Breaking: ਮੁੱਖ ਮੰਤਰੀ ਨੂੰ ਰਾਜ ਸਭਾ ਭੇਜਣ ਦੀ ਤਿਆਰੀ! ਜਾਣੋ ਕੌਣ ਬਣ ਸਕਦੈ ਨਵਾਂ CM?
ਬਾਬੂਸ਼ਾਹੀ ਬਿਊਰੋ
ਪਟਨਾ/ਦਿੱਲੀ, 4 ਮਾਰਚ 2026
ਬਿਹਾਰ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੇ ਬਦਲਾਅ ਦੀ ਗੂੰਜ ਸੁਣਾਈ ਦੇ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਜਲਦ ਹੀ ਬਿਹਾਰ ਦੀ ਗੱਦੀ ਛੱਡ ਕੇ ਦਿੱਲੀ (ਰਾਜ ਸਭਾ) ਜਾ ਸਕਦੇ ਹਨ। ਇਸ ਕਦਮ ਨੂੰ ਲੈ ਕੇ ਭਾਜਪਾ (BJP) ਅਤੇ ਜੇਡੀਯੂ (JDU) ਦੇ ਉੱਚ ਪੱਧਰੀ ਗਲਿਆਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।
ਜੇਕਰ ਨਿਤੀਸ਼ ਕੁਮਾਰ ਕੇਂਦਰੀ ਰਾਜਨੀਤੀ ਵਿੱਚ ਜਾਂਦੇ ਹਨ, ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਕਿਉਂਕਿ ਭਾਜਪਾ ਗੱਠਜੋੜ ਵਿੱਚ ਸਭ ਤੋਂ ਵੱਡੀ ਪਾਰਟੀ ਹੈ, ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਮੁੱਖ ਮੰਤਰੀ ਭਾਜਪਾ ਦਾ ਹੀ ਕੋਈ ਦਿੱਗਜ ਆਗੂ ਹੋ ਸਕਦਾ ਹੈ।
ਪਹਿਲਾਂ ਚਰਚਾ ਸੀ ਕਿ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ, ਪਰ ਜੇਡੀਯੂ ਦੇ ਕਾਰਜਕਾਰੀ ਪ੍ਰਧਾਨ ਸੰਜੇ ਝਾਅ ਦੀ ਦਿੱਲੀ ਵਿੱਚ ਕੇਂਦਰੀ ਮੰਤਰੀ ਲਲਨ ਸਿੰਘ ਨਾਲ ਮੁਲਾਕਾਤ ਅਤੇ ਉਸ ਤੋਂ ਤੁਰੰਤ ਬਾਅਦ ਪਟਨਾ ਰਵਾਨਗੀ ਨੇ ਨਿਤੀਸ਼ ਕੁਮਾਰ ਦੇ ਖ਼ੁਦ ਦਿੱਲੀ ਜਾਣ ਦੀਆਂ ਚਰਚਾਵਾਂ ਨੂੰ ਹਵਾ ਦੇ ਦਿੱਤੀ ਹੈ।
ਭਾਜਪਾ ਵੱਲੋਂ ਰਾਜ ਸਭਾ ਉਮੀਦਵਾਰਾਂ ਦਾ ਐਲਾਨ
ਇਸੇ ਦੌਰਾਨ ਭਾਜਪਾ ਨੇ 9 ਰਾਜ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਬਿਹਾਰ ਤੋਂ ਦੋ ਨਾਂ ਸ਼ਾਮਲ ਹਨ, ਨਿਤਿਨ ਨਵੀਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਸ਼ਿਵੇਸ਼ ਕੁਮਾਰ ਵੱਡਾ ਦਲਿਤ ਚਿਹਰਾ ਅਤੇ ਸਾਬਕਾ ਕੇਂਦਰੀ ਮੰਤਰੀ ਮੁਨੀਲਾਲ ਦੇ ਪੁੱਤਰ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ, 10 ਰਾਜਾਂ ਦੀਆਂ 37 ਰਾਜ ਸਭਾ ਸੀਟਾਂ ਲਈ 16 ਮਾਰਚ ਨੂੰ ਵੋਟਿੰਗ ਹੋਣੀ ਹੈ। ਵਰਤਮਾਨ ਵਿੱਚ ਇਹਨਾਂ ਵਿੱਚੋਂ 25 ਸੀਟਾਂ 'ਇੰਡੀਆ' (INDIA) ਗੱਠਜੋੜ ਕੋਲ ਹਨ ਅਤੇ 12 ਐਨਡੀਏ (NDA) ਕੋਲ। ਭਾਜਪਾ ਲਈ ਇਹ ਸੀਟਾਂ ਜਿੱਤ ਕੇ ਉਪਰਲੇ ਸਦਨ ਵਿੱਚ ਬਹੁਮਤ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ, ਪਰ ਸਹਿਯੋਗੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਇੱਕ ਵੱਡੀ ਚੁਣੌਤੀ ਹੋਵੇਗੀ।
Click to Follow Babushahi Facebook page →