ਬਾਬੂਸ਼ਾਹੀ ਦੀ ਖ਼ਬਰ ਦਾ ਅਸਰ: ਫੂਡ ਸਪਲਾਈ ਵਿਭਾਗ ਵੱਲੋਂ ਅਚਨਚੇਤ ਛਾਪੇਮਾਰੀ, ਵਪਾਰਕ ਵਰਤੋਂ ਕਰਦੇ 12 ਘਰੇਲੂ ਗੈਸ ਸਿਲੰਡਰ ਜ਼ਬਤ
ਜਗਰਾਉਂ (ਦੀਪਕ ਜੈਨ):
ਸ਼ਹਿਰ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਤੌਰ 'ਤੇ ਹੋ ਰਹੀ ਨਾਜਾਇਜ਼ ਵਰਤੋਂ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਦਾ ਸਥਾਨਕ ਫੂਡ ਸਪਲਾਈ ਵਿਭਾਗ ਨੇ ਸਖ਼ਤ ਨੋਟਿਸ ਲਿਆ ਹੈ। ਅੱਜ ਵਿਭਾਗ ਦੇ ਏ.ਐਫ.ਐਸ.ਓ. (AFSO) ਬੇਅੰਤ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਜਗਰਾਉਂ ਦੇ ਤਹਿਸੀਲ ਰੋਡ, ਰਾਏਕੋਟ ਰੋਡ, ਅਤੇ ਮਲਕ ਚੌਂਕ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਢਾਬਿਆਂ, ਮਠਿਆਈ ਦੀਆਂ ਦੁਕਾਨਾਂ ਅਤੇ ਖਾਣ-ਪੀਣ ਵਾਲੀਆਂ ਰੇਹੜੀਆਂ 'ਤੇ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਦੌਰਾਨ ਵਿਭਾਗ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਨਿਯਮਾਂ ਦੀ ਉਲੰਘਣਾ ਕਰਕੇ ਵਪਾਰਕ ਕੰਮਾਂ ਲਈ ਵਰਤੇ ਜਾ ਰਹੇ 12 ਘਰੇਲੂ ਗੈਸ ਸਿਲੰਡਰ ਬਰਾਮਦ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਐਫ.ਐਸ.ਓ. ਬੇਅੰਤ ਸਿੰਘ ਨੇ ਦੱਸਿਆ ਕਿ ਕੁਝ ਢਾਬਾ ਮਾਲਕਾਂ, ਮਠਿਆਈ ਵਿਕਰੇਤਿਆਂ ਅਤੇ ਰੇਹੜੀ ਚਾਲਕਾਂ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀ ਗੈਰ-ਕਾਨੂੰਨੀ ਢੰਗ ਨਾਲ ਦੁਰਵਰਤੋਂ ਕੀਤੀ ਜਾ ਰਹੀ ਸੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਤ ਕੀਤੇ ਗਏ ਇਨ੍ਹਾਂ ਸਿਲੰਡਰਾਂ ਨੂੰ ਗੈਸ ਏਜੰਸੀ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਅਫ਼ਸਰ ਨੂੰ ਲਿਖਤੀ ਰਿਪੋਰਟ ਭੇਜ ਦਿੱਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀ ਗੈਰ-ਕਾਨੂੰਨੀ ਵਰਤੋਂ ਨੂੰ ਠੱਲ੍ਹ ਪਾਈ ਜਾ ਸਕੇ।
ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਦੁਕਾਨਦਾਰ ਦੇ ਟਿਕਾਣੇ ਤੋਂ ਵੀ ਮਿਲੇ ਦੋ ਘਰੇਲੂ ਸਿਲੰਡਰ: ਪੱਤਰਕਾਰਾਂ ਦੇ ਸੱਚ 'ਤੇ ਲੱਗੀ ਮੋਹਰ
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਸਬੰਧੀ ਕਵਰੇਜ ਕੀਤੀ ਜਾ ਰਹੀ ਸੀ, ਤਾਂ ਤਹਿਸੀਲ ਰੋਡ ਸਥਿਤ ਬੀਕਾਨੇਰੀ ਸਵੀਟ ਸ਼ਾਪ ਦੇ ਬਾਹਰ ਵਪਾਰਕ ਕੰਮ ਲਈ ਵਰਤੇ ਜਾ ਰਹੇ ਘਰੇਲੂ ਸਿਲੰਡਰ ਦੀ ਫੋਟੋ ਖਿੱਚਣ 'ਤੇ ਦੁਕਾਨਦਾਰ ਬੁਰੀ ਤਰ੍ਹਾਂ ਭੜਕ ਗਿਆ ਸੀ। ਉਸ ਵੱਲੋਂ ਨਾ ਸਿਰਫ਼ ਪੱਤਰਕਾਰਾਂ ਨਾਲ ਭੈੜੀ ਸ਼ਬਦਾਵਲੀ ਵਰਤ ਕੇ ਦੁਰਵਿਹਾਰ ਕੀਤਾ ਗਿਆ, ਸਗੋਂ ਪੱਤਰਕਾਰ ਦਾ ਮੋਬਾਈਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ।
ਅਖ਼ਬਾਰਾਂ ਵਿੱਚ ਇਸ ਮੁੱਦੇ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਫੂਡ ਸਪਲਾਈ ਵਿਭਾਗ ਨੇ ਅੱਜ ਜਦੋਂ ਅਚਨਚੇਤ ਚੈਕਿੰਗ ਕੀਤੀ, ਤਾਂ ਉਕਤ ਮਠਿਆਈ ਵਿਕਰੇਤਾ ਦੀ ਦੁਕਾਨ ਤੋਂ ਵੀ ਦੋ ਘਰੇਲੂ ਗੈਸ ਸਿਲੰਡਰ ਬਰਾਮਦ ਹੋਏ, ਜਿਨ੍ਹਾਂ ਦੀ ਕਥਿਤ ਤੌਰ 'ਤੇ ਵਪਾਰਕ ਵਰਤੋਂ ਕੀਤੀ ਜਾ ਰਹੀ ਸੀ। ਵਿਭਾਗ ਦੀ ਅੱਜ ਦੀ ਇਸ ਸਖ਼ਤ ਕਾਰਵਾਈ ਨੇ ਜਿੱਥੇ ਪੱਤਰਕਾਰਾਂ ਵੱਲੋਂ ਕੀਤੀ ਗਈ ਨਿਰਪੱਖ ਰਿਪੋਰਟਿੰਗ 'ਤੇ ਮੋਹਰ ਲਗਾਈ ਹੈ, ਉੱਥੇ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਦੁਕਾਨਦਾਰ ਦੀ ਅਸਲੀਅਤ ਵੀ ਜਨਤਾ ਸਾਹਮਣੇ ਲਿਆਂਦੀ ਹੈ।
Click to Follow Babushahi Facebook page →