ਬਿਜਲੀ ਨਿਗਮ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਖਿਲਾਫ਼ ਅਰਥੀ ਫੂਕ ਮੁਜਾਹਰਾ
28 ਫਰਵਰੀ ਨੂੰ ਜੋ ਵੀ ਤਿੱਖਾ ਸੰਘਰਸ਼ ਦਿੱਤਾ ਜਾਵੇਗਾ ਉਸ ਉੱਤੇ ਪਹਿਰਾ ਦੇਵਾਂਗੇ : ਬਨਵੈਤ, ਮਹਿਦੂਦਾਂ
ਰਵੀ ਜੱਖੂ
ਲੁਧਿਆਣਾ 16 ਫਰਵਰੀ 2026- ਬਿਜਲੀ ਨਿਗਮ ਦੀ ਪਿੰਡ ਬਡੂੰਗਰ ਜ਼ਿਲ੍ਹਾ ਪਟਿਆਲਾ ਵਿਖੇ 50 ਏਕੜ ਜ਼ਮੀਨ ਦੀ ਮਾਲਕੀ ਪੁੱਡਾ ਦੇ ਨਾਮ ਤਬਦੀਲ ਕਰਨ ਦੇ ਖਿਲਾਫ਼ ਅੱਜ ਸੈਂਟਰਲ ਡਵੀਜਨ ਦੇ ਗੇਟ ਉੱਤੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੇ ਖਿਲਾਫ ਨਾਅਰਬਾਜੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਅਰਥੀ ਫੂਕੀ ਗਈ। ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸਬ ਸਟੇਸ਼ਨਾਂ ਦੇ ਪ੍ਰਧਾਨ ਅਕਾਸ਼ਦੀਪ ਵੱਲੋਂ ਆਯੋਜਿਤ ਇਸ ਅਰਥੀ ਫੂਕ ਮੁਜਾਹਰੇ 'ਚ ਪੁੱਜੇ ਪਾਵਰਕਾਮ ਐਂਡ ਟਰਾਂਸਕੋ ਪੈਂਸ਼ਨਰਜ ਯੂਨੀਅਨ ਏਟਕ ਪੰਜਾਬ ਦੇ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਅਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਇਸ ਹਰਕਤ ਦੀ ਨਿੰਦਾ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਤੇ ਮੈਨੇਜਮੈਂਟ ਸਾਡੀਆਂ ਜੱਥੇਬੰਦੀਆ ਨਾਲ ਹੋਈਆਂ ਮੀਟਿੰਗਾਂ 'ਚ ਏਹ ਗੱਲ ਲਿਖਤੀ ਮੰਨਦੀ ਹੈ ਕਿ ਉਹ ਬਿਜਲੀ ਨਿਗਮ ਦੀ ਕੋਈ ਜਾਇਦਾਦ ਨਹੀਂ ਵੇਚ ਰਹੀਆਂ ਜਦਕਿ ਦੂਜੇ ਪਾਸੇ ਪਤਾ ਚੱਲਦਾ ਹੈ ਕਿ ਪਿੰਡ ਬਡੂੰਗਰ ਦੀ 50 ਏਕੜ ਜਮੀਨ ਪੁੱਡਾ ਦੇ ਨਾਮ ਤਬਦੀਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਥੜੇ ਪੀਐਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ ਯੂਨੀਅਨ ਪੰਜਾਬ (ਸਬੰਧਤ ਏਟਕ), ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਦੇ ਆਗੂਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਵੱਲੋਂ ਇਸ ਦੇ ਵਿਰੋਧ 'ਚ 16 ਅਤੇ 17 ਫਰਵਰੀ ਨੂੰ ਸਮੁੱਚੇ ਪੰਜਾਬ ਦੀਆਂ ਸਬ ਡਵੀਜ਼ਨਾਂ ਅਤੇ ਡਵੀਜ਼ਨਾਂ 'ਤੇ ਮੈਨੇਜਮੈਂਟ, ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਸ ਉੱਤੇ ਇਨ-ਬਿਨ ਪਹਿਰਾ ਦਿੱਤਾ ਗਿਆ ਹੈ ਅਤੇ 28 ਫਰਵਰੀ ਨੂੰ ਏਨ੍ਹਾਂ ਵੱਲੋਂ ਜੋ ਵੀ ਸਾਂਝਾ ਪ੍ਰੋਗਰਾਮ ਦਿੱਤਾ ਜਾਵੇਗਾ ਉਸ ਉੱਤੇ ਪੂਰਾ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਏਸੇ ਮੁੱਦੇ ਉੱਤੇ ਅਗਲੇ ਸੰਘਰਸ਼ ਦੀ ਕਾਲ ਦੇਣ ਲਈ 28 ਫਰਵਰੀ ਨੂੰ ਲੁਧਿਆਣਾ ਈਸੜੂ ਭਵਨ ਵਿਖੇ ਸੂਬੇ ਭਰ ਦੀਆਂ ਬਿਜਲੀ ਮੁਲਾਜਮਾਂ ਦੀਆਂ ਜੱਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੌਕੇ ਰਮਨਦੀਪ ਸਿੰਘ ਧੀਮਾਨ, ਗਰੀਬ ਦਾਸ, ਸਿੰਗਾਰਾ ਸਿੰਘ, ਅਕਾਸ਼ਦੀਪ ਸ਼ਰਮਾ, ਪਰਮਿੰਦਰ ਸਿੰਘ, ਬਲਵੀਰ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਹਾਜਰ ਸਨ।