ਨੌਜਵਾਨ ਰਣਜੀਤ ਸਿੰਘ ਦੇ ਝੂਠੇ ਮੁਕਾਬਲੇ ਦੀ ਹਾਈਕੋਰਟ ਦੇ ਜੱਜ ਤੋਂ ਇਨਕੁਆਰੀ ਕਰਵਾਉਣ ਦੀ ਮੰਗ
ਜਮਹੂਰੀ ਅਧਿਕਾਰ ਸਭਾ ਵਲੋਂ ਬਣਾਈ ਜਾਂਚ ਕਮੇਟੀ ਨੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ
ਰੋਹਿਤ ਗੁਪਤਾ
ਗੁਰਦਾਸਪੁਰ 28 ਫਰਵਰੀ ਆਂਦੀਆਂ ਪਿੰਡ ਦੀ ਪੁਲਿਸ ਚੌਂਕੀ ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਆਂਦੀਆਂ ਪਿੰਡ ਦੇ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਨੂੰ ਰਾਜਸੀ ਜਥੇਬੰਦਕ ਕਤਲ ਕਰਾਰ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਤੇ ਪੁਲਿਸ ਵਿਭਾਗ ਦੇ ਅਫ਼ਸਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਹਨ। ਸਭਾ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਆਂਦੀਆਂ ਪਿੰਡ ਦੇ 19 ਸਾਲਾਂ ਨੌਜਵਾਨ ਰਣਜੀਤ ਸਿੰਘ ਨੂੰ 23 ਫਰਵਰੀ ਨੂੰ ਪੁਲਿਸ ਮੁਲਾਜ਼ਮਾਂ ਦੇ ਕਤਲ ਕਰਨ ਦੇ ਦੋਸ਼ਾਂ ਹੇਠ ਘਰ ਵਿਚੋਂ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਗਿਰਫ਼ਤਾਰ ਕਰ ਕੇ ਦੁਰਾਂਗਲਾ ਥਾਣੇ ਵਿੱਚ ਲਿਜਾਇਆ ਗਿਆ ਸੀ। ਅਤੇ ਸਵੇਰੇ ਉਸ ਦਾ ਮੁਕਾਬਲਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਭਾ ਵਲੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ ਦੀ ਅਗਵਾਈ ਹੇਠ ਇੱਕ ਜਾਂਚ ਪੜਤਾਲ ਟੀਮ ਬਣਾ ਕੇ ਲਗਾਤਾਰ ਪੀੜਤ ਲੋਕਾਂ ਨਾਲ ਸੰਪਰਕ ਕੀਤਾ ਗਿਆ। ਜਿਸ ਦੀ ਮੁਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਮੁਲਾਜ਼ਮਾਂ ਦਾ ਕਤਲ ਇੱਕ ਭੇਦ ਭਰੀ ਗੁੱਥੀ ਹੈ। ਜਿਸ ਨੂੰ ਆਣਨ ਫਾਨਣ ਵਿੱਚ ਸੁਲਝਾਉਣ ਦੇ ਚੱਕਰ ਵਿੱਚ ਪਿੰਡ ਆਂਦੀਆਂ ਦੇ ਇੰਦਰਜੀਤ ਸਿੰਘ, ਰਣਜੀਤ ਸਿੰਘ ਅਤੇ ਨਜ਼ਦੀਕੀ ਪਿੰਡ ਆਲੀ ਨੰਗਲ ਦੇ ਦਿਲਾਵਰ ਸਿੰਘ ਇਸ ਕਤਲਕਾਂਡ ਦੇ ਜ਼ਿਮੇਵਾਰ ਗਰਦਾਨਿਆ ਹੈ। ਜਦੋਂ ਕਿ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਇਸ ਜੁਰਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।
ਸਭਾ ਦੀ ਜਾਂਚ ਪੜਤਾਲ ਟੀਮ ਨੇ ਨੌਜਵਾਨ ਰਣਜੀਤ ਸਿੰਘ ਦੇ ਝੂਠੇ ਮੁਕਾਬਲੇ ਦੀ ਨਿੰਦਾ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਪਰਿਵਾਰ ਨਾਲ ਗਮ ਦਾ ਇਜ਼ਹਾਰ ਕੀਤਾ ਹੈ। ਸਭਾ ਪੰਜਾਬ ਪੁਲਿਸ ਦੇ ਨਿਰਦੋਸ਼ ਪੁਲਿਸ ਮੁਲਾਜ਼ਮਾਂ ਦੇ ਕਤਲ ਹੋਣ ਤੇ ਇਸ ਦੇ ਪਿੱਛੇ ਕੰਮ ਕਰਦਿਆਂ ਤਾਕਤਾਂ ਦਾ ਚਿਹਰਾ ਨੰਗਾ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਸਰਹੱਦੀ ਪਿੰਡਾਂ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਸੁਰੱਖਿਆ ਦੇ ਨਾਂਮ ਤੇ ਆਮ ਸ਼ਹਿਰੀਆਂ ਨੂੰ ਤੰਗ ਪ੍ਰੇਸਾਨ ਕਰਨ ਦੀ ਨੀਤੀ ਦਾ ਵਿਰੋਧ ਕਰਦੀ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਜਲਦੀ ਹੀ ਇਸ ਸਬੰਧੀ ਵਿਸਥਾਰ ਪੂਰਵਕ ਰਿਪੋਰਟ ਜਾਰੀ ਕੀਤੀ ਜਾਵੇਗੀ। ਇਸ ਮੌਕੇ ਜਾੱਚ ਟੀਮ ਦੇ ਮੈਂਬਰ ਰਣਜੀਤ ਸਿੰਘ ਧਾਲੀਵਾਲ, ਹਰਭਜਨ ਸਿੰਘ ਮਾਂਗਟ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸਤਿਬੀਰ ਸਿੰਘ ਸੁਲਤਾਨੀ, ਚੰਨਣ ਸਿੰਘ ਦੁਰਾਂਗਲਾ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ ਹਾਜ਼ਰ ਸਨ।
Click to Follow Babushahi Facebook page →