ਪੰਜਾਬ ਤੇ ਹਰਿਆਣਾ ਦੇ ਅਧਿਕਾਰੀ ਐਸ ਵਾਈ ਐਲ ਮਸਲੇ ਦੇ ਹੱਲ ਵਾਸਤੇ ਰੈਗੂਲਰ ਮੀਟਿੰਗਾਂ ਕਰਨਗੇ: ਭਗਵੰਤ ਮਾਨ, ਨਾਇਬ ਸਿੰਘ ਸੈਣੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 27 ਜਨਵਰੀ, 2026: ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਅਧਿਕਾਰੀ ਐਸ ਵਾਈ ਐਲ ਮਸਲੇ ਦੇ ਹੱਲ ਵਾਸਤੇ ਰੈਗੂਲਰ ਮੀਟਿੰਗਾਂ ਕਰਨਗੇ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਹੈ।
ਸੁਪਰੀਮ ਕੋਰਟ ਦੇ ਹੁਕਮਾਂ ’ਤੇ ਦੋਵਾਂ ਮੁੱਖ ਮੰਤਰੀਆਂ ਵੱਲੋਂ ਸਾਂਝੀ ਮੀਟਿੰਗ ਕਰਨ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਵਿਚ ਭਗਵੰਤ ਮਾਨ ਅਤੇ ਨਾਇਬ ਸਿੰਘ ਸੈਣੀ ਨੇ ਆਖਿਆ ਕਿ ਅੱਜ ਦੀ ਮੀਟਿੰਗ ਬਹੁਤ ਸੁਖਾਵੇਂ ਤੇ ਚੰਗੇ ਮਾਹੌਲ ਵਿਚ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਸਾਡੇ ਮਾਰਗ ਦਰਸ਼ਕ ਹਨ। ਉਹਨਾਂ ਕਿਹਾ ਕਿ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਪਹਿਲਾਂ ਅਧਿਕਾਰੀ ਰੈਗੂਲਰ ਮੀਟਿੰਗਾਂ ਕਰਨਗੇ ਅਤੇ ਫਿਰ ਜੋ ਖਾਕਾ ਉਹ ਤਿਆਰ ਕਰਨਗੇ, ਉਸ ’ਤੇ ਅਗਲੀ ਕਾਰਵਾਈ ਦਾ ਫੈਸਲਾ ਮੁੱਖ ਮੰਤਰੀ ਆਪਸ ਵਿਚ ਗੱਲਬਾਤ ਕਰ ਕੇ ਲੈਣਗੇ।
ਭਗਵੰਤ ਮਾਨ ਨੇ ਇਸ ਮੌਕੇ ਭਾਈ ਘਨੱਈਆ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹਰਿਆਣਾ ਸਾਡਾ ਦੁਸ਼ਮਣ ਨਹੀਂ ਹੈ ਬਲਕਿ ਛੋਟਾ ਭਰਾ ਹੈ। ਉਹਨਾਂ ਕਿਹਾ ਕਿ ਦੋਵਾਂ ਰਾਜਾਂ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇਗਾ ਤੇ ਇਸੇ ਦਿਸ਼ਾ ਵਿਚ ਫੈਸਲੇ ਲਏ ਜਾਣਗੇ।
ਮੀਟਿੰਗ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਹਰਿਆਣਾ ਦੇ ਸਿੰਜਾਈ ਮੰਤਰੀ ਸ਼ਰੂਤੀ ਚੌਧਰੀ ਤੇ ਦੋਵਾਂ ਰਾਜਾਂ ਦੇ ਅਧਿਕਾਰੀ ਵੀ ਸ਼ਾਮਲ ਸਨ।