ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ 'ਚ ਸਿਰਜਿਆ ਇਤਿਹਾਸ
ਹੰਸਲੀ ਡਰੇਨ ਬਟਾਲਾ ਉੱਪਰ 2.55 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਹਾਈ ਲੈਵਲ ਪੁਲ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ
ਰੋਹਿਤ ਗੁਪਤਾ
ਬਟਾਲਾ, 18 ਫਰਵਰੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਬਟਾਲਾ ਦੇ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਜੋੜਦਿਆਂ ਇਤਿਹਾਸ ਸਿਰਜਿਆ ਹੈ। ਅੱਜ ਸ਼ਾਮ ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹਿਰ ਵਾਸੀਆਂ ਦੇ ਵੱਡੇ ਇਕੱਠ ਵਿੱਚ ਹੰਸਲੀ ਡਰੇਨ ਉੱਪਰ ਕਰੀਬ 2 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਹਾਈ ਲੈਵਲ ਪੁਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਪਿ੍ੰਸੀਪਲ ਸੁਰਜੀਤ ਸਿੰਘ ਰੰਧਾਵਾ, ਚੇਅਰਮੈਨ ਮਾਨਿਕ ਮਹਿਤਾ, ਕੁਲਵਿੰਦਰਬੀਰ ਸਿੰਘ ਰੰਧਾਵਾ ਉਦੋਵਾਲੀ, ਐਕਸੀਅਨ ਨਿਰਮਲ ਸਿੰਘ, ਪ੍ਰਧਾਨ ਵੀਨੂੰ ਕਾਹਲੋਂ, ਲੰਬੜਦਾਰ ਅਮਰੀਕ ਸਿੰਘ, ਭੁਪਿੰਦਰ ਸਿੰਘ, ਗਗਨਦੀਪ ਸਿੰਘ ਸਮੇਤ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਪੱਤਰਕਾਰਾਂ ਨਾਲ ਮੁਖਾਤਿਬ ਹੁੰਦਿਆਂ ਬਟਾਲਾ ਸ਼ਹਿਰ ਦੇ ਵਿਕਾਸ ਵਿਕਾਸ ਕਾਰਜਾਂ ਨੂੰ ਨਵੀਂ ਦਿੱਖ ਤੇ ਦਿਸ਼ਾ ਦੇਣ ਵਾਲੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਵਾਸੀਆਂ ਦੇ ਪਿਆਰ ਤੇ ਸਹਿਯੋਗ ਨਾਲ ਹੰਸਲੀ ਡਰੇਨ ਬਟਾਲਾ ਉੱਪਰ ਨਵੇਂ ਹਾਈ ਲੈਵਲ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਦੇ ਬਣਨ ਨਾ ਕੇਵਲ ਬਟਾਲਾ ਸ਼ਹਿਰ ਵਿਚਲੀ ਆਵਾਜਾਈ ਸੁਖਾਲੀ ਹੋਵੇਗੀ ਸਗੋਂ ਇਸ ਇਲਾਕੇ ਦਾ ਹੋਰ ਤੇਜ਼ੀ ਨਾਲ ਵਿਕਾਸ ਵੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੁਲ ਦੇ ਬਣਨ ਨਾਲ ਇਸਦੇ ਨੇੜਲੇ ਕਈ ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਵੱਡੀ ਰਾਹਤ ਮਿਲੇਗੀ ਅਤੇ ਇਹ ਪੁਲ ਸ਼ਹਿਰ ਵਿੱਚ ਬਾਈਪਾਸ ਦਾ ਕੰਮ ਕਰੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਇਸ ਵਿਕਾਸ ਕਾਰਜ ਲਈ ਯਤਨਸ਼ੀਲ ਸਨ ਅਤੇ ਅੱਜ ਇਹ ਕਾਰਜ ਸ਼ੁਰੂ ਹੋ ਗਿਆ।
ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਹੋਰ ਵੀ ਵਿਕਾਸ ਪ੍ਰੋਜੈਕਟ ਬਟਾਲਾ ਸ਼ਹਿਰ ਵਾਸੀਆਂ ਨੂੰ ਸਪੁਰਦ ਕੀਤੇ ਜਾਣਗੇ ਅਤੇ ਉਨ੍ਹਾਂ ਦਾ ਮੁੱਖ ਉਦੇਸ਼ ਬਟਾਲੇ ਦਾ ਸਰਬਪੱਖੀ ਵਿਕਾਸ ਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣੀਆਂ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਬਟਾਲੇ ਦੇ ਵਿਕਾਸ ਲਈ ਦਿਨ ਰਾਤ ਲੱਗੇ ਹੋਏ ਹਨ ਅਤੇ ਉਨ੍ਹਾਂ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਨਜ਼ਰ ਵੀ ਆ ਰਹੇ ਹਨ।
ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚਲੀਆਂ ਸੜਕਾਂ ਅਤੇ ਚੌਂਕਾਂ ਨੂੰ ਚੌੜਾ ਕੀਤਾ ਗਿਆ ਹੈ ਅਤੇ ਲੋਕ ਇਸ ਕਾਰਜ ਦੀ ਸਰਹਾਨਾ ਕਰ ਰਹੇ ਹਨ। ਇਸੇ ਤਰਾਂ ਗੁਰਦਾਸਪੁਰ ਤੋਂ ਬਟਾਲਾ ਸ਼ਹਿਰ ਵਿੱਚ ਵੜਦਿਆਂ ਅਤੇ ਅੰਮ੍ਰਿਤਸਰ ਤੋਂ ਬਟਾਲਾ ਵਿਖੇ ਐਂਟਰੀ ਕਰਦਿਆਂ ਖੂਬਸੂਰਤ ਚੌਂਕ ਉਸਾਰੇ ਗਏ ਬਨ। ਜਲੰਧਰ ਵਲੋਂ ਬਟਾਲਾ ਆਉਂਦਿਆਂ ਵੀ ਸ਼ਾਨਦਾਰ ਗੇਟ ਦੀ ਉਸਾਰੀ ਕਰਵਾਈ ਗਈ ਹੈ।
ਹਲਕਾ ਵਾਸੀਆਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਹੂਲਤਾਂ ਦੇਣ ਦੇ ਮਕਸਦ ਨਾਲ ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਗਈ। ਸ਼ਹਿਰ ਵਿੱਚ ਲਾਇਬ੍ਰੇਰੀ ਦੀ ਇਮਾਰਤ ਜਿਸਦੀ ਹਾਲਤ ਬਹੁਤ ਖਸਤਾ ਸੀ, ਉਸ ਦੀ ਨਵੀ ਇਮਾਰਤ ਉਸਾਰੀ ਗਈ ਹੈ। ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਚੌਂਕ ਵਿੱਖੇ ਸ਼ਾਨਦਾਰ ਕਲਾਕ ਟਾਵਰ ਲਗਾ ਕੇ ਖੂਬਸੂਰਤ ਉਸਾਰੀ ਕਰਵਾਈ ਗਈ ਹੈ। ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਗਲੀਆਂ ਦੇ ਨਿਰਮਾਣ ਕਾਰਜ ਚੱਲ ਰਹੇ ਹਨ ਅਤੇ ਜਿਨਾਂ ਵਾਰਡਾਂ ਵਿੱਚ ਗਲੀਆਂ ਬਣਾਉਣ ਦਾ ਕੰਮ ਰਹਿ ਗਿਆ ਹੈ, ਉਥੇ ਵੀ ਜਲਦ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਨੇੜਲੇ ਵਸਨੀਕਾਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੰਸਲੀ ਉੱਪਰ ਪੁਲ ਬਣਨ ਨਾਲ ਨਾ ਕੇਵਲ ਇਸ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਸੁਖਾਲੀ ਹੋਵੇਗੀ ਬਲਕਿ ਪੂਰੇ ਸ਼ਹਿਰ ਤੇ ਨੇੜਲੇ ਪਿੰਡਾਂ ਲਈ ਵੀ ਇਹ ਪੁਲ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਇੱਕ ਆਵਾਜ਼ ਵਿੱਚ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਨੇ ਸਹੀ ਮਾਅਨਿਆਂ ਵਿੱਚ ਬਟਾਲਾ ਵਾਸੀਆਂ ਦੀ ਬਾਂਹ ਫੜੀ ਹੈ ਅਤੇ 24 ਘੰਟੇ ਬਟਾਲਾ ਵਾਸੀਆਂ ਲਈ ਸਮਰਪਿਤ ਹਨ, ਜੋ ਸਾਡੇ ਸਾਰਿਆਂ ਲਈ ਮਾਣ ਤੇ ਫਖ਼ਰ ਵਾਲੀ ਗੱਲ ਹੈ।