ਰਾਮ ਰਹੀਮ ਵੱਲੋਂ ਨਸ਼ਾ ਛੱਡਣ ਵਾਲੇ ਨੌਜਾਵਾਨਾਂ ਸੁੱਕੇ ਮੇਵਿਆਂ ਨਾਲ ਭਰੀਆਂ ਪੌਸ਼ਟਿਕ ਕਿੱਟਾਂ ਭੇਂਟ
ਅਸ਼ੋਕ ਵਰਮਾ
ਸਿਰਸਾ, 28 ਜਨਵਰੀ 2026: ਡੇਰਾ ਸੌਚਾ ਸੌਦਾ ਸਿਰਸਾ ਦੇ ਦੂਸਰੇ ਮੁਖੀ ਮਰਹੂਮ ਸਤਨਾਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਲਾਈ ਕਾਰਜਾਂ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੇ 10 ਅਤਿ-ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ ਸੁਰੱਖਿਅਤ ਮੁਹਿੰਮ ਤਹਿਤ, ਨਸ਼ਾ ਛੱਡਣ ਵਾਲੇ 8 ਨੌਜਵਾਨਾਂ ਨੂੰ ਕਾਜੂ ਅਤੇ ਬਦਾਮ ਸਮੇਤ ਪੌਸ਼ਟਿਕ ਭੋਜਨ ਕਿੱਟਾਂ ਦਿੱਤੀਆਂ । ਇਸ ਤੋਂ ਇਲਾਵਾ, ਸਿਹਤ ਜਾਂਚ ਦੀ ਲੜੀ ਦੇ ਹਿੱਸੇ ਵਜੋਂ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਇੱਕ ਆਰਥੋਪੈਡਿਕ ਚੈੱਕਅੱਪ ਕੈਂਪ ਲਾਇਆ ਗਿਆ। ਆਰਥੋਪੈਡਿਕ ਮਾਹਿਰ ਪੰਕਜ ਸ਼ਰਮਾ, ਡਾ. ਸਿਧਾਰਥ, ਡਾ. ਵੇਦਿਕਾ ਇੰਸਾਂ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ, ਫਿਜ਼ੀਓਥੈਰੇਪਿਸਟ ਡਾ. ਜਸਵਿੰਦਰ, ਡਾ. ਨੀਤਾ, ਡਾ. ਮੋਨੀਸ਼ਾ, ਡਾ. ਦ੍ਰਿਸ਼ਟੀ, ਡਾ. ਸਨੇਹਿਲ ਅਤੇ ਡਾ. ਪ੍ਰਦੀਪ ਨੇ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
ਇਸ ਸਮੇਂ ਦੌਰਾਨ, ਮਾਹਰ ਡਾਕਟਰਾਂ ਨੇ ਸੈਂਕੜੇ ਮਰੀਜ਼ਾਂ ਦੀ ਜਾਂਚ ਅਤੇ ਸਲਾਹ-ਮਸ਼ਵਰਾ ਕੀਤਾ, ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ। ਇਸ ਦੌਰਾਨ, ਐਮਐਸਜੀ ਨੈਚਰੋਪੈਥੀ ਹਸਪਤਾਲ ਨੈਚਰੋਪੈਥਿਕ ਤਰੀਕਿਆਂ ਨਾਲ ਮਰੀਜ਼ਾਂ ਦਾ ਇਲਾਜ ਜਾਰੀ ਰੱਖਦਾ ਹੈ। ਡਾ. ਰਵੀ ਕੁਮਾਰ, ਡਾ. ਬਿਜੋਏ, ਡਾ. ਰੁਪੇਸ਼ ਕੁਮਾਰ, ਅਤੇ ਡਾ. ਐਮ. ਨੰਦਿਨੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕੈਂਪ ਵਿੱਚ ਮਰੀਜ਼ਾਂ ਦਾ ਪਿੱਠ ਦਰਦ, ਮੋਟਾਪਾ, ਚਮੜੀ ਦੀਆਂ ਬਿਮਾਰੀਆਂ, ਸ਼ੂਗਰ, ਬਲੱਡ ਪ੍ਰੈਸ਼ਰ, ਜ਼ੁਕਾਮ, ਐਲਰਜੀ, ਦਮਾ ਅਤੇ ਹੋਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਦਾ ਖਰਚਾ ਡੇਰਾ ਮੁਖੀ ਵੱਲੋਂ ਮਿਹਨਤ ਨਾਲ ਕੀਤੀ ਆਮਦਨ ਤੋਂ ਚੁੱਕਿਆ ਜਾ ਰਿਹਾ ਹੈ।। ਡੇਰਾ ਮੁਖੀ ਦੀ ਪ੍ਰੇਰਣਾ ਅਨੁਸਾਰ ਡੇਰਾ ਸੱਚਾ ਸੌਦਾ ਨੇ ਹੁਣ ਤੱਕ ਕੁਦਰਤ ਮੁਹਿੰਮ ਤਹਿਤ 260,000,738,427 ਰੁੱਖ ਲਗਾਏ ਹਨ ਜਦੋਂਕਿ 1,069,616 ਲੀਟਰ ਖੂਨ ਵੀ ਦਾਨ ਕੀਤਾ ਹੈ।