60ਵੀਂ ਵਰ੍ਹੇਗੰਢ ’ਤੇ ਵਿਸ਼ੇਸ਼ : ਮੈਂਗਰੀ ਦੀ ਮਿੱਟੀ ਤੋਂ ਗਲੋਬਲ ਅਸਮਾਨ ਤੱਕ: ਔਕਲੈਂਡ ਏਅਰਪੋਰਟ ਦਾ ਸੰਪੂਰਨ ਇਤਿਹਾਸ (1966-2026)
-ਏਅਰਪੋਰਟ ਬਣਾਉਣ ਲਈ ਜਗ੍ਹਾ ਦੀ ਚੋਣ ਕਰਨ ਵਿੱਚ 25 ਸਾਲ ਦਾ ਸਮਾਂ ਲੱਗ ਗਿਆ ਸੀ।
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 28 ਜਨਵਰੀ 2026:-ਕਿਸੇ ਵੀ ਦੇਸ਼ ਦੀ ਪ੍ਰਗਤੀ ਦੀ ਕਹਾਣੀ ਉਸਦੇ ਸੰਪਰਕ ਸੂਤਰਾਂ (3onnectivity) ਤੋਂ ਪਛਾਣੀ ਜਾਂਦੀ ਹੈ, ਅਤੇ ਨਿਊਜ਼ੀਲੈਂਡ ਲਈ ’ਔਕਲੈਂਡ ਏਅਰਪੋਰਟ’ ਸਿਰਫ਼ ਇੱਕ ਹਵਾਈ ਅੱਡਾ ਨਹੀਂ, ਸਗੋਂ ਦੁਨੀਆ ਲਈ ਖੁੱਲ੍ਹਣ ਵਾਲਾ ਉਹ ਮੁੱਖ ਦੁਆਰ ਹੈ ਜਿਸ ਨੇ ਪਿਛਲੇ ਛੇ ਦਹਾਕਿਆਂ ਵਿੱਚ ਦੇਸ਼ ਦੀ ਕਿਸਮਤ ਬਦਲੀ ਹੈ।
29 ਜਨਵਰੀ 1966 ਨੂੰ ਜਦੋਂ ਮੈਂਗਰੀ ਦੀ ਮਿੱਟੀ ’ਤੇ ਪਹਿਲੇ ਜਹਾਜ਼ ਨੇ ਦਸਤਕ ਦਿੱਤੀ, ਤਾਂ ਉਹ ਮਹਿਜ਼ ਇੱਕ ਉਡਾਣ ਦੀ ਸ਼ੁਰੂਆਤ ਨਹੀਂ ਸੀ, ਸਗੋਂ ਨਿਊਜ਼ੀਲੈਂਡ ਦੇ ’ਜੈੱਟ ਯੁੱਗ’ ਵਿੱਚ ਦਾਖਲ ਹੋਣ ਦਾ ਐਲਾਨ ਸੀ। ਅੱਜ, ਜਦੋਂ ਅਸੀਂ 2026 ਵਿੱਚ ਇਸ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਇਹ ਸਫ਼ਰ ਵੇਨੂਆਪਾਈ ਦੇ ਛੋਟੇ ਜਿਹੇ ਫੌਜੀ ਅੱਡੇ ਤੋਂ ਸ਼ੁਰੂ ਹੋ ਕੇ ਇੱਕ ਵਿਸ਼ਵ-ਪੱਧਰੀ ’ਏਅਰਪੋਰਟ ਸਿਟੀ’ ਬਣਨ ਤੱਕ ਫੈਲ ਚੁੱਕਾ ਹੈ।
ਸੁਪਨਾ ਅਤੇ ਸਿਰਜਣਾ (1945-1965)
ਵੇਨੂਆਪਾਈ (Whenuapai) ਦੀਆਂ ਸੀਮਾਵਾਂ: ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਓਕਲੈਂਡ ਦਾ ਮੁੱਖ ਹਵਾਈ ਅੱਡਾ ‘ਵੇਨੂਆਪਾਈ’ ਵਿਖੇ ਸੀ, ਜੋ ਅਸਲ ਵਿੱਚ ਇੱਕ ਫੌਜੀ ਅੱਡਾ ਸੀ। ਜਦੋਂ ਵਪਾਰਕ ਹਵਾਬਾਜ਼ੀ ਵਿੱਚ ‘ਜੈੱਟ ਯੁੱਗ’ ਸ਼ੁਰੂ ਹੋਇਆ, ਤਾਂ ਇਹ ਸਪੱਸ਼ਟ ਹੋ ਗਿਆ ਕਿ ਵੇਨੂਆਪਾਈ ਦੇ ਰਨਵੇਅ ਨਵੇਂ ਅਤੇ ਭਾਰੀ ਜਹਾਜ਼ਾਂ ਦਾ ਭਾਰ ਨਹੀਂ ਸਹਿ ਸਕਦੇ ਸਨ।
ਮੈਂਗਰੀ ਦੀ ਚੋਣ (1955): ਨਿਊਜ਼ੀਲੈਂਡ ਸਰਕਾਰ ਨੇ ਕਈ ਸਥਾਨਾਂ ਦਾ ਸਰਵੇਖਣ ਕੀਤਾ। ਮਾਂਗਰੇ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇੱਥੋਂ ਦਾ ਭੂਗੋਲਿਕ ਸਥਾਨ ਅਜਿਹਾ ਸੀ ਕਿ ਜਹਾਜ਼ ਸਮੁੰਦਰ ਦੇ ਉੱਪਰੋਂ ਉਤਰ ਸਕਦੇ ਸਨ, ਜਿਸ ਨਾਲ ਸ਼ਹਿਰ ਵਿੱਚ ਸ਼ੋਰ ਘੱਟ ਹੁੰਦਾ ਸੀ। ਮਾਂਗਰੇ ਦੀ ਚੋਣ: ਇੱਕ ਲੰਬੀ ਜੱਦੋ-ਜਹਿਦ ਸੀ। ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਏਅਰਪੋਰਟ ਬਣਾਉਣ ਲਈ ਜਗ੍ਹਾ ਦੀ ਚੋਣ ਕਰਨ ਵਿੱਚ 25 ਸਾਲ ਦਾ ਸਮਾਂ ਲੱਗ ਗਿਆ ਸੀ। ਮਾਂਗਰੇ (Mangere) ਤੋਂ ਇਲਾਵਾ ਓਰਾਕੇਈ (Orakei), ਡੇਵਨਪੋਰਟ ਅਤੇ ਇੱਥੋਂ ਤੱਕ ਕਿ ਵਾਇਟੇਮਾਟਾ ਹਾਰਬਰ ਦੇ ਟਾਪੂਆਂ ਬਾਰੇ ਵੀ ਵਿਚਾਰ ਕੀਤਾ ਗਿਆ ਸੀ। ਆਖਰਕਾਰ, 1955 ਵਿੱਚ ਸਰਕਾਰ ਨੇ ਮਾਂਗਰੇ ਦੀ ਚੋਣ ਕੀਤੀ।
ਨਿਰਮਾਣ ਦੇ ਅੰਕੜੇ: ਜ਼ਮੀਨ: ਲਗਭਗ 500 ਹੈਕਟੇਅਰ ਖੇਤੀਬਾੜੀ ਵਾਲੀ ਜ਼ਮੀਨ ਨੂੰ ਹਵਾਈ ਅੱਡੇ ਲਈ ਐਕਵਾਇਰ ਕੀਤਾ ਗਿਆ।
ਇੰਜੀਨੀਅਰਿੰਗ: ਰਨਵੇਅ ਨੂੰ ਬਣਾਉਣ ਲਈ ਸਮੁੰਦਰ ਦੇ ਇੱਕ ਹਿੱਸੇ ਨੂੰ ਪੂਰਿਆ ਗਿਆ ਸੀ (Reclamation)। ਇਸ ਵਿੱਚ 10 ਮਿਲੀਅਨ ਪੌਂਡ ਦੀ ਲਾਗਤ ਆਈ, ਜੋ ਉਸ ਸਮੇਂ ਇੱਕ ਬਹੁਤ ਵੱਡੀ ਰਕਮ ਸੀ।
ਉਦਘਾਟਨ ਅਤੇ ਸੁਨਹਿਰੀ ਯੁੱਗ (1966 - 1979)
29 ਜਨਵਰੀ 1966 - ਇੱਕ ਨਵੀਂ ਸ਼ੁਰੂਆਤ: ਉਦਘਾਟਨੀ ਸਮਾਰੋਹ ਵਿੱਚ ‘ਗ੍ਰੈਂਡ ਏਅਰ ਪੇਜੈਂਟ’ (ਹਵਾਈ ਜ਼ਹਾਜ਼ ਸ਼ੋਅ) ਕਰਵਾਇਆ ਗਿਆ। ਇਸ ਵਿੱਚ ਦੁਨੀਆ ਭਰ ਦੇ ਫੌਜੀ ਅਤੇ ਵਪਾਰਕ ਜਹਾਜ਼ਾਂ ਨੇ ਹਿੱਸਾ ਲਿਆ। ਇਸ ਨੂੰ ਦੇਖਣ ਲਈ 1,00,000 ਤੋਂ ਵੱਧ ਲੋਕ ਇਕੱਠੇ ਹੋਏ ਸਨ, ਜੋ ਉਸ ਸਮੇਂ ਔਕਲੈਂਡ ਦੀ ਆਬਾਦੀ ਦਾ ਲਗਭਗ 20% ਹਿੱਸਾ ਸੀ। ਓਕਲੈਂਡ ਵਾਸੀਆਂ ਲਈ ਇਹ ਇੱਕ ਤਿਉਹਾਰ ਵਰਗਾ ਸੀ। ਗਵਰਨਰ-ਜਨਰਲ ਸਰ ਬਰਨਾਰਡ ਫਰਗੂਸਨ ਨੇ ਏਅਰਪੋਰਟ ਦਾ ਉਦਘਾਟਨ ਕੀਤਾ ਸੀ।
1966 ਦਾ ਨਿਊਜ਼ੀਲੈਂਡ ਅੱਜ ਨਾਲੋਂ ਬਿਲਕੁਲ ਵੱਖਰਾ ਸੀ। ਉਸ ਸਮੇਂ ਦੇਸ਼ ਵਿੱਚ ਡਾਲਰ ਦੀ ਬਜਾਏ ਪੌਂਡ, ਸ਼ਿਲਿੰਗ ਅਤੇ ਪੈਂਸ ਚੱਲਦੇ ਸਨ। ਕੀਥ ਹੋਲੀਓਕੇ ਦੇਸ਼ ਦੇ ਪ੍ਰਧਾਨ ਮੰਤਰੀ ਸਨ।
ਪਹਿਲੀਆਂ ਸੇਵਾਵਾਂ:
ਏਅਰ ਨਿਊਜ਼ੀਲੈਂਡ ਏਅਰਲਾਈਨ ਨੇ ਆਪਣੇ ਹੈੱਡਕੁਆਰਟਰ ਨੂੰ ਇੱਥੇ ਤਬਦੀਲ ਕੀਤਾ।
ਪੈਨ ਅਮਰੀਕਨ ਵਰਲਡ ਏਅਰਵੇਜ਼: ਅਮਰੀਕਾ ਤੋਂ ਆਉਣ ਵਾਲੀ ਪਹਿਲੀ ਵੱਡੀ ਏਅਰਲਾਈਨ ਬਣੀ, ਜਿਸ ਨੇ ਔਕਲੈਂਡ ਨੂੰ ਲਾਸ ਏਂਜਲਸ ਅਤੇ ਸੈਨ ਫਰਾਂਸਿਸਕੋ ਨਾਲ ਜੋੜਿਆ।
ਜੀਨ ਬੈਟਨ ਟਰਮੀਨਲ (1977): ਜਿਵੇਂ-ਜਿਵੇਂ ਯਾਤਰੀਆਂ ਦੀ ਗਿਣਤੀ ਵਧੀ (ਲਗਭਗ 10 ਲੱਖ ਸਾਲਾਨਾ), ਪੁਰਾਣਾ ਟਰਮੀਨਲ ਛੋਟਾ ਪੈ ਗਿਆ। 1977 ਵਿੱਚ ਨਵਾਂ ਅੰਤਰਰਾਸ਼ਟਰੀ ਟਰਮੀਨਲ ਬਣਾਇਆ ਗਿਆ। ਇਸਦਾ ਨਾਮ ਨਿਊਜ਼ੀਲੈਂਡ ਦੀ ਮਸ਼ਹੂਰ ਹਵਾਬਾਜ਼ ਜੀਨ ਬੈਟਨ ਦੇ ਸਨਮਾਨ ਵਿੱਚ ਰੱਖਿਆ ਗਿਆ, ਜਿਸ ਨੇ 1936 ਵਿੱਚ ਇੰਗਲੈਂਡ ਤੋਂ ਨਿਊਜ਼ੀਲੈਂਡ ਤੱਕ ਇਕੱਲਿਆਂ ਜਹਾਜ਼ ਉਡਾ ਕੇ ਰਿਕਾਰਡ ਬਣਾਇਆ ਸੀ।
ਨਿੱਜੀਕਰਨ ਅਤੇ ਵਿਸ਼ਵ ਕਨੈਕਟੀਵਿਟੀ (1980 - 2010)
ਰਾਜਨੀਤਿਕ ਬਦਲਾਅ (1998): ਪਹਿਲਾਂ ਹਵਾਈ ਅੱਡਾ ਸਥਾਨਕ ਕੌਂਸਲ ਅਤੇ ਸਰਕਾਰ ਦੇ ਅਧੀਨ ਸੀ। 1998 ਵਿੱਚ ਇਸਦਾ ਨਿੱਜੀਕਰਨ ਹੋਇਆ। ਅੱਜ ਵੀ ਓਕਲੈਂਡ ਕੌਂਸਲ ਕੋਲ ਇਸਦੇ ਵੱਡੀ ਗਿਣਤੀ ਵਿੱਚ ਸ਼ੇਅਰ ਹਨ।
ਦਿੱਗਜ ਏਅਰਲਾਈਨਾਂ ਦਾ ਆਗਮਨ:
ਸਿੰਗਾਪੋਰ ਏਅਰ ਲਾਈਨ 1976 ਤੋਂ ਲਗਾਤਾਰ: ਨਿਊਜ਼ੀਲੈਂਡ ਨੂੰ ਯੂਰਪ ਨਾਲ ਜੋੜਨ ਵਾਲਾ ਸਭ ਤੋਂ ਭਰੋਸੇਮੰਦ ਰਸਤਾ।
ਕੁਆਂਟਸ: ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਟਰਾਂਸ-ਤਾਸਮਨ ਰੂਟ ਨੂੰ ਦੁਨੀਆ ਦੇ ਸਭ ਤੋਂ ਵਿਅਸਤ ਰੂਟਾਂ ਵਿੱਚੋਂ ਇੱਕ ਬਣਾਇਆ।
ਏਮੀਰੇਟਸ (2003): ਏਅਰਬੱਸ 1380 (ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼) ਨੂੰ ਔਕਲੈਂਡ ਲਿਆਉਣ ਵਾਲੀ ਪਹਿਲੀ ਏਅਰਲਾਈਨ।
3.9 ਬਿਲੀਅਨ ਡਾਲਰ ਦਾ ਨਿਵੇਸ਼: ਇਹ ਔਕਲੈਂਡ ਏਅਰਪੋਰਟ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਪੜਾਅ ਹੈ।
ਸੰਯੁਕਤ ਟਰੀਮੀਨਲ (Integrated Terminal) ਅਗਲੇ ਕੁਝ ਮਹੀਨਿਆਂ ਵਿੱਚ (2026 ਦੇ ਅੰਤ ਤੱਕ), ਘਰੇਲੂ ਯਾਤਰੀਆਂ ਨੂੰ ਹੁਣ 10 ਮਿੰਟ ਪੈਦਲ ਚੱਲ ਕੇ ਜਾਂ ਬੱਸ ਰਾਹੀਂ ਦੂਜੇ ਟਰਮੀਨਲ ਨਹੀਂ ਜਾਣਾ ਪਵੇਗਾ। ਸਭ ਕੁਝ ਇੱਕੋ ਛੱਤ ਹੇਠ ਹੋਵੇਗਾ।
ਨਵਾਂ ਰਨਵੇਅ: ਦੂਜੇ ਰਨਵੇਅ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ ਤਾਂ ਜੋ ਵੱਧ ਰਹੀ ਟਰੈਫਿਕ ਨੂੰ ਸੰਭਾਲਿਆ ਜਾ ਸਕੇ। ਇਸ ਨੂੰ ਹਾਲ ਦੀ ਘੜੀ ਰੋਕਿਆ ਹੋਇਆ ਹੈ।
ਸਾਲਾਨਾ ਯਾਤਰੀ: ਲਗਭਗ 2.1 ਕਰੋੜ ਸਲਾਨਾ ਯਾਤਰੀ ਇਥੇ ਆਉਂਦੇ ਹਨ। 2040 ਤੱਕ ਇਹ ਦੁੱਗਣੇ ਹੋਣ ਦਾ ਅਨੁਮਾਨ ਹੈ। ਰੋਜ਼ਾਨਾ ਸੈਂਕੜੇ ਉਡਾਣਾ ਉਡਦੀਆਂ ਹਨ। ਇੱਥੇ ਹਰ ਰੋਜ਼ ਹਜ਼ਾਰਾਂ ਲੋਕ ਕੰਮ ਕਰਨ ਆਉਂਦੇ ਹਨ। ਅੱਜ ਔਕਲੈਂਡ ਏਅਰਪੋਰਟ ਸਿਰਫ਼ ਇੱਕ ਹਵਾਈ ਅੱਡਾ ਨਹੀਂ, ਸਗੋਂ ਨਿਊਜ਼ੀਲੈਂਡ ਦੀ ਆਰਥਿਕਤਾ ਦਾ ਧੁਰਾ ਹੈ।
ਏਅਰ ਇੰਡੀਆ ਅਤੇ ਭਾਰਤੀ ਸੰਬੰਧ (ਇੱਕ ਵਿਸ਼ੇਸ਼ ਅਧਿਆਇ)
ਭਾਰਤ ਅਤੇ ਔਕਲੈਂਡ ਦੇ ਵਿਚਕਾਰ ਸਿੱਧੀ ਉਡਾਣ ਦਾ ਸਫ਼ਰ ਬਹੁਤ ਭਾਵੁਕ ਰਿਹਾ ਹੈ: ਵੰਦੇ ਭਾਰਤ ਮਿਸ਼ਨ (5 ਜੂਨ 2020) ਕੋਵਿਡ-19 ਲੌਕਡਾਊਨ ਦੌਰਾਨ, ਏਅਰ ਇੰਡੀਆ ਦਾ ਜਹਾਜ਼ ਪਹਿਲੀ ਵਾਰ ਔਕਲੈਂਡ ਉਤਰਿਆ। ਇਹ ਇੱਕ ਇਤਿਹਾਸਕ ਪਲ ਸੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਏਅਰਲਾਈਨ ਨੇ ਸਿੱਧੀ ਉਡਾਣ ਇੱਥੇ ਨਹੀਂ ਭਰੀ ਸੀ। ਸਰਕਾਰੀ ਤੌਰ ਉਤੇ ਇਹ ਆਏ ਹੋਣ ਤਾਂ ਵੱਖਰੀ ਗੱਲ ਹੈ।
ਦਿਲਚਸਪ ਤੱਥ: ਜੋ ਤੁਸੀਂ ਸ਼ਾਇਦ ਨਹੀਂ ਜਾਣਦੇ
ਕਨਕੋਰਡ ਦੀ ਕਮੀ: 1972 ਵਿੱਚ, ਦੁਨੀਆ ਦਾ ਸਭ ਤੋਂ ਤੇਜ਼ ਜਹਾਜ਼ ‘ਕਨਕੋਰਡ’ (Concorde) ਔਕਲੈਂਡ ਨਹੀਂ ਆ ਸਕਿਆ ਕਿਉਂਕਿ ਰਨਵੇਅ ਵਿੱਚ ਸਿਰਫ਼ 30 ਸੈਂਟੀਮੀਟਰ ਦੀ ਇੱਕ ਦਰਾੜ ਭਰਨੀ ਬਾਕੀ ਸੀ।
ਜੰਬੋ ਜੈੱਟ ਦਾ ਸੁਪਨਾ: ਆਰਕੀਟੈਕਟ ਫਰੈਂਕ ਪੌਂਡਰ ਨੇ ਬੋਇੰਗ 747 ਜੰਬੋ ਜੈੱਟ ਨੂੰ ਸਮਝਣ ਲਈ ਨਿੱਜੀ ਕਰਜ਼ਾ ਲੈ ਕੇ ਵਿਦੇਸ਼ੀ ਦੌਰਾ ਕੀਤਾ ਸੀ, ਕਿਉਂਕਿ ਉਸ ਸਮੇਂ ਦੇ ਸਿਆਸਤਦਾਨਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਇੰਨੇ ਵੱਡੇ ਜਹਾਜ਼ ਕਦੇ ਨਿਊਜ਼ੀਲੈਂਡ ਆਉਣਗੇ।