ਸਟੇਟ ਪੱਧਰੀ ਟੀਚਰ ਫੈਸਟ 'ਚ ਪਟਿਆਲਾ ਦੇ ਅਧਿਆਪਕਾਂ ਨੇ ਮਾਰੀ ਬਾਜ਼ੀ
- ਜ਼ਿਲਾ ਸਿੱਖਿਆ ਅਫਸਰ ਨੇ ਦਿੱਤੀ ਮੁਬਾਰਕਬਾਦ
14 ਫਰਵਰੀ, ਪਟਿਆਲਾ:
ਪੰਜਾਬ ਟੀਚਰ ਫੈਸਟ ਵਿੱਚ ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਪਟਿਆਲਾ ਸੰਜੀਵ ਸ਼ਰਮਾ ਅਤੇ ਜ਼ਿਲਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੀ ਅਗਵਾਈ ਹੇਠ, ਪਟਿਆਲਾ ਨੇ ਜ਼ਿਲ੍ਹਾ ਪੱਧਰ 'ਤੇ ਸਾਰੀਆਂ 10 ਸ਼੍ਰੇਣੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਪ੍ਰਵੇਸ਼ ਕੀਤਾ ਸੀ।
ਰਾਜ ਪੱਧਰੀ ਮੁਕਾਬਲਿਆਂ ਵਿੱਚ ਪਟਿਆਲਾ ਦੇ ਅਧਿਆਪਕਾਂ ਨੇ ਕਈ ਅਹਿਮ ਮੱਲਾਂ ਮਾਰੀਆਂ। ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਦੇ ਕੰਪਿਊਟਰ ਫੈਕਲਟੀ ਦਲਬੀਰ ਸਿੰਘ ਨੇ ਆਈ.ਟੀ. ਟੂਲਜ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਕੂਲ ਆਫ਼ ਐਮੀਨੈਂਸ ਭੁਨਰਹੇੜੀ ਦੀ ਗੁਰਕਿਰਨ ਕੌਰ (ਮੈਥ ਮਿਸਟ੍ਰੈਸ) ਨੇ ਟੀਚਿੰਗ ਏਡਜ਼ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਕਟੋਰੀਆ ਦੀ ਅਨੂ ਗਰਗ (ਐਸ.ਐਸ. ਮਿਸਟ੍ਰੈਸ) ਨੇ ਮੈਨੂਅਲ ਗੇਮਜ਼ ਵਿੱਚ ਅਤੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੀ ਰਾਜਦੀਪ ਕੌਰ (ਸਾਇੰਸ ਮਿਸਟ੍ਰੈਸ) ਨੇ ਸਾਇੰਸ ਐਪਲੀਕੇਸ਼ਨ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।
ਇਹ ਪ੍ਰਾਪਤੀਆਂ ਪਟਿਆਲਾ ਦੇ ਅਧਿਆਪਕਾਂ ਦੀ ਸਿੱਖਿਆ ਵਿੱਚ ਆਧੁਨਿਕ ਅਤੇ ਨਵੀਨਤਮ ਤਰੀਕਿਆਂ ਨੂੰ ਅਪਣਾਉਣ ਦੀ ਲਗਨ ਨੂੰ ਦਰਸਾਉਂਦੀਆਂ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਜੇਤੂ ਅਧਿਆਪਕਾਂ ਨੇ ਕਿਹਾ ਕਿ ਰਾਜ ਪੱਧਰ 'ਤੇ ਪੁਜੀਸ਼ਨਾਂ ਹਾਸਿਲ ਹੋਣ ਨਾਲ ਭਵਿੱਖ ਵਿੱਚ ਉਹ ਹੋਰ ਵੀ ਲਗਨ ਅਤੇ ਮਿਹਨਤ ਨਾਲ ਆਪੋ ਆਪਣੇ ਕਾਰਜ ਕਰਨਗੇ।
ਰਾਜ ਪੱਧਰੀ ਟੀਚਰ ਫੈਸਟ ਦੌਰਾਨ ਜੇਤੂ ਅਧਿਆਪਕਾਂ ਨੂੰ ਜ਼ਿਲਾ ਸਿੱਖਿਆ ਅਫਸਰ ਸੰਜੀਵ ਸ਼ਰਮਾ, ਉਪ ਜਿਲਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਅਤੇ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਵਧਾਈ ਦਿੰਦਿਆਂ ਅਧਿਆਪਕਾਂ ਦੇ ਕੰਮ ਦੀ ਸ਼ਲਾਘਾ ਕੀਤੀ।