ਕੈਰੋਂ ਡਬਲ ਮਰਡਰ ਕੇਸ ਦਾ ਮੁੱਖ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖ਼ਮੀ; ਹਥਿਆਰ ਬਰਾਮਦ
ਪੱਟੀ/ਤਰਨਤਾਰਨ (ਬਲਜੀਤ ਸਿੰਘ): ਤਰਨਤਾਰਨ ਪੁਲਿਸ ਨੇ ਪਿੰਡ ਕੈਰੋਂ ਦੇ ਫਾਟਕ ਕੋਲ ਹੋਏ ਦੋਹਰੇ ਕਤਲ ਕਾਂਡ (Double Murder) ਦੇ ਮੁੱਖ ਮੁਲਜ਼ਮ ਜਗਤਾਰ ਸਿੰਘ ਉਰਫ਼ ਜੱਗਾ ਪੱਤੂ ਨੂੰ ਇੱਕ ਐਨਕਾਊਂਟਰ ਦੌਰਾਨ ਕਾਬੂ ਕੀਤਾ ਹੈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਤਰਨਤਾਰਨ ਦੇ ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਜੱਗਾ ਪੱਤੂ ਨੂੰ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਲੁਕਾਏ ਹੋਏ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ। ਜਦੋਂ ਪੁਲਿਸ ਟੀਮ ਉਸ ਨੂੰ ਪਿੰਡ ਕੈਰੋਂ ਦੇ ਖੇਤਰ ਵਿੱਚ ਜੌੜਾ ਨਹਿਰ ਦੇ ਪੁਲ ਕੋਲ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਗਈ, ਤਾਂ ਉਸ ਨੇ ਉੱਥੇ ਛੁਪਾ ਕੇ ਰੱਖੇ ਪਿਸਤੌਲ ਨਾਲ ਪੁਲਿਸ ਪਾਰਟੀ 'ਤੇ ਸਿੱਧੀ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਜੱਗਾ ਪੱਤੂ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ ਤੋਂ ਇੱਕ ਵਿਦੇਸ਼ੀ ਪਿਸਤੌਲ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।
ਕੀ ਸੀ ਮਾਮਲਾ?
ਬੀਤੇ ਸਤੰਬਰ ਮਹੀਨੇ (2025) ਵਿੱਚ ਕੈਰੋਂ ਫਾਟਕ ਨੇੜੇ ਸਕਾਰਪੀਓ ਸਵਾਰ ਦੋ ਨੌਜਵਾਨਾਂ (ਸਮਰਬੀਰ ਸਿੰਘ ਅਤੇ ਸੌਰਵ) ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਜੱਗਾ ਪੱਤੂ ਇਸ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਅਤੇ ਸ਼ੂਟਰ ਸੀ, ਜੋ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ।
ਐਸ.ਐਸ.ਪੀ. ਤਰਨਤਾਰਨ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਗੁੰਡਾਗਰਦੀ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਿਆਂ ਵਿਰੁੱਧ ਸਖ਼ਤ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।