22 ਫਰਵਰੀ 2026, ਭੋਗ ਤੇ ਵਿਸ਼ੇਸ਼ : ਸਾਹਿਤ ਅਤੇ ਸਿਆਸਤ ਦਾ ਸੁਮੇਲ: ਜਥੇਦਾਰ ਹਰੀ ਸਿੰਘ ਵਿਰਕ
ਉਜਾਗਰ ਸਿੰਘ
ਸਰਦਾਰ ਹਰੀ ਸਿੰਘ ਵਿਰਕ ਦਾ ਜਨਮ ਸਰਦਾਰ ਬਖਸ਼ੀਸ਼ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ 3 ਸਤੰਬਰ 1940 ਨੂੰ ਪਿੰਡ ਹਰਦੋ ਸਹਾਰੀ, ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਸੀ। ਇਹ ਅਜੇ ਬਚਪਨ ਦੀਆਂ ਖੇਡਾਂ ਹੀ ਖੇਡ ਰਹੇ ਸਨ ਕਿ ਦੇਸ਼ ਦੀ ਵੰਡ ਦੀਆਂ ਗੱਲਾਂ ਚੱਲ ਪਈਆਂ ।ਸੰਨ 1947 ਵਿੱਚ, ਦੇਸ਼ ਦੀ ਵੰਡ ਮੌਕੇ ਹੋਏ ਕਤਲੇਆਮ ਵਿੱਚ, ਇਨ੍ਹਾਂ ਦੀ ਮਾਤਾ ਹਰ ਕੌਰ ਅਤੇ ਇੱਕ ਛੋਟੀ ਭੈਣ ਉਸ ਵੇਲੇ ਮਾਰੀਆਂ ਗਈਆਂ ਜਦੋਂ ਉਹ ਇਨ੍ਹਾਂ ਦੇ ਮਾਮੇ ਦੇ ਵਿਆਹ ਦੇ ਸਬੰਧ ਵਿੱਚ ਇਨ੍ਹਾਂ ਦੇ ਨਾਨਕੇ ਪਿੰਡ ਗਈਆਂ ਹੋਈਆਂ ਸਨ।
ਮਿਤੀ 5 ਭਾਦਰੋਂ 1947 ਨੂੰ ਜਦੋਂ ਸ. ਹਰੀ ਸਿੰਘ 7 ਕੁ ਸਾਲ ਦੇ ਸਨ ਇਨਾਂ ਦੇ ਪਿਤਾ ਬਖ਼ਸ਼ੀਸ਼ ਸਿੰਘ ਜੀ,ਆਪਣੇ ਬਾਕੀ ਬਚੇ ਪਰਿਵਾਰ ਅਤੇ ਪਿੰਡ ਦੇ ਹੋਰ 10/12 ਪਰਿਵਾਰਾਂ ਨਾਲ ਆਪਣਾ ਘਰ-ਬਾਰ ਛੱਡ ਕੇ, ਵਾਹਗਾ ਬਾਰਡਰ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਏ। ਕਰੀਬ 35 ਦਿਨ ਵੱਖ-ਵੱਖ ਥਾਵਾਂ ਤੇ ਭਟਕਦੇ ਹੋਏ ਅਤੇ ਦੁਸ਼ਵਾਰੀਆਂ ਸਹਿੰਦੇ ਹੋਏ 10 ਅੱਸੂ 1947 ਨੂੰ ਨਾਭਾ ਰਿਆਸਤ ਦੇ ਪਿੰਡ ਮਛਰਾਏ ਕਲਾਂ ਪਹੁੰਚ ਕੇ ਇੱਥੇ ਵੱਸ ਗਏ। ਉਹ ਅਜੇ ਦੇਸ਼ ਵੰਡ ਦੇ ਜ਼ਖਮਾਂ ਤੋਂ ਉੱਭਰ ਹੀ ਰਹੇ ਸਨ ਕਿ ਸਾਲ 1951 ਵਿੱਚ ਜਦੋਂ ਸ. ਹਰੀ ਸਿੰਘ ਦੀ ਉਮਰ ਅਜੇ 12 ਕੁ ਸਾਲ ਦੀ ਹੀ ਸੀ, ਤਾਂ ਇਕ ਹੋਰ ਭਾਣਾ ਵਾਪਰਿਆ । ਪਿੰਡ ਦੇ ਇਕ ਗਰੀਬ ਪਰਿਵਾਰ ਨਾਲ ਹਮਦਰਦੀ ਵਿਖਾਉਣ ਕਰਕੇ ਇਨ੍ਹਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਦਾ ਕਤਲ ਹੋ ਗਿਆ। ਇਹ ਕਤਲ ਹੋਣ ਸਮੇਂ ਇਨ੍ਹਾਂ ਦੀ ਵੱਡੀ ਭੈਣ ਦੀ ਸ਼ਾਦੀ ਦਾ ਦਿਨ ਮਿਥਿਆ ਹੋਇਆ ਸੀ। ਇਨ੍ਹਾਂ ਦੀ ਦਾਦੀ ਜਿੰਦ ਕੌਰ ਨੇ ਵੱਡਾ ਹੌਸਲਾ ਦਿਖਾਉਂਦੇ ਹੋਏ ਇਹ ਸ਼ਾਦੀ ਪਹਿਲਾਂ ਮਿੱਥੀ ਤਰੀਕ ਤੇ ਕਰ ਦਿੱਤੀ ।
ਦਾਦੀ ਜਿੰਦ ਕੌਰ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪੋਤਰੇ ਨੂੰ ਪਿੰਡ ਕਾਦਰ ਵਾਲਾ ਤਹਿਸੀਲ ਜੀਰਾ ਆਪਣੇ ਭਾਣਜੇ ਸੋਹਣ ਸਿੰਘ ਜੰਡ ਵਾਲਾ ਕੋਲ ਲੈ ਗਏ। ਸ: ਹਰੀ ਸਿੰਘ ਨੇ ਔਖੇ ਹਲਾਤਾਂ ਨਾਲ ਜੂਝਦੇ ਹੋਏ ਚੌਥੀ ਜਮਾਤ ਪ੍ਰਾਇਮਰੀ ਸਕੂਲ ਵਿੱਚ ਜੰਡ ਵਾਲਾ ਤੋਂ, ਅਤੇ ਫਿਰ ਨੌਵੀਂ ਜਮਾਤ ਪਿੰਡ ਤਲਵੰਡੀ ਨਿਪਾਲਾਂ ਦੇ ਸਕੂਲ ਤੋਂ ਪਾਸ ਕੀਤੀ। 18 ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਸ਼ਾਦੀ ਕੋਟ ਸਦਰ ਖਾਨ, ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਸਰਦਾਰ ਗੁੱਜਰ ਸਿੰਘ ਦੀ ਲੜਕੀ ਸਰਦਾਰਨੀ ਹਰਬੰਸ ਕੌਰ ਨਾਲ ਹੋ ਗਈ। ਤਲਵੰਡੀ ਨਿਪਾਲਾਂ ਪਿੰਡ ਦੀ ਸਾਰੀ ਜਮੀਨ ਦੀ ਅਲਾਟਮੈਂਟ ਕੁਝ ਕਾਰਨਾਂ ਕਰਕੇ ਸਰਕਾਰ ਨੇ ਰੱਦ ਕਰ ਦਿੱਤੀ ਅਤੇ ਸਾਰੇ ਜ਼ਿਮੀਂਦਾਰਾਂ ਨੂੰ ਨਵੀਂ ਥਾਂ ਮਿਲੀਆਂ ਜ਼ਮੀਨਾਂ ਤੇ ਜਾਣਾ ਪਿਆ।
ਇਸ ਬਦਲੇ ਹੋਏ ਹਾਲਾਤ ਵਿੱਚ ਇਨ੍ਹਾਂ ਦਾ ਸਹੁਰਾ ਪਰਿਵਾਰ ਇਨ੍ਹਾਂ ਨੂੰ ਆਪਣੇ ਪਾਸ ਪਿੰਡ ਕੋਟ ਸਦਰ ਖਾਨ ਲੈ ਗਿਆ। ਉਥੇ ਰਹਿੰਦੇ ਹੋਏ ਸਰਕਾਰੀ ਹਾਈ ਸਕੂਲ ਕੋਟ ਈਸੇ ਖਾਨ ਤੋਂ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਡੀ.ਐਮ. ਕਾਲਜ ਮੋਗਾ ਤੋਂ ਵਿਦਿਆ ਪ੍ਰਾਪਤ ਕੀਤੀ। ਅਲੱਗ ਅਲੱਗ ਥਾਂਵਾਂ ਉੱਤੇ ਕੋਟ ਸਦਰ 11 ਸਾਲਾਂ ਦਾ ਬਨਵਾਸ ਕੱਟ ਕੇ ਸਤੰਬਰ 1964 ਵਿੱਚ ਸਰਦਾਰ ਹਰੀ ਸਿੰਘ ਪਰਿਵਾਰ ਸਮੇਤ ਵਾਪਸ ਆਪਣੇ ਪਿੰਡ ਮਛਰਾਏ ਕਲਾਂ ਆ ਕੇ ਵੱਸ ਗਏ । 1966 ਵਿੱਚ ਯੰਗ ਫਾਰਮਰ ਦੇ ਤੌਰ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਤਿੰਨ ਮਹੀਨੇ ਦੀ ਟ੍ਰੇਨਿੰਗ ਲੈ ਕੇ ਖੇਤੀਬਾੜੀ ਕਰਨ ਲੱਗ ਪਏ। ਇਨ੍ਹਾਂ ਨੇ ਕਈ ਉਨਤ ਕਿਸਮਾਂ ਦੇ ਬੀਜ ਖੇਤੀਬਾੜੀ ਯੂਨੀਵਰਸਿਟੀ ਤੋਂ ਲਿਆ ਕੇ ਇਲਾਕੇ ਵਿੱਚ ਪ੍ਰਚਲਿਤ ਕੀਤੇ ।
ਇਲਾਕੇ ਵਿੱਚ ਪਹਿਲਾ ਟ੍ਰਾਂਜ਼ਿਸਟਰ ਅਤੇ ਟੈਲੀਵਿਜ਼ਨ ਲੈ ਕੇ ਆਂਦਾ ।ਉਸ ਵੇਲੇ ਜਮੀਨੀ ਠੇਕਾ ਇੱਕ ਸੌ ਰੁਪਈਆ ਕਿਲਾ ਹੁੰਦਾ ਸੀ । ਰੇਡੀਓ ਸੁਣਨ ਦਾ ਇਹਨਾਂ ਨੂੰ ਐਨਾ ਸ਼ੌਕ ਸੀ ਕਿ ਇਨਾਂ 700 ਰੁਪਏ ਨੈਸ਼ਨਲ ਕੰਪਨੀ ਦਾ ਜਪਾਨੀ ਟ੍ਰਾਂਜ਼ਿਸਟਰ ਖਰੀਦਣ ਤੇ ਖ਼ਰਚ ਕਰ ਦਿੱਤੇ। ਸਰਦਾਰ ਹਰੀ ਸਿੰਘ ਸਾਲ 1974 ਵਿੱਚ ਪਿੰਡ ਦੇ ਸਰਪੰਚ ਚੁਣੇ ਗਏ ।ਉਸ ਤੋਂ ਬਾਅਦ ਬਲਾਕ ਸੰਮਤੀ ਦੇ ਮੈਂਬਰ ਵਜੋਂ ਚੋਣ ਜਿੱਤ ਕੇ ਬਲਾਕ ਸੰਮਤੀ ਸਰਹੰਦ ਦੇ ਚੇਅਰਮੈਨ ਚੁਣੇ ਗਏ। ਉਨ੍ਹਾਂ ਨੂੰ ਲੈਂਡ ਮੌਰਡਗੇਜ ਬੈਂਕ ਦਾ ਡਾਇਰੈਕਟਰ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸੇ ਸਮੇਂ ਦੌਰਾਨ ਇਸ ਬੈਂਕ ਨੂੰ ਚੰਗੀ ਕਾਰਗੁਜ਼ਾਰੀ ਲਈ ਰਾਸ਼ਟਰਪਤੀ ਅਵਾਰਡ ਵੀ ਪ੍ਰਾਪਤ ਹੋਇਆ। ਪੰਜਾਬੀ ਸਾਹਿਤ ਅਤੇ ਇਤਿਹਾਸ ਨਾਲ ਵੀ ਉਨ੍ਹਾਂ ਦਾ ਡੂੰਘਾ ਲਗਾਓ ਸੀ।
ਸੈਂਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਘਰ ਵਿੱਚ ਮੌਜੂਦ ਸਨ, ਜਿਨ੍ਹਾਂ ਨੂੰ ਉਹ ਲਗਾਤਾਰ ਪੜ੍ਹਦੇ ਰਹਿੰਦੇ ਸਨ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਪੱਛਮੀ ਪੰਜਾਬ ਦੇ ਆਪਣੇ ਪਿੰਡ ਹਰਦੋ ਸਹਾਰੀ ਜਾ ਕੇ ਵਿਰਕਾਂ ਦੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਇਕੱਤਰ ਕੀਤੀ ਅਤੇ ਫਿਰ ਇਸ ਨੂੰ 'ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਦੇ ਨਾਂ ਹੇਠ ਲਿਖੀ ਆਪਣੀ ਕਿਤਾਬ ਵਿੱਚ ਛਪਵਾਇਆ। ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸਰਕਲ ਅਮਲੋਹ ਦਾ ਲਗਾਤਾਰ 20 ਸਾਲ ਸਰਕਲ ਜਥੇਦਾਰ ਰਹਿਣ ਦਾ ਮਾਣ ਹਾਸਲ ਕੀਤਾ। ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵਜੋਂ ਸਤਿਕਾਰ ਪਾ ਰਹੇ ਸਨ ।ਉਹ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਟਕਸਾਲੀ ਆਗੂ ਸਨ ਜਿਨ੍ਹਾਂ ਨੇ ਆਪਣੇ 50 ਸਾਲਾਂ ਦੇ ਰਾਜਨੀਤਿਕ ਜੀਵਨ ਵਿੱਚ ਕਦੇ ਵੀ ਦਲ ਬਦਲੀ ਕਰਕੇ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਨਹੀਂ ਸੋਚਿਆ । ਉਨਾਂ ਨੇ ਪੰਜਾਬ ਅਤੇ ਲੋਕਾਂ ਦੀਆਂ ਮੰਗਾਂ ਲਈ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ। ਅਕਾਲੀ ਦਲ ਦੇ ਸਾਰੇ ਵੱਡੇ ਆਗੂ ਜਿਵੇਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਗੁਰਚਰਨ ਸਿੰਘ ਟੌਹੜਾ, ਕੈਪਟਨ ਕਮਲਜੀਤ ਸਿੰਘ ਇਹਨਾਂ ਨੂੰ ਬਹੁਤ ਸਤਿਕਾਰ ਦਿੰਦੇ ਸਨ। ਪਾਰਟੀ ਵਿੱਚ ਚੰਗੇ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਉਹਨਾਂ ਨੇ ਕਦੇ ਆਪਣੇ ਨਿਜ ਲਈ ਜਾਂ ਆਪਣੇ ਪਰਿਵਾਰ ਲਈ ਕੋਈ ਫਾਇਦਾ ਨਹੀਂ ਉਠਾਇਆ। ਉਹਨਾਂ ਨੇ ਆਪਣੇ ਬੱਚਿਆਂ, ਪੋਤਰੇ, ਪੋਤਰੀਆਂ ਦੋਹਤਿਆਂ ਨੂੰ ਪੜ੍ਹਨ-ਲਿਖਣ ਲਈ ਬਹੁਤ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਵੱਡਾ ਲੜਕਾ ਸਰਬਜੀਤ ਸਿੰਘ ਵਿਰਕ ਪਟਿਆਲਾ ਵਿਖੇ ਸੀਨੀਅਰ ਵਕੀਲ ਹੈ। ਉਸ ਤੋਂ ਛੋਟਾ ਪਰਮਜੀਤ ਸਿੰਘ ਵਿਰਕ ਪੰਜਾਬ ਪੁਲਿਸ ਵਿੱਚ ਐਸ.ਐਸ.ਪੀ. ਅਤੇ ਹੋਰ ਵੱਡੇ ਅਹੁਦਿਆਂ ਤੇ ਤਾਇਨਾਤ ਰਿਹਾ ਹੈ। ਸਭ ਤੋਂ ਛੋਟਾ ਪੁੱਤਰ ਨਿਰਭੈ ਸਿੰਘ ਬਲਾਕ ਸੰਮਤੀ ਅਮਲੋਹ ਦਾ ਮੈਂਬਰ ਰਹਿ ਚੁੱਕਾ ਹੈ ।
ਉੱਨਾਂ ਦੀ ਪੁੱਤਰੀ ਪਰਿਮੰਦਰਪਾਲ ਕੌਰ ਅਤੇ ਜਵਾਈ ਗੁਰਿੰਦਰਪਾਲ ਸਿੰਘ ਚੀਮਾ ਦਾ ਪਰਿਵਾਰ ਉੱਨਾਂ ਦੀਆਂ ਸਿੱਖਿਆਵਾਂ ਨਾਲ ਤਰੱਕੀ ਕਰ ਰਿਹਾ ਹੈ । ਨੂੰਹ ਰਾਣੀ ਡਾ. ਸੁਖਵਿੰਦਰ ਕੌਰ ਰਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹੈ। ਪੋਤਰੀਆਂ ਪੋਤਰੇ ਦੋਹਤੇ ਵੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ । ਜਥੇਦਾਰ ਹਰੀ ਸਿੰਘ ਇਸ ਧਰਤੀ ਉੱਤੇ 85 ਸਾਲ ਪੰਜ ਮਹੀਨੇ ਨੌ ਦਿਨ ਦਾ ਸਫ਼ਰ ਮੁਕੰਮਲ ਕਰਕੇ 13 ਫਰਵਰੀ 2026 ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੀ ਇਮਾਨਦਾਰੀ ਅਤੇ ਸੱਚ ਤੇ ਪਹਿਰਾ ਦੇਣ ਦੀ ਦਲੇਰੀ ਕਰਕੇ ਹਮੇਸ਼ਾ ਜਾਣੇ ਜਾਂਦੇ ਰਹਿਣਗੇ।ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼ਬਦ ਕੀਰਤਨ ਤੇ ਅੰਤਮ ਅਰਦਾਸ 22 ਫਰਵਰੀ 2026 ਐਤਵਾਰ ਨੂੰ ਦੁਪਹਿਰ 12.30 ਵਜੇ ਤੋਂ 2.00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਅਮਲੋਹ ਵਿਖੇ ਹੋਵੇਗੀ।