ਸਾਵਧਾਨ: ਨਿੱਜੀ ਵਾਹਨਾਂ 'ਤੇ ਲਾਲ-ਨੀਲੀਆਂ ਅਤੇ ਫਲੈਸ਼ੀ ਲਾਈਟਾਂ ਲਗਾਈਆਂ ਤਾਂ ਹੋਵੇਗੀ ਜੇਲ੍ਹ ਤੇ ਭਾਰੀ ਜੁਰਮਾਨਾ!
ਸੁਖਮਿੰਦਰ ਭੰਗੂ
ਲੁਧਿਆਣਾ 6 ਮਾਰਚ 2026
ਸ਼ਹਿਰ ਵਿੱਚ ਵਧਦੇ ਸੜਕ ਹਾਦਸਿਆਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਏ.ਸੀ.ਪੀ. ਟ੍ਰੈਫਿਕ ਗੁਰਦੇਵ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਨਿੱਜੀ ਵਾਹਨਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਲਗਾਈਆਂ ਗਈਆਂ LED ਅਤੇ ਫਲੈਸ਼ੀ ਲਾਈਟਾਂ ਵਿਰੁੱਧ ਹੁਣ ਸਿੱਧੀ ਕਾਰਵਾਈ ਕੀਤੀ ਜਾਵੇਗੀ।
ਕਿਹੜੀਆਂ ਲਾਈਟਾਂ 'ਤੇ ਹੈ ਪਾਬੰਦੀ?
ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਦੱਸਿਆ ਕਿ ਕਿਹੜੀਆਂ ਲਾਈਟਾਂ ਦੀ ਵਰਤੋਂ ਕਾਨੂੰਨੀ ਜ਼ੁਰਮ ਹੈ।
ਨਿੱਜੀ ਗੱਡੀਆਂ 'ਤੇ ਲੱਗਣ ਵਾਲੀਆਂ ਲਾਲ ਅਤੇ ਨੀਲੀਆਂ ਫਲੈਸ਼ਰ ਲਾਈਟਾਂ।
ਅੱਖਾਂ ਨੂੰ ਚੁੰਧਿਆਉਣ ਵਾਲੀਆਂ ਤੇਜ਼ ਚਿੱਟੀਆਂ LED ਲਾਈਟਾਂ।
ਬਿਨਾਂ ਮਨਜ਼ੂਰੀ ਦੇ ਲਗਾਏ ਗਏ LED ਲਾਈਟ ਬਾਰ।
ਗੱਡੀਆਂ ਦੇ ਬੰਪਰਾਂ ਜਾਂ ਟਾਇਰਾਂ 'ਤੇ ਲਗਾਈਆਂ ਜਾਣ ਵਾਲੀਆਂ ਡੈਕੋਰੇਟਿਵ (ਅੰਡਰ-ਗਲੋ) ਲਾਈਟਾਂ।
ਕਾਨੂੰਨੀ ਕਾਰਵਾਈ ਅਤੇ ਜੁਰਮਾਨਾ
ਮੋਟਰ ਵਾਹਨ ਐਕਟ (Motor Vehicles Act) ਦੇ ਤਹਿਤ ਨਿਯਮ ਤੋੜਨ ਵਾਲਿਆਂ 'ਤੇ ਹੇਠ ਲਿਖੀਆਂ ਧਾਰਾਵਾਂ ਲਗਾਈਆਂ ਜਾਣਗੀਆਂ:
ਧਾਰਾ ਉਲੰਘਣਾ ਦਾ ਵੇਰਵਾ ਜੁਰਮਾਨਾ (ਰੁਪਏ) ਇਸ ਤਰਾਂ ਹੋਵੇਗਾ।
ਸੈਕਸ਼ਨ 190(2) ਅਸੁਰੱਖਿਅਤ ਵਾਹਨ ਦੀ ਵਰਤੋਂ/ਬਦਲਾਅ ₹5,000 (ਵਾਹਨ ਜ਼ਬਤ ਵੀ ਹੋ ਸਕਦਾ ਹੈ)
ਸੈਕਸ਼ਨ 177 ਜਨਰਲ ਟ੍ਰੈਫਿਕ ਨਿਯਮ ਦੀ ਉਲੰਘਣਾ ₹500 (ਪਹਿਲੀ ਵਾਰ), ₹1,500 (ਦੂਜੀ ਵਾਰ)
ਏ.ਸੀ.ਪੀ. ਗੁਰਦੇਵ ਸਿੰਘ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਅਜਿਹੀਆਂ ਲਾਈਟਾਂ ਦੀ ਵਰਤੋਂ ਤੋਂ ਗੁਰੇਜ਼ ਕਰੋ। ਤੇਜ਼ ਲਾਈਟਾਂ ਕਾਰਨ ਸਾਹਮਣੇ ਤੋਂ ਆਉਣ ਵਾਲੇ ਚਾਲਕ ਨੂੰ ਦੇਖਣ ਵਿੱਚ ਦਿੱਕਤ ਹੁੰਦੀ ਹੈ, ਜੋ ਕਿ ਭਿਆਨਕ ਹਾਦਸਿਆਂ ਦਾ ਕਾਰਨ ਬਣਦੀ ਹੈ।
Click to Follow Babushahi Facebook page →