ਬੇਅਦਬੀ ਰੋਕੋ ਕਾਨੂੰਨ ਦੀ ਮੰਗ: ਗੁਰਦਾਸਪੁਰ 'ਚ ਕੱਲ੍ਹ ਨਿਕਲੇਗਾ ਵਿਸ਼ਾਲ ਮੋਟਰਸਾਈਕਲ ਮਾਰਚ
ਬੇਅਦਬੀ ਰੋਕੋ ਕਾਨੂੰਨ ਨੂੰ ਲੈ ਕੇ ਹੋਣ ਵਾਲੇ ਮੋਟਰਸਾਈਕਲ ਮਾਰਚ ਨੂੰ ਮਿਲ ਰਿਹਾ ਗੁਰਦਾਸਪੁਰੀਆ ਦਾ ਭਰਵਾਂ ਹੁੰਗਾਰਾ
ਭਾਰਤੀ ਕਿਸਾਨ ਯੂਨੀਅਨ ਚੜੂਨੀ ਅਤੇ ਜ਼ਿਲ੍ਹਾ ਵਪਾਰ ਮੰਡਲ ਨੇ ਵੀ ਦਿੱਤਾ ਸਮਰਥਨ
ਰੋਹਿਤ ਗੁਪਤਾ, ਗੁਰਦਾਸਪੁਰ
ਕਿਸੇ ਵੀ ਧਰਮ ਅਤੇ ਧਰਮ ਗ੍ਰੰਥਾਂ ਦੀ ਬੇਅਦਬੀ ਦੇ ਖਿਲਾਫ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਮਾਣਾ ਵਿਖੇ ਭਾਈ ਗੁਰਜੀਤ ਸਿੰਘ ਖਾਲਸਾ 400 ਫੁੱਟ ਉੱਤੇ ਟਾਵਰ 'ਤੇ ਪਿਛਲੇ 508 ਦਿਨਾਂ ਤੋਂ ਯਾਨੀ ਕਰੀਬ 17 ਮਹੀਨਿਆਂ ਤੋਂ ਬੈਠੇ ਹੋਏ ਹਨ। ਉਨ੍ਹਾਂ ਦੇ ਇਸ ਲੜਾਈ ਨੂੰ ਪੂਰੇ ਪੰਜਾਬ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਨਿਕਲ ਗਏ ਹਨ।
ਸਰਵ ਧਰਮ ਬੇਅਦਬੀ ਰੋਕੋ ਕਾਨੂੰਨ ਮੋਰਚਾ ਦੇ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਵਿੱਚ ਡੇਰਾ ਲਗਾਏ ਹੋਏ ਹਨ ਅਤੇ ਇੱਥੇ 19 ਫਰਵਰੀ ਨੂੰ ਇੱਕ ਵੱਡੀ ਮੋਟਰਸਾਈਕਲ ਰੈਲੀ ਕੱਢਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਬੇਅਦਬੀ ਰੋਕੋ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਗੁਰਦਾਸਪੁਰੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਮੋਟਰਸਾਈਕਲ ਰੈਲੀ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਜਾ ਰਿਹਾ ਹੈ। ਸਨਾਤਨ ਜਾਗਰਨ ਮੰਚ ਅਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਚੜੂਨੀ ਅਤੇ ਜ਼ਿਲ੍ਹਾ ਵਪਾਰ ਮੰਡਲ ਵੱਲੋਂ ਵੀ ਮੋਟਰਸਾਈਕਲ ਰੈਲੀ ਅਤੇ ਸਰਵ ਧਰਮ ਬੇਅਦਬੀ ਰੋਕੋ ਕਾਨੂੰਨ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।