ਅਕਾਲੀ ਦਲ ਨੇ ਸਰਕਾਰ ਵੱਲੋਂ ਸਿਹਤ ਬੀਮਾ ਸਕੀਮ ਦੇ ਨਾਂ ’ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੀਤੀ ਨਿਖੇਧੀ
ਕਿਹਾ ਕਿ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਇਕ ਪਬਲੀਸਿਟੀ ਸਟੰਟ, ਸਿਰਫ ਇਕ ਲੱਖ ਰੁਪਏ ਦੀ ਸਿਹਤ ਯੋਜਨਾ ਹੋਈ ਲਾਗੂ
ਐਨ ਕੇ ਸ਼ਰਮਾ ਨੇ ਮੁਹੱਲਾ ਕਲੀਨਿਕ ਸਕੀਮ ਪੂਰੀ ਤਰ੍ਹਾਂ ਫੇਲ੍ਹ ਹੋਣ ਨੂੰ ਕੀਤਾ ਬੇਨਕਾਬ, ਸਰਕਾਰ ਵੱਲੋਂ 18 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੇ ਵਾਅਦੇ ਕਰ ਕੇ ਕੱਖ ਵੀ ਨਾ ਕਰਨ ਅਤੇ ਪੰਜਾਬੀਆਂ ਨਾਲ ਕੀਤੇ ਭੱਦੇ ਮਜ਼ਾਕ ਦੀ ਕੀਤੀ ਨਿਖੇਧੀ
ਚੰਡੀਗੜ੍ਹ, 22 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੇ ਨਾਂ ’ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲ ਵਿਚ ਸਿਰਫ ਇਕ ਲੱਖ ਰੁਪਏ ਦੀ ਮੈਡੀਕਲ ਬੀਮਾ ਰਾਸ਼ੀ ਦਾ ਹੀ ਪ੍ਰਬੰਧ ਕੀਤਾ ਗਿਆ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਖ਼ਜ਼ਾਨਚੀ ਤੇ ਸੀਨੀਅਰ ਅਕਾਲੀ ਆਗੂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਆਪ ਸਰਕਾਰ ਦਾ ਸਕੀਮ ਲਾਗੂ ਕਰਨ ਦਾ ਕੋਈ ਮਕਸਦ ਨਹੀਂ ਹੈ ਅਤੇ ਇਹ ਸਿਰਫ ਪਬਲੀਸਿਟੀ ਸਟੰਟ ਵਿਚ ਲੱਗੀ ਹੈ ਤਾਂ ਜੋ ਪੰਜਾਬੀਆਂ ਨੂੰ ਮੂਰਖ ਬਣਾਇਆ ਜਾ ਸਕੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਕੀਮ ਤਰਨ ਤਾਰਨ ਜ਼ਿਮਨੀ ਚੋਣ ਵੇਲੇ ਪੰਜ ਵਾਰੀ ਜਾਰੀ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਸਕੀਮ ਤਹਿਤ ਇਕ ਵੀ ਮਰੀਜ਼ ਨੂੰ ਮੈਡੀਕਲ ਲਾਭ ਦਿੱਤੇ ਬਗੈਰ ਸਕੀਮ ਦੀ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਸਿਹਤ ਖੇਤਰ ਵਾਸਤੇ ਫੰਡਾਂ ਦੀ ਦੁਰਵਰਤੋਂ ਪਬਲੀਸਿਟੀ ਵਾਸਤੇ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸਿਹਤ ਖੇਤਰ ਵਾਸਤੇ ਬਜਟ ਵਿਚ 761 ਕਰੋੜ ਰੁਪਏ ਰੱਖੇ ਸਨ ਪਰ ਪੰਜ ਲੋਕਾਂ ਨੂੰ ਵੀ ਮੈਡੀਕਲ ਸਿਹਤ ਬੀਮੇ ਦਾ ਲਾਭ ਨਹੀਂ ਦਿੱਤਾ ਗਿਆ।ਉਹਨਾਂ ਕਿਹਾ ਕਿ ਸਰਕਾਰ ਨੇ ਆਯੂਸ਼ਮਾਨ ਭਾਰਤ ਸਕੀਮ ਤਹਿਤ ਆਪਣੇ ਹਿੱਸੇ ਦੇ 200 ਕਰੋੜ ਰੁਪਏ ਨਹੀਂ ਦਿੱਤੇ ਜਿਸ ਕਾਰਨ 15 ਲੱਖ ਲੋਕਾਂ ਨੂੰ ਰਾਹਤ ਦੇਣ ਵਾਸਤੇ ਸਕੀਮ ਬੁਰੀ ਤਰ੍ਹਾਂ ਪ੍ਰਭਾਵਤ ਹੋਈ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਜੇਕਰ ਸਰਕਾਰ ਲੋਕਾਂ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਸਕੀਮ ਦਾ ਲਾਭ ਦੇਣਾ ਚਾਹੁੰਦੀ ਤਾਂ ਇਸਨੂੰ 10 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹ ਸਿਰਫ 1200 ਕਰੋੜ ਰੁਪਏ ਨਾਲ ਇਸ ਸਕੀਮ ਨੂੰ ਚਲਾ ਲਵੇਗੀ। ਉਹਨਾਂ ਕਿਹਾ ਕਿ ਇਸਦਾ ਕਾਰਨ ਇਹ ਹੈ ਕਿ ਸਰਕਾਰ ਮੁਤਾਬਕ ਇਕ ਵਿਅਕਤੀ ਨੂੰ ਸਿਰਫ ਇਕ ਲੱਖ ਰੁਪਏ ਦੀ ਮੈਡੀਕਲ ਬੀਮਾ ਰਾਸ਼ੀ ਮਿਲੇਗੀ ਜਦੋਂ ਕਿ ਬਾਕੀ ਦੇ ਫੰਡ ਸਟੇਟ ਹੈਲਥ ਮਿਸ਼ਨ ਤਹਿਤ ਮਿਲੇਗੀ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਪੰਜਾਬੀਆਂ ਨੂੰ ਸਿਰਫ ਇਕ ਲੱਖ ਰੁਪਏ ਦੀ ਮੈਡੀਕਲ ਬੀਮਾ ਰਾਸ਼ੀ ਮਿਲੇਗੀ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਸਕੀਮ ਤਹਿਤ ਡਾਟਾ ਇਕੱਤਰ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ 12000 ਯੂਥ ਕਲੱਬਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸਰਕਾਰ ਆਪਣੇ ਵਰਕਰਾਂ ਨਾਲ ਨਵੇਂ ਕਲੱਬ ਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਉਹਨਾਂ ਰਾਹੀਂ ਸਕੀਮ ਸ਼ੁਰੂ ਕਰ ਸਕੇ ਤੇ ਇਹੀ ਗੱਲ ਅੱਜ ਦੱਸੀ ਵੀ ਗਈ ਹੈ।
ਸ੍ਰੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਵੱਲੋਂ ਸਿਹਤ ਖੇਤਰ ਵਿਚ ਕੀਤੇ ਸਾਰੇ ਦਾਅਵੇ ਝੂਠੇ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕ ਜਿਹਨਾਂ ਦਾ ਪਹਿਲਾਂ ਬਹੁਤ ਜ਼ੋਰ ਸ਼ੋਰ ਨਾਲ ਐਲਾਨ ਕੀਤਾ ਗਿਆ, ਉਹ ਅਕਾਲੀ ਸਰਕਾਰ ਵੱਲੋਂ ਸਥਾਪਿਤ ਸੁਵਿਧਾ ਕੇਂਦਰਾਂ ਵਿਚ ਖੋਲ੍ਹ ਤਾਂ ਦਿੱਤੇ ਗਏ ਪਰ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਕ ਸਾਲ ਵਿਚ 320 ਡਾਕਟਰਾਂ ਦੀ ਸਲੈਕਸ਼ਨ ਹੋਈ ਹੈ ਪਰ ਉਹਨਾਂ ਨੂੰ ਨਿਯੁਕਤੀ ਪੱਤਰ ਹਾਲੇ ਤੱਕ ਨਹੀਂ ਮਿਲੇ ਤੇ ਸਰਕਾਰ ਡਾਕਟਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ 100 ਰੁਪਏ ਪ੍ਰਤੀ ਮਰੀਜ਼ ਦੇਣ ਦਾ ਦਾਅਵਾ ਕਰ ਰਹੀ ਹੈ।
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਨੇ 18 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੇ ਨਾਂ ’ਤੇ ਪੰਜਾਬੀਆਂ ਨਾਲ ਭੱਦਾ ਮਜ਼ਾਕ ਕੀਤਾ ਹੈ ਜਦੋਂ ਕਿ ਇਸ ਮਾਮਲੇ ਵਿਚ ਕੱਖ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਪੂਰਥਲਾ ਤੇ ਹੁਸ਼ਿਆਰਪੁਰ ਵਿਚ ਦੋ ਨਵੇਂ ਕਾਲਜਾਂ ਦੀਆਂ ਇਮਾਰਤਾਂ ਦੀ ਤਜਵੀਜ਼ ਸੀ ਪਰ ਹੁਣ ਤੱਕ ਕੱਖ ਵੀ ਨਹੀਂ ਹੋਇਆ। ਉਹਨਾਂ ਕਿਹਾ ਕਿ ਆਪ ਆਗੂ ਦਾਅਵੇ ਕਰ ਰਹੇ ਹਨ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਡੀਕਲ ਇਲਾਜ ਸਕੀਮ ਦਾ ਐਲਾਨ ਕੀਤਾ ਸੀ ਪਰ ਕੱਖ ਵੀ ਨਹੀਂ ਕੀਤਾ ਪਰ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁਹਾਲੀ ਵਿਚ ਟਾਟਾ ਮੈਮੋਰੀਅਲ ਹਸਪਤਾਲ ਲਿਆਂਦਾ ਅਤੇ ਬਠਿੰਡਾ ਵਿਚ ਏਮਜ਼ ਲਿਆਂਦਾ, ਸੰਗਰੂਰ ਵਿਚ ਪੀ ਜੀ ਆਈ ਦਾ ਸੈਟੇਲਾਈਟ ਕੇਂਦਰ ਸਥਾਪਿਤ ਕੀਤਾ ਅਤੇ 8 ਨਰਸਿੰਗ ਕਾਲਜ ਤੇ 1933 ਮੁਫਤ ਡਿਸਪੈਂਸਰੀਆਂ ਸਿਹਤ ਖੇਤਰ ਵਿਚ ਸਥਾਪਿਤ ਕੀਤੀਆਂ।
ਇਸ ਦੌਰਾਨ ਆਪ ਦੇ ਆਗੂ ਸਤੇਂਦਰ ਜੈਨ ਵੱਲੋਂ ਕੀਤੀ ਟਿੱਪਣੀ ਕਿ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਨਹੀਂ ਬਲਕਿ ਕੇਜਰੀਵਾਲ ਸਿਹਤ ਯੋਜਨਾ ਸ਼ੁਰੂ ਹੋ ਰਹੀ ਹੈ, ’ਤੇ ਪ੍ਰਤੀਕਰਮ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਆਬਕਾਰੀ ਨੀਤੀ ਅਤੇ ਲੈਂਡ ਪੂਲਿੰਗ ਨੀਤੀ ਤੋਂ ਇਲਾਵਾ ਸਿਹਤ ਬੀਮਾ ਯੋਜਨਾ ਦਿੱਲੀ ਵਿਚ ਘੜੀਆਂ ਗਈਆਂ ਹਨ ਪਰ ਹੁਣ ਆਪ ਨੇ ਅਧਿਕਾਰਤ ਤੌਰ ’ਤੇ ਇਹ ਗੱਲ ਪ੍ਰਵਾਨ ਕਰ ਲਈ ਹੈ ਜੋ ਕਿ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲੀ ਗੱਲ ਹੈ।