ਹਮੇਸ਼ਾ ਦੀ ਤਰ੍ਹਾਂ ਕਾਂਗਰਸ ਸਾਂਝੀ ਤੇ ਸਮੂਹਕ ਅਗਵਾਈ ਹੇਠ ਲੜੇਗੀ ਵਿਧਾਨ ਸਭਾ ਚੋਣਾਂ : ਬਘੇਲ
ਅਸ਼ੋਕ ਵਰਮਾ
ਬਠਿੰਡਾ, 11 ਜਨਵਰੀ 2025: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਏਆਈਸੀਸੀ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾਂ ਦੀ ਤਰ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਸਾਂਝੀ ਅਤੇ ਸਮੂਹਕ ਅਗਵਾਈ ਹੇਠ ਲੜੇਗੀ।ਅੱਜ ਇੱਥੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਵੱਲ ਇਸ਼ਾਰਾ ਕਰਦਿਆਂ, ਕਿਹਾ ਕਿ ਇਹ ਸਾਰੇ ਸਾਡੇ ਮੁੱਖ ਮੰਤਰੀ ਦੇ ਚਿਹਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂ ਮੌਜੂਦ ਸਨ।ਬਘੇਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਤੋਂ ਇਲਾਵਾ, ਜਿਨ੍ਹਾਂ ਨੂੰ 2017 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਉਮੀਦਵਾਰ ਦੇ ਚੇਹਰੇ ਵਜੋਂ ਐਲਾਨਿਆ ਗਿਆ ਸੀ, ਕਾਂਗਰਸ ਦੀ ਪਰੰਪਰਾ ਹਮੇਸ਼ਾਂ ਤੋਂ ਸਾਂਝੀ ਅਗਵਾਈ ਹੇਠ ਚੋਣ ਲੜਨ ਦੀ ਰਹੀ ਹੈ। ਜਦਕਿ ਅੰਤਿਮ ਫੈਸਲਾ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਲੈਣਗੇ।
ਬਘੇਲ ਪੰਜਾਬ ਵਿੱਚ ‘ਮਨਰੇਗਾ ਬਚਾਓ ਸੰਗ੍ਰਾਮ’ ਦੇ ਪਹਿਲੇ ਪੜਾਅ ਦੇ ਆਖ਼ਰੀ ਦੌਰੇ ‘ਤੇ ਸਨ। ਜਿਹੜਾ ਭਾਜਪਾ ਸਰਕਾਰ ਦੇ ਮਨਰੇਗਾ ਖਤਮ ਕਰਨ ਦੇ ਫੈਸਲੇ ਵਿਰੁੱਧ ਪਾਰਟੀ ਦੇ ਲੋਕ ਸੰਪਰਕ ਅਭਿਆਨ ਦਾ ਅੱਜ ਪੰਜਵਾਂ ਦਿਨ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ‘ਮਨਰੇਗਾ ਬਚਾਓ ਸੰਗ੍ਰਾਮ’ ਨੂੰ ਭਰਪੂਰ ਸਮਰਥਨ ਮਿਲਿਆ ਹੈ ਅਤੇ ਇਸ ਵਿੱਚ ਪ੍ਰਭਾਵਿਤ ਮਨਰੇਗਾ ਮਜ਼ਦੂਰਾਂ ਦੀ ਵੀ ਵੱਡੀ ਹਿੱਸੇਦਾਰੀ ਰਹੀ ਹੈ।
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਨੇ ਭਾਜਪਾ ਸਰਕਾਰ ਦੇ ਮਨਰੇਗਾ ਖਤਮ ਕਰਨ ਸਬੰਧੀ ਫੈਸਲੇ ਦੀ ਤੀਖ਼ੀ ਆਲੋਚਨਾ ਕਰਦਿਆਂ, ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਿੰਡਾਂ ਦੀ ਅਰਥ ਵਿਵਸਥਾ ਨਸ਼ਟ ਕਰਨ ‘ਤੇ ਤੁਲੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮਨਰੇਗਾ ਕਾਂਗਰਸ ਸਰਕਾਰ ਵੱਲੋਂ ਬਣਾਇਆ ਗਿਆ “ਹੱਕ ਆਧਾਰਿਤ ਕਾਨੂੰਨ” ਹੈ, ਜਿਹੜਾ ਪਿੰਡਾਂ ਦੇ ਮਜ਼ਦੂਰਾਂ ਨੂੰ 100 ਦਿਨਾਂ ਦਾ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ। ਮਨਰੇਗਾ ਖਤਮ ਕਰਕੇ ਮੋਦੀ ਸਰਕਾਰ ਨੇ ਉਨ੍ਹਾਂ ਦਾ ਸੰਵਿਧਾਨਕ ਕੰਮ ਕਰਨ ਦਾ ਹੱਕ ਖੋਹ ਲਿਆ ਹੈ।
ਉਨ੍ਹਾਂ ਨੇ ਕੇਂਦਰ ਅਤੇ ਸੂਬਿਆਂ ਵਿਚਕਾਰ 60:40 ਦੇ ਅਨੁਪਾਤ ਦੀ ਵਿਵਸਥਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਈ ਸੂਬੇ ਫੰਡਾਂ ਦੀ ਘਾਟ ਕਾਰਨ ਕੇਂਦਰੀ ਯੋਜਨਾਵਾਂ ਲਾਗੂ ਨਹੀਂ ਕਰ ਸਕਦੇ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਪੰਜਾਬ ਵਰਗੇ ਸੂਬੇ ਦਸ ਫੀਸਦੀ ਵੀ ਨਹੀਂ ਦੇ ਸਕੇ, ਤਾਂ 40 ਫੀਸਦੀ ਕਿਵੇਂ ਦੇਣਗੇ।
ਇਸੇ ਤਰ੍ਹਾਂ, ਬਘੇਲ ਨੇ ਦੋਸ਼ ਲਗਾਇਆ ਕਿ ਮਜ਼ਦੂਰਾਂ ਤੋਂ 40 ਫੀਸਦੀ ਗ੍ਰਾਂਟ ਖੋਹ ਕੇ ਪ੍ਰਧਾਨ ਮੰਤਰੀ ਮੋਦੀ ਇਹ ਰਕਮ ਆਪਣੇ ਚੁਣਿੰਦੇ ਉਦਯੋਗਪਤੀ ਦੋਸਤਾਂ ਨੂੰ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਤਿੰਨ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨਾਲ ਵੀ ਇਹੀ ਕੀਤਾ ਗਿਆ ਸੀ ਅਤੇ ਹੁਣ ਮਜ਼ਦੂਰਾਂ ਨਾਲ ਵੀ ਓਹੀ ਕੀਤਾ ਜਾ ਰਿਹਾ ਹੈ।
ਜਦਕਿ ਭਾਜਪਾ ਵੱਲੋਂ ਮਨਰੇਗਾ ਵਿੱਚ ਘਪਲੇ ਦੇ ਦੋਸ਼ਾਂ ਦੇ ਜਵਾਬ ਵਿੱਚ ਉਨ੍ਹਾਂ ਸਵਾਲ ਕੀਤਾ ਕਿ ਪਿਛਲੇ ਗਿਆਰਾਂ ਸਾਲਾਂ ਦੌਰਾਨ ਭਾਜਪਾ ਨੂੰ ਕਾਰਵਾਈ ਕਰਨ ਤੋਂ ਕਿਸ ਨੇ ਰੋਕਿਆ ਹੈ?
ਕਾਂਗਰਸ ਦੇ ਜਨਰਲ ਸਕੱਤਰ ਨੇ ਪੰਜਾਬ ਦੇ ਹਾਲਾਤਾਂ ਬਾਰੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਨਵੇਂ ਸਾਲ ਦੇ ਪਹਿਲੇ ਦਸ 10 ਵਿੱਚ ਹੀ ਪੰਜਾਬ ਵਿੱਚ 9 ਕਤਲ ਹੋ ਚੁੱਕੇ ਹਨ।
ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਸੂਬਾ ਦੀਵਾਲੀਆ ਹੋਣ ਕੰਢੇ ਖੜਾ ਹੈ ਅਤੇ ਕਰਜ਼ਾ ਚਾਰ ਲੱਖ ਕਰੋੜ ਰੁਪਏ ਤੋਂ ਪਾਰ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਆਪ ਸਰਕਾਰ ਨੇ ਨਾ ਇੱਕ ਨਵਾਂ ਸਕੂਲ, ਨਾ ਕਾਲਜ ਅਤੇ ਨਾ ਹੀ ਇੱਕ ਵੀ ਹਸਪਤਾਲ ਬਣਾਇਆ ਹੈ।
ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇੰਨਾ ਵੱਡਾ ਕਰਜ਼ਾ ਚੜ੍ਹ ਰਿਹਾ ਹੈ ਅਤੇ ਕਿਤੇ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ, ਤਾਂ ਫਿਰ ਪੈਸਾ ਜਾ ਕਿੱਥੇ ਰਿਹਾ ਹੈ? ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਪੈਸਾ ਦਿੱਲੀ ਦੇ ਆਗੂਆਂ ਨੂੰ ਅਮੀਰ ਕਰਨ ਲਈ ਜਾ ਰਿਹਾ ਹੈ?
ਉਲਟ ਇਸਦੇ ਸੂਬਾ ਸਰਕਾਰ ਨੇ ਮੌਜੂਦਾ ਸਿਹਤ ਢਾਂਚੇ ਦੀ ਸਿਰਫ਼ ਮੁਰੰਮਤ ਕਰਕੇ ਉਸਦਾ ਨਾਂ ‘ਆਮ ਆਦਮੀ ਕਲੀਨਿਕ’ ਰੱਖ ਦਿੱਤਾ ਹੈ, ਜਿਹੜੇ ਵੀ ਖਤਮ ਹੋ ਚੁੱਕੇ ਹਨ।