ਜ਼ਮੀਨੀ ਹਕੀਕਤ: ਸਰਕਾਰੀ ਦਾਵਿਆਂ ਦੇ ਬਾਵਜੂਦ ਸਿਸਵਾਂ ਦਰਿਆ ਕਿਨਾਰੇ ਗੈਰਕਾਨੂੰਨੀ ਖਣਨ ਜਾਰੀ
ਚੰਡੀਗੜ੍ਹ / ਮੋਹਾਲੀ / ਨਯਾਗਾਂਵ, 27 ਮਾਰਚ:
ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ (ਪੰਜਾਬ) ਦੇ ਰਾਜ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਸਥਾਨਕ ਪਿੰਡ ਵਾਸੀਆਂ ਦੇ ਨਿਯੋਤੇ ‘ਤੇ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਖਰੜ ਵਿਧਾਨ ਸਭਾ ਖੇਤਰ ਦੇ ਮਾਜਰੀ ਬਲਾਕ ਵਿੱਚ ਸਿਸਵਾਂ ਦਰਿਆ ਦੇ ਕਿਨਾਰੇ ਬੇਰੋਕਟੋਕ ਚੱਲ ਰਹੇ ਗੈਰਕਾਨੂੰਨੀ ਖਣਨ ਦਾ ਖੁਲਾਸਾ ਕੀਤਾ।
ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਯਲ ਵੱਲੋਂ ਗੈਰਕਾਨੂੰਨੀ ਖਣਨ ਰੋਕਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। “ਜਮੀਨੀ ਹਕੀਕਤ ਬਿਲਕੁਲ ਵੱਖਰੀ ਹੈ—ਸੋਹਾਲੀ, ਨਗਲੀਆਂ, ਖੈਰਪੁਰ, ਫ਼ਤਹਿਗੜ੍ਹ, ਅੰਦਹੇੜੀ, ਝਿੰਗੜਾਂ, ਸੇਖ਼ਪੁਰਾ, ਸਿਆਮੀਪੁਰ, ਮਲਕਪੁਰ, ਤਿਊੜ, ਦੁਸਾਰਨਾ, ਰੁੜਕੀ ਖਾਮ, ਫੈਂਟਵਾਂ, ਢਕੋਰਾਂ, ਬਹਾਲਪੁਰ , ਚੰਦਪੁਰ ਅਤੇ ਕਾਦੀ ਮਾਜਰਾ ਵਰਗੇ ਕਈ ਪਿੰਡਾਂ ਵਿੱਚ ਖੁੱਲ੍ਹੇਆਮ ਗੈਰਕਾਨੂੰਨੀ ਖਣਨ ਹੋ ਰਿਹਾ ਹੈ,” ਉਨ੍ਹਾਂ ਕਿਹਾ।
ਉਨ੍ਹਾਂ ਅੱਗੇ ਦੋਸ਼ ਲਗਾਇਆ ਕਿ ਖਣਨ ਮਾਫੀਆ ਨੂੰ ਖੁੱਲ੍ਹੀ ਰਾਜਨੀਤਿਕ ਸਰਪ੍ਰਸਤੀ ਮਿਲ ਰਹੀ ਹੈ ਅਤੇ ਪਿੰਡ ਵਾਸੀਆਂ ਨੇ ਸਿੱਧੇ ਤੌਰ ‘ਤੇ ਵਿਧਾਇਕ ਅਨਮੋਲ ਗਗਨ ਮਾਨ ਦੇ ਭਰਾ ਦੀ ਸੰਲਿਪਤਤਾ ਦੇ ਦੋਸ਼ ਲਗਾਏ ਹਨ। “ਇਹ ਹੈਰਾਨੀਜਨਕ ਹੈ ਕਿ 24 ਘੰਟੇ ਤੇ ਖਾਸ ਕਰਕੇ ਰਾਤ ਦੇ ਹਨੇਰੇ ਚ ਵੱਡੇ ਪੱਧਰ ‘ਤੇ ਹੋ ਰਹੇ ਗੈਰਕਾਨੂੰਨੀ ਖਣਨ ਦੇ ਬਾਵਜੂਦ ਖਣਨ ਵਿਭਾਗ ਅਤੇ ਪੰਜਾਬ ਪੁਲਿਸ ਅੱਖਾਂ ਮੂੰਦ ਕੇ ਬੈਠੇ ਹਨ, ਜੋ ਪ੍ਰਸ਼ਾਸਨਿਕ ਨਾਕਾਮੀ ਅਤੇ ਰਾਜਨੀਤਿਕ ਸਰਪ੍ਰਸਤੀ ਨੂੰ ਦਰਸਾਉਂਦਾ ਹੈ,” ਜੋਸ਼ੀ ਨੇ ਕਿਹਾ।
ਜਵਾਬਦੇਹੀ ਦੀ ਮੰਗ ਕਰਦੇ ਹੋਏ ਜੋਸ਼ੀ ਨੇ ਭਗਵੰਤ ਮਾਨ ਸਰਕਾਰ ਨੂੰ ਚੁਣੌਤੀ ਦਿੱਤੀ: “ਜੇਕਰ ਸਰਕਾਰ ਸੱਚਮੁੱਚ ਖਣਨ ਮਾਫੀਆ ਨੂੰ ਖਤਮ ਕਰਨਾ ਚਾਹੁੰਦੀ ਹੈ, ਤਾਂ ਤੁਰੰਤ ਸਖ਼ਤ ਕਾਰਵਾਈ ਕਰੇ। ਚੁੱਪੀ ਅਤੇ ਨਿਸ਼ਕ੍ਰਿਆਤਾ ਮਿਲੀਭੁਗਤ ਨੂੰ ਸਾਬਤ ਕਰਦੀ ਹੈ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ।”
Click to Follow Babushahi Facebook page →