ਗੁਰਦਾਸਪੁਰ ਸਿਵਲ ਹਸਪਤਾਲ ਦੀ ਸੜਕ ਬਣੀ 'ਮੌਤ ਦਾ ਫੰਦਾ'; ਮਰੀਜ਼ਾਂ ਅਤੇ ਗਰਭਵਤੀ ਔਰਤਾਂ ਲਈ ਸਫ਼ਰ ਬਣਿਆ ਸਜ਼ਾ
ਡੂੰਘੇ ਟੋਇਆਂ ਕਾਰਨ ਐਂਬੂਲੈਂਸਾਂ ਨੂੰ ਲੱਗ ਰਹੇ ਨੇ ਝਟਕੇ; ਚੇਅਰਮੈਨ ਰਜੀਵ ਸ਼ਰਮਾ ਨੇ ਦਿੱਤਾ ਜਲਦ ਸੜਕ ਬਣਾਉਣ ਦਾ ਭਰੋਸਾ
ਰੋਹਿਤ ਗੁਪਤਾ
ਗੁਰਦਾਸਪੁਰ, 14 ਫਰਵਰੀ 2026 : ਗੁਰਦਾਸਪੁਰ ਦੇ ਬੱਬਰੀ ਸਥਿਤ ਸਿਵਲ ਹਸਪਤਾਲ ਨੂੰ ਜਾਣ ਵਾਲੀ ਮੁੱਖ ਸੜਕ ਇਸ ਸਮੇਂ ਆਪਣੀ ਬਦਹਾਲੀ 'ਤੇ ਹੰਝੂ ਵਹਾ ਰਹੀ ਹੈ। ਹਸਪਤਾਲ ਵਰਗੀ ਸੰਵੇਦਨਸ਼ੀਲ ਜਗ੍ਹਾ ਨੂੰ ਜੋੜਨ ਵਾਲੀ ਇਹ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਮਰੀਜ਼ਾਂ, ਗਰਭਵਤੀ ਔਰਤਾਂ ਅਤੇ ਐਂਬੂਲੈਂਸ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੜਕ 'ਤੇ ਪਏ ਡੂੰਘੇ ਟੋਇਆਂ ਕਾਰਨ ਗੰਭੀਰ ਹਾਲਤ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਝਟਕਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਐਮਰਜੈਂਸੀ ਕੇਸਾਂ ਵਿੱਚ ਘਾਤਕ ਸਾਬਤ ਹੋ ਸਕਦਾ ਹੈ। ਟੋਇਆਂ ਤੋਂ ਬਚਣ ਦੇ ਚੱਕਰ ਵਿੱਚ ਦੋ-ਪਹੀਆ ਵਾਹਨ ਚਾਲਕ ਅਕਸਰ ਸੰਤੁਲਨ ਗੁਆ ਬੈਠਦੇ ਹਨ। ਧੂੜ ਅਤੇ ਚਿੱਕੜ ਕਾਰਨ ਪੈਦਲ ਚੱਲਣ ਵਾਲਿਆਂ ਲਈ ਵੀ ਰਸਤਾ ਤੈਅ ਕਰਨਾ ਮੁਸ਼ਕਲ ਹੋ ਗਿਆ ਹੈ।
ਮਸੀਹ ਭਲਾਈ ਬੋਰਡ ਦੀ ਮੈਂਬਰ ਮੈਡਮ ਬਬੀਤਾ ਖੋਸਲਾ ਨੇ ਇਸ ਗੰਭੀਰ ਮੁੱਦੇ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਰਜੀਵ ਸ਼ਰਮਾ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਸੜਕ ਦਾ ਨਿਰਮਾਣ ਜਲਦੀ ਤੋਂ ਜਲਦੀ ਨਵੇਂ ਸਿਰੇ ਤੋਂ ਕਰਵਾਇਆ ਜਾਵੇਗਾ।
ਸੀਨੀਅਰ ਮੈਡੀਕਲ ਅਫਸਰ (SMO) ਡਾ. ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਦੀ ਮੁਰੰਮਤ ਲਈ ਸਬੰਧਤ ਵਿਭਾਗ ਨੂੰ ਪਹਿਲਾਂ ਹੀ ਚਿੱਠੀ ਲਿਖੀ ਜਾ ਚੁੱਕੀ ਹੈ। ਹਸਪਤਾਲ ਵਿੱਚ ਪੀਣ ਵਾਲੇ ਪਾਣੀ ਅਤੇ ਵਾਟਰ ਕੂਲਰਾਂ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦਾ ਉਦੇਸ਼ ਮਰੀਜ਼ਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ।