ਲਾਈਟਾਂ ਬੁਝਣ 'ਤੇ ਲਾੜੇ ਨੂੰ ਆਇਆ ਗੁੱਸਾ, ਬਿਜਲੀ ਮਿਸਤਰੀ ਨੂੰ ਗੋਲੀਆਂ ਨਾਲ ਭੁੰਨਿਆ
ਗੁਰੂਗ੍ਰਾਮ: 13 ਫਰਵਰੀ, 2026
ਗੁਰੂਗ੍ਰਾਮ ਦੇ ਰਣਸਿਕਾ ਪਿੰਡ ਵਿੱਚ ਇੱਕ ਬਹੁਤ ਹੀ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮੰਗਣੀ ਸਮਾਰੋਹ ਦੌਰਾਨ ਲਾੜੇ ਨੇ ਮਾਮੂਲੀ ਗੱਲ 'ਤੇ ਇੱਕ ਬਿਜਲੀ ਮਿਸਤਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਖ਼ੂਨੀ ਖੇਡ ਸਿਰਫ਼ ਇਸ ਲਈ ਖੇਡੀ ਗਈ ਕਿਉਂਕਿ ਸਮਾਰੋਹ ਦੌਰਾਨ ਲੱਗੀਆਂ LED ਲਾਈਟਾਂ ਖਰਾਬ ਹੋ ਗਈਆਂ ਸਨ, ਜੋ ਲਾੜੇ ਨੂੰ ਪਸੰਦ ਨਹੀਂ ਆਇਆ। ਮ੍ਰਿਤਕ ਦੀ ਪਛਾਣ 23 ਸਾਲਾ ਬਰਕਤ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਮਥੁਰਾ ਦਾ ਰਹਿਣ ਵਾਲਾ ਸੀ ਅਤੇ ਤਿੰਨ ਬੱਚਿਆਂ ਦਾ ਪਿਤਾ ਸੀ।
ਘਟਨਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਟੈਂਟ ਹਾਊਸ ਦੇ ਮਾਲਕ ਵਿਕਾਸ ਨੇ ਦੱਸਿਆ ਕਿ ਉਨ੍ਹਾਂ ਨੇ ਰਣਸੀਕਾ ਪਿੰਡ ਦੇ ਰਹਿਣ ਵਾਲੇ ਰਾਮਾਨੰਦ ਦੇ ਪੁੱਤਰ ਅਮਨਦੀਪ ਦੀ ਮੰਗਣੀ ਦਾ ਠੇਕਾ ਲਿਆ ਸੀ। ਬਰਕਤ ਆਪਣੇ ਸਾਥੀਆਂ ਮੁਸਤਫਾ ਅਤੇ ਯੂਸਫ਼ ਨਾਲ ਉੱਥੇ ਲਾਈਟਿੰਗ ਦਾ ਕੰਮ ਕਰ ਰਿਹਾ ਸੀ। ਵੀਰਵਾਰ ਰਾਤ ਕਰੀਬ ਸਾਢੇ 9 ਵਜੇ ਜਦੋਂ ਮੰਗਣੀ ਦੀਆਂ ਰਸਮਾਂ ਚੱਲ ਰਹੀਆਂ ਸਨ, ਤਾਂ ਅਚਾਨਕ ਇੱਕ LED ਲਾਈਟ ਵਿੱਚ ਤਕਨੀਕੀ ਖਰਾਬੀ ਆ ਗਈ। ਇਸ ਗੱਲ ਤੋਂ ਲਾੜਾ ਅਮਨਦੀਪ ਇੰਨਾ ਭੜਕ ਗਿਆ ਕਿ ਉਹ ਆਪਣੇ ਦੋਸਤਾਂ ਸਾਹਿਲ ਅਤੇ ਹਰਸ਼ ਨਾਲ ਮਿਸਤਰੀਆਂ ਕੋਲ ਪਹੁੰਚ ਗਿਆ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੇ ਸਹੁਰੇ ਹਾਸ਼ਿਮ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ, ਸ਼ੁਰੂਆਤੀ ਝਗੜੇ ਤੋਂ ਕੁਝ ਦੇਰ ਬਾਅਦ ਲਾੜਾ ਅਤੇ ਉਸ ਦੇ ਸਾਥੀ ਹਥਿਆਰ ਲੈ ਕੇ ਵਾਪਸ ਆਏ। ਹਥਿਆਰਬੰਦ ਲਾੜੇ ਨੂੰ ਦੇਖ ਕੇ ਬਰਕਤ ਅਤੇ ਉਸ ਦੇ ਸਾਥੀ ਜਾਨ ਬਚਾਉਣ ਲਈ ਟੈਂਟ ਵੱਲ ਭੱਜੇ, ਪਰ ਦੋਸ਼ੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਬਰਕਤ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਹ ਖ਼ੂਨ ਨਾਲ ਲਥਪਥ ਹੋ ਕੇ ਉੱਥੇ ਹੀ ਡਿੱਗ ਪਿਆ, ਜਿਸ ਨਾਲ ਸਮਾਰੋਹ ਵਿੱਚ ਭਜਦੜ ਮਚ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਰਕਤ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾ ਖ਼ੂਨ ਵਹਿਣ ਕਾਰਨ ਉਸ ਦੀ ਜਾਨ ਚਲੀ ਗਈ।
ਇਸ ਮਾਮਲੇ ਵਿੱਚ ਪਟੌਦੀ ਪੁਲਿਸ ਨੇ ਲਾੜੇ ਅਮਨਦੀਪ ਸਮੇਤ ਤਿੰਨ ਲੋਕਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਫਾਰੂਖਨਗਰ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਗੁਰੂਗ੍ਰਾਮ ਦੇ ਬਸਾਈ ਇਲਾਕੇ ਦਾ ਰਹਿਣ ਵਾਲਾ ਹੈ। ਹਾਲਾਂਕਿ ਮੁੱਖ ਦੋਸ਼ੀ ਲਾੜਾ ਅਮਨਦੀਪ ਅਤੇ ਉਸ ਦਾ ਸਾਥੀ ਸਾਹਿਲ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਬਰਕਤ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਤਿੰਨ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਬਾਕੀ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।