ਸਰੀ ਵਿੱਚ ਸਿਟੀ ਰੀਚ ਕੇਅਰ ਸੋਸਾਇਟੀ ਦਾ “ਫੂਡ ਫਾਰ ਫੈਮਿਲੀਜ਼” ਪ੍ਰੋਗਰਾਮ ਹਜ਼ਾਰਾਂ ਪਰਿਵਾਰਾਂ ਲਈ ਆਸ ਦੀ ਕਿਰਨ – ਮਨਦੀਪ ਧਾਲੀਵਾਲ
ਹਰਦਮ ਮਾਨ
ਸਰੀ, 12 ਫਰਵਰੀ 2026 - ਸਰੀ ਸ਼ਹਿਰ ਵਿੱਚ ਸਿਟੀ ਰੀਚ ਕੇਅਰ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ “ਫੂਡ ਫਾਰ ਫੈਮਿਲੀਜ਼” ਪ੍ਰੋਗਰਾਮ ਹਜ਼ਾਰਾਂ ਜ਼ਰੂਰਤਮੰਦ ਪਰਿਵਾਰਾਂ ਲਈ ਸਹਾਰਾ ਬਣਿਆ ਹੋਇਆ ਹੈ। ਬੀਤੇ ਦਿਨ ਐਮ.ਐਲ.ਏ. ਮਨਦੀਪ ਧਾਲੀਵਾਲ ਨੇ ਸਰੀ ਦੇ ਡਿਸਟ੍ਰੀਬਿਊਸ਼ਨ ਸਥਾਨ ਦਾ ਦੌਰਾ ਕਰਦਿਆਂ ਇਸ ਸੰਸਥਾ ਦੇ ਸਟਾਫ਼ ਅਤੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਸਿਟੀ ਰੀਚ ਕੇਅਰ ਸੋਸਾਇਟੀ ਹਰ ਹਫ਼ਤੇ ਸਥਾਨਕ ਗ੍ਰੋਸਰੀ ਸਟੋਰਾਂ ਅਤੇ ਫ਼ਾਰਮਾਂ ਤੋਂ ਤਾਜ਼ਾ ਅਤੇ ਸਿਹਤਮੰਦ ਖੁਰਾਕ ਬਚਾ ਕੇ 4,500 ਤੋਂ ਵੱਧ ਨਾਜ਼ੁਕ ਹਾਲਾਤਾਂ ਵਿੱਚ ਰਹਿ ਰਹੇ ਲੋਕਾਂ ਤੱਕ ਮੁਫ਼ਤ ਪਹੁੰਚਾਉਂਦੀ ਹੈ। ਪਿਛਲੇ ਸਾਲ ਇਸ ਪ੍ਰੋਗਰਾਮ ਤਹਿਤ 1.4 ਮਿਲੀਅਨ ਪੌਂਡ ਖੁਰਾਕ ਲੈਂਡਫ਼ਿਲ ਵਿੱਚ ਜਾਣ ਤੋਂ ਬਚਾਈ, 800 ਤੋਂ ਵੱਧ ਸਥਾਨਕ ਪਰਿਵਾਰਾਂ ਨੂੰ 58,000 ਤਾਜ਼ਾ ਫੂਡ ਹੈਂਪਰ ਮੁਹੱਈਆ ਕਰਵਾਏ ਅਤੇ 40 ਲੱਖ ਡਾਲਰ ਤੋਂ ਵੱਧ ਮੁੱਲ ਦੀ ਖੁਰਾਕ ਬਚਾਈ।
ਸੰਸਥਾ ਦੇ ਸਾਥੀ ਸੀਡਰ ਗਰੋਵ ਅਤੇ ਬਰੌਡਵੇਅ ਚਰਚ ਦੇ ਸਮਰਪਿਤ ਵਲੰਟੀਅਰਾਂ ਦੀ ਮਿਹਨਤ ਨਾਲ ਹਰ ਇੱਕ ਡਾਲਰ ਦੇ ਦਾਨ ਨਾਲ ਲਗਭਗ 10 ਡਾਲਰ ਮੁੱਲ ਦੀ ਖੁਰਾਕ ਬਚਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਚਿੰਤਾਜਨਕ ਹੈ ਕਿ ਏਨੇ ਮਹੱਤਵਪੂਰਨ ਪ੍ਰੋਗਰਾਮ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਫੰਡਿੰਗ ਪ੍ਰਾਪਤ ਨਹੀਂ ਹੈ।
ਐਮ.ਐਲ.ਏ. ਮਨਦੀਪ ਧਾਲੀਵਾਲ ਨੇ ਕਿਹਾ ਕਿ ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਇਸਨੂੰ ਸਰੀ ਸਮੇਤ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਿਟੀ ਰੀਚ ਕੇਅਰ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਨਜ਼ਦੀਕੋਂ ਦੇਖਣਾ ਪ੍ਰੇਰਣਾਦਾਇਕ ਅਨੁਭਵ ਹੈ ਅਤੇ ਇਹ ਸੰਸਥਾ ਸੱਚਮੁੱਚ ਕਮਿਊਨਿਟੀ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।