ਜਗਰਾਉਂ 'ਚ ਦਿਨ-ਦਿਹਾੜੇ ਵੱਡੀ ਵਾਰਦਾਤ: ਮੈਰਿਜ ਪੈਲਸ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ 3.50 ਲੱਖ ਤੇ ਪਾਸਪੋਰਟ ਚੋਰੀ
ਗੱਡੀ ਦਾ ਸ਼ੀਸ਼ਾ ਤੋੜ ਕੇ ਚੋਰੀ; ਪੁਲਿਸ ਨੇ ਸ਼ੁਰੂ ਕੀਤੀ ਤਫਤੀਸ਼
ਜਗਰਾਉਂ: (ਦੀਪਕ ਜੈਨ) ਸਥਾਨਕ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਸਥਿਤ ਮੈਰਿਜ ਪੈਲਸ ਪੀ ਗ੍ਰੈਂਡ (P Grand) ਦੇ ਬਾਹਰ ਖੜ੍ਹੀ ਇੱਕ ਕਾਰ ਵਿੱਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਮੁਖੀ ਏ.ਐਸ.ਆਈ. (ASI) ਸੁਖਵਿੰਦਰ ਸਿੰਘ ਦਿਓਲ ਨੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਚੌਕੀ ਇੰਚਾਰਜ ਏ.ਐਸ.ਆਈ. ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਗਰੂਰ ਦੇ ਰਹਿਣ ਵਾਲੇ ਹਰਸਿਮਰਨਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੂੰ ਦਿੱਤੇ ਵੇਰਵਿਆਂ ਮੁਤਾਬਕ, ਸ਼ਿਕਾਇਤਕਰਤਾ ਆਪਣੀ ਪਤਨੀ ਨਾਲ ਦੁਪਹਿਰ 2:00 ਤੋਂ 2:30 ਵਜੇ ਦੇ ਕਰੀਬ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਕਤ ਹੋਟਲ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਗੱਡੀ ਪੈਲਸ ਦੇ ਬਾਹਰ ਖੜ੍ਹੀ ਕੀਤੀ ਸੀ।
ਏ.ਐਸ.ਆਈ. ਦਿਓਲ ਅਨੁਸਾਰ, ਪੀੜਤ ਧਿਰ ਜਦੋਂ ਸ਼ਾਮ ਕਰੀਬ 6 ਵਜੇ ਸਮਾਗਮ ਤੋਂ ਬਾਹਰ ਆਈ, ਤਾਂ ਉਨ੍ਹਾਂ ਦੇਖਿਆ ਕਿ ਗੱਡੀ ਦੀ ਬਾਰੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਸ਼ਿਕਾਇਤਕਰਤਾ ਹਰਸਿਮਰਨਪ੍ਰੀਤ ਸਿੰਘ ਮੁਤਾਬਕ ਗੱਡੀ ਵਿੱਚੋਂ 3 ਤੋਂ 3.50 ਲੱਖ ਰੁਪਏ ਦੀ ਨਕਦੀ, ਉਨ੍ਹਾਂ ਦੀ ਪਤਨੀ ਦਾ ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਗਾਇਬ ਸਨ। ਚੌਕੀ ਇੰਚਾਰਜ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।