ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
ਏਮਜ਼ ਬਠਿੰਡਾ ਵਿਖੇ ਮਰੀਜ਼ਾਂ ਲਈ ਬਣਾਏ ਰੈਣ ਬਸੇਰੇ ਦਾ ਕੀਤਾ ਦੌਰਾ
ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਦੱਸਿਆ ਅਹਿਮ
ਅਸ਼ੋਕ ਵਰਮਾ
ਬਠਿੰਡਾ, 12 ਫ਼ਰਵਰੀ 2026 :ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ।ਇਸ ਤੋਂ ਪਹਿਲਾਂ, ਉਨ੍ਹਾਂ ਨੇ ਏਮਜ਼ ਬਠਿੰਡਾ ਦੇ ਬਾਹਰ ਮਰੀਜ਼ਾਂ ਲਈ ਬਣੇ ਰੈਣ ਬਸੇਰੇ ਦਾ ਦੌਰਾ ਕੀਤਾ। ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵੇਦ ਕੁਮਾਰੀ ਮਿੱਤਲ ਮਰੀਜ਼ ਸ਼ੈਲਟਰ ਹੋਮ ਦੀ ਤਿੰਨ ਮੰਜ਼ਿਲਾ ਇਮਾਰਤ ਦਾ ਚੱਕਰ ਲਾਇਆ ਜਿਸ ਵਿੱਚ 256 ਬੈੱਡਾਂ ਦੀ ਸੁਵਿਧਾ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਦੁਆਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਵੱਲੋਂ ਹੋਮ ਚਲਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਏਮਜ਼ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਜਿਹੜੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਨਾਲ ਆਉਂਦੇ ਹਨ ਦੇ ਰਹਿਣ-ਸਹਿਣ ਅਤੇ ਭੋਜਨ ਦੀ ਲੋੜ ਪੂਰੀ ਕਰਦੀ ਹੈ। ਲੋਕਾਂ ਨੂੰ ਘੱਟ ਕੀਮਤ 'ਤੇ ਭੋਜਨ ਵੀ ਦਿੱਤਾ ਜਾਂਦਾ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨਸ਼ੇ ਦੇ ਵਿਰੋਧ ਵਿੱਚ ਨਿਡਰ ਹੋ ਕੇ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਚ ਸਮਾਜ ਦੇ ਹਰ ਇੱਕ ਵਰਗ ਵੱਲੋਂ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।
ਮੱਥਾ ਟੇਕਣ ਉਪਰੰਤ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਨਰਿੰਦਰਜੀਤ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਹਾਜ਼ਰੀਨ ਵਿੱਚ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਡੀਆਈਜੀ ਸ਼੍ਰੀ ਹਰਜੀਤ ਸਿੰਘ, ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ, ਐੱਸਡੀਐੱਮ ਬਠਿੰਡਾ ਸ਼੍ਰੀ ਬਲਕਰਨ ਸਿੰਘ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਪੰਕਜ ਕੁਮਾਰ, ਮਿੱਤਲ ਗਰੁੱਪ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਮਿੱਤਲ ਅਤੇ ਹੋਰ ਸ਼ਾਮਲ ਸਨ।