ਪੀਪਲਜ਼ ਲਿਟਰੇਰੀ ਫੈਸਟੀਵਲ ਸ਼ੋਸ਼ਲ ਮੀਡੀਆ ਤੇ ਔਰਤਾਂ, ਦਲਿਤਾਂ ਅਤੇ ਧਰਮ ਨਿਰਪਖ ਧਿਰਾਂ ਦੀ ਟਰੋਲਿੰਗ ਪ੍ਰਤੀ ਫਿਕਰ ਜਾਹਰ
ਅਸ਼ੋਕ ਵਰਮਾ
ਬਠਿੰਡਾ, 26 ਦਸੰਬਰ 2025 : ਅੱਠਵੇਂ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਅੱਜ ਦੂਜੇ ਦਿਨ ਸ਼ੋਸ਼ਲ ਮੀਡੀਆ ਦੇ ਰੋਲ ਬਾਰੇ ਹੋਈ ਵਿਚਾਰ ਚਰਚਾ ਵਿਚ ਇਹ ਤੱਥ ਉਭਰ ਕੇ ਸਾਹਮਣੇ ਆਏ ਕਿ ਸ਼ੋਸ਼ਲ ਮੀਡੀਆ ਵਿਚਾਰਕ ਆਜ਼ਾਦੀ ਦਾ ਧਰੁਵੀਕਰਨ ਕਰਦਾ ਹੋਇਆ ਦੋ ਵਿਰੋਧੀ ਧੜੇ ਪੈਦਾ ਕਰਦਾ ਹੈ, ਜਿਸ ਵਿਚੋਂ ਅਹਿਸਨਸ਼ੀਲਤਾ ਅਤੇ ਕੱਟੜਤਾ ਵਧਦੀ ਫੁਲਦੀ ਹੈ। ਸ਼ੋਸ਼ਲ ਮੀਡੀਆ : ਬਿਰਤਾਂਤ, ਟਰੋਲਿੰਗ ਅਤੇ ਸਮਾਜ ਵਿਗਿਆਨ ਵਿਸ਼ੇ ਤੇ ਚਰਚਾ ਕਰਦਿਆਂ ਮਨੋਵਿਗਿਆਨੀ ਡਾ. ਅਨਿਰੁਧ ਕਾਲਾ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਵਿਅਕਤੀ ਨੂੰ ਨਿਜੀ ਸਪੇਸ ਦਿੰਦਾ ਹੋਇਆ ਉਸ ਦੀ ਵਿਚਾਰਕ ਸ਼ਕਤੀ ਨੂੰ ਸੀਮਤ ਕਰਦਾ ਹੈ। ਨਾਮਵਰ ਪੱਤਰਕਾਰ ਸ਼ਿਵਇੰਦਰ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਰਾਹੀਂ ਝੂਠੀ ਬਿਰਤਾਂਤ ਉਸਾਰੀ ਕਰਕੇ ਲੋਕ ਚੇਤਨਾ ਨੂੰ ਲੋਕਾਂ ਖਿਲਾਫ਼ ਹੀ ਵਰਤਿਆ ਜਾ ਰਿਹਾ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਵਕੀਲ ਅਮਨਦੀਪ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਘੱਟ ਗਿਣਤੀਆਂ, ਔਰਤਾਂ, ਦਲਿਤ ਅਤੇ ਧਰਮ ਨਿਰਪਖ ਧਿਰਾਂ ਸਭ ਤੋਂ ਵਧ ਟਰੋਲਿੰਗ ਦਾ ਸ਼ਿਕਾਰ ਬਣਦੀਆਂ ਹਨ। ਕਾਨੂੰਨ ਅਤੇ ਪੁਲਸ ਵੀ ਇਹਨਾਂ ਪੀੜੜਾਂ ਦੀ ਕੋਈ ਸੁਰਖਿਆ ਨਹੀਂ ਕਰਦੇ। ਵਿਚਾਰ ਚਰਚਾ ਵਿਚ ਸੈਮ ਗੁਰਵਿੰਦਰ, ਗੁਰਮੇਲ ਸਿੰਘ ਬੇਗਾ ਨੇ ਵੀ ਮੁੱਲਵਾਨ ਨੁਕਤੇ ਉਠਾਏ। ਇਸ ਸੈਸ਼ਨ ਦਾ ਸੰਚਾਲਨ ਡਾ. ਨੀਤੂ ਨੇ ਪੁਖਤਗੀ ਨਾਲ ਕੀਤਾ। ਸ਼ੈਸ਼ਨ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਵਿਦਵਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਿਕ ਸਰੋਕਾਰਾਂ ਪ੍ਰਤੀ ਸੰਵਾਦ ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਮੁਖ ਉਦੇਸ਼ ਹੈ।
ਭਾਰਤੀ ਸਾਹਿਤ ਅਕਦਾਮੀਂ ਦੇ ਸਹਿਯੋਗ ਨਾਲ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਸ਼ੈਸ਼ਨ ਪੰਜਾਬੀ ਨਾਵਲ ਅਤੇ ਖੇਤੀ ਸੰਕਟ: ਬੀਤੇ ਡੇਢ ਦਹਾਕੇ ਦੀ ਬਿਰਤਾਂਤਕ ਪੇਸ਼ਕਾਰੀ ਵਿਸ਼ੇ ਤੇ ਵਿਚਾਰ ਚਰਚਾ ਵਿਚ ਨਾਵਲਕਾਰ ਬਲਬੀਰ ਪਰਵਾਨਾ, ਜੇ. ਬੀ. ਸੇਖੋਂ, ਡਾ. ਸੁਰਜੀਤ ਬਰਾੜ ਅਤੇ ਜਸਪਾਲ ਮਾਨਖੇੜਾ ਨੇ ਹਿਸਾ ਲਿਆ। ਇਸ ਵਿਚਾਰ ਚਰਚਾ ਵਿਚ ਪੰਜਾਬੀ ਨਾਵਲ ਵਿਚ ਖੇਤੀ ਦੇ ਵਿਭੰਨ ਸੰਕਟਾਂ ਪ੍ਰਤੀ ਗਲਬਾਤ ਕਰਦਿਆਂ ਇਹ ਤਥ ਸਾਹਮਣੇ ਆਏ ਕਿ ਪੰਜਾਬੀ ਨਾਵਲ ਵਿਚ ਮਧਵਰਗੀ ਕਿਸਾਨੀ ਦੇ ਨਵੀਨ ਸੰਕਟਾਂ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨ ਔਰਤਾਂ, ਵਾਤਾਵਰਨ ਅਤੇ ਬਦਲਵੇਂ ਖੇਤੀ ਮਾਡਲਾਂ ਦੀ ਗੱਲ ਬਹੁਤ ਸੀਮਤ ਰੂਪ ਵਿਚ ਹੀ ਹੋ ਰਹੀ ਹੈ।
ਉਹਨਾਂ ਕਿਹਾ ਕਿ ਪੂੰਜੀਵਾਦ ਅਤੇ ਵਿਸ਼ਵੀਕਰਨ ਦੇ ਖੇਤੀ ਪ੍ਰਭਾਵਾਂ ਨੂੰ ਸਮਝਣ ਲਈ ਪੰਜਾਬੀ ਨਾਵਲਕਾਰ ਨੂੰ ਹੋਰ ਲੋੜ ਬਣਦੀ ਹੈ। ਇਸ ਵਿਚਾਰ ਚਰਚਾ ਵਿਚ ਸੁਖਦਰਸ਼ਨ ਨੱਤ, ਗੁਰਦੇਵ ਖੋਖਰ, ਅਲਫਾਜ ਨੇ ਵੀ ਸਾਹਿਤ ਵਿਚ ਵਿਭਿੰਨ ਖੇਤੀ ਸੰਕਟਾਂ ਦੀ ਨਿਸ਼ਾਨਦੇਹੀ ਕਰਦਿਆਂ ਆਪਣੇ ਵਿਚਾਰ ਰਖੇ। ਇਸ ਮੌਕੇ ਲੇਖਕ ਅਲਫ਼ਾਜ ਦੁਆਰਾ ਸੰਪਾਦਿਤ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਪੰਜਾਬੀ ਕਹਾਣੀਆਂ ਦੀ ਪੁਸਤਕ ਖਾਮੋਸ਼ ਖੇਤਾਂ ਦੀ ਹੂਕ ਰੀਲੀਜ਼ ਕੀਤੀ ਗਈ। ਪੀਪਲਜ਼ ਲਿਟਰੇਰੀ ਫੈਸਟੀਵਲ ਵਿਚ ਪੰਦਰਾਂ ਤੋਂ ਵਧੇਰੇ ਪੁਸਤਕ ਪ੍ਰਕਾਸ਼ਕਾਂ ਦੀਆਂ ਪੁਸਤਕਾਂ ਵਿਚ ਡੂੰਘੀ ਦਿਲਚਸਪੀ ਦਿਖਾਈ। ਚਿਤਰ ਪ੍ਰਦਰਸ਼ਨੀ ਵਿਚ ਲੇਖਕਾਂ ਦੀਆਂ ਤਸਵੀਰਾਂ ਵੀ ਦਰਸ਼ਕਾਂ ਦਾ ਮਨ ਮੋਹ ਰਹੀਆਂ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਿੰਦਰ ਬਰਾੜ, ਗੁਰਪ੍ਰੀਤ ਸਿੱਧੂ, ਅਮਰਜੀਤ ਢਿਲੋਂ ਹਾਜ਼ਰ ਸਨ।