ ਉਠਾ ਕੇ ਜ਼ਿੰਦਗੀ ਵਿਚ ਸਫਲਤਾ ਹਾਸਲ ਕਰੋ।ਇਸ ਸਮੇਂ ਲੀਗ ਦੇ ਬਲਾਕ ਪ੍ਰਧਾਨ ਹੌਲਦਾਰ ਗੁਰਦੇਵ ਸਿੰਘ,ਮੀਤ ਪ੍ਰਧਾਨ ਨਿਰਵੈਲ ਸਿੰਘ ਧੁੰਨ ,ਤੇਜਿੰਦਰ ਸਿੰਘ ਜਨਰਲ ਸਕੱਤਰ ,ਦਿਲਬਾਗ ਸਿੰਘ ਰਾਣੀਵਲਾਹ,ਸੁਰਜੀਤ ਸਿੰਘ ਧੁੰਨ,ਦੂਲਾ ਸਿੰਘ ਘੜਕਾ,ਕੈਪਟਨ ਤਰਲੋਕ ਸਿੰਘ ਘੜਕਾ,ਸੂਬੇਦਾਰ ਹਰਦੀਪ ਸਿੰਘ,ਸੂਬੇਦਾਰ ਸਰਮੁਖ ਸਿੰਘ , ਹਰਭਜਨ ਸਿੰਘ,ਪਰਗਟ ਸਿੰਘ,ਹਰਦੇਵ ਸਿੰਘ,ਦਿਲਜੋਧ ਸਿੰਘ,ਸੁਰਿੰਦਰ ਸਿੰਘ,ਸੂਬੇਦਾਰ ਨਰਿੰਦਰ ਸਿੰਘ,ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਚੋਹਲਾ ਸਾਹਿਬ ਦੇ ਖ਼ਜ਼ਾਨਚੀ ਅਮਰੀਕ ਸਿੰਘ ਨਿੱਕਾ ਚੋਹਲਾ ਅਤੇ ਕਮੇਟੀ ਮੈਂਬਰ ਅਵਤਾਰ ਸਿੰਘ ਗਿੱਲ,ਮਾਸਟਰ ਮਨਜਿੰਦਰ ਸਿੰਘ ਤੇ ਮਾਸਟਰ ਬਿਕਰਮ ਸਿੰਘ ਆਦਿ ਵੀ ਹਾਜ਼ਰ ਸਨ।
Click to Follow Babushahi Facebook page →